ਜੰਗਲੀ ਬਾਂਦਰ ਨੇ ਪਾਈ ਦਹਿਸ਼ਤ, 2 ਦਰਜਨ ਦੇ ਕਰੀਬ ਲੋਕਾਂ ਨੂੰ ਕੀਤਾ ਜ਼ਖਮੀ
Wednesday, Jun 25, 2025 - 04:43 PM (IST)

ਝਬਾਲ (ਨਰਿੰਦਰ) : ਸਥਾਨਕ ਅੱਡਾ ਝਬਾਲ ਵਿਖੇ ਪਿਛਲੇ ਕਈ ਦਿਨਾਂ ਤੋਂ ਇਕ ਜੰਗਲੀ ਬਾਂਦਰ ਨੇ ਦਹਿਸ਼ਤ ਪਾਈ ਹੋਈ ਹੈ, ਜੋ ਕਿ ਨੇੜੇ ਦੀ ਸਰਕਾਰੀ ਰੱਖ (ਜੰਗਲ) ਵਿੱਚੋਂ ਨਿਕਲ ਕੇ ਆ ਗਿਆ ਹੈ। ਲੋਕ ਡਰਦੇ ਮਾਰੇ ਜਿੱਥੇ ਬੱਚਿਆਂ ਨੂੰ ਬਾਹਰ ਨਹੀਂ ਨਿਕਲਣ ਦੇ ਰਹੇ, ਉੱਥੇ ਆਪ ਖ਼ਾਸ ਕਰਕੇ ਔਰਤਾਂ ਵੀ ਘਰਾਂ 'ਚ ਰਹਿਣ ਲਈ ਮਜਬੂਰ ਹਨ। ਇਸ ਜੰਗਲੀ ਬਾਂਦਰ ਨੇ ਗਲੀਆਂ ਅਤੇ ਅੱਡੇ ਦੀਆਂ ਸੜਕਾਂ 'ਤੇ ਜਾ ਰਹੀਆਂ ਕਰੀਬ ਦੋ ਦਰਜਨ ਔਰਤਾਂ ਅਤੇ ਬੱਚਿਆਂ ਨੂੰ ਹੁਣ ਤੱਕ ਬੁਰੀ ਤਰ੍ਹਾਂ ਵੱਢ ਕੇ ਜ਼ਖ਼ਮੀ ਕੀਤਾ ਹੈ, ਜਿਨ੍ਹਾਂ ਨੇ ਹਸਪਤਾਲ ਤੋਂ ਕੱਟੇ ਜ਼ਖ਼ਮ 'ਤੇ ਟਾਂਕੇ ਲਗਾਉਣ ਤੋਂ ਇਲਾਵਾ ਹਲਕਾਅ ਦੇ ਟੀਕੇ ਵੀ ਲਗਵਾਏ ਹਨ।
ਇਹ ਜੰਗਲੀ ਬਾਂਦਰ ਲੋਕਾਂ ਦੇ ਘਰਾਂ 'ਚ ਦਾਖ਼ਲ ਹੋ ਕੇ ਜਿੱਥੇ ਲੋਕਾਂ ਨੂੰ ਜ਼ਖ਼ਮੀ ਕਰ ਰਿਹਾ ਹੈ, ਉੱਥੇ ਲੋਕਾਂ ਦਾ ਬਹੁਤ ਜ਼ਿਆਦਾ ਘਰੂਲ ਨੁਕਸਾਨ ਵੀ ਕਰ ਰਿਹਾ ਹੈ। ਇਸ ਕਰਕੇ ਇਲਾਕੇ ਦੇ ਲੋਕ ਬਹੁਤ ਜ਼ਿਆਦਾ ਦੁਖੀ ਹਨ। ਇਸ ਸਮੇਂ ਅੱਡਾ ਝਬਾਲ ਦੇ ਅਜ਼ਾਦ ਗਰੁੱਪ ਦੇ ਆਗੂ ਪੂਰਨ ਸਿੰਘ ਝਬਾਲ, ਸਾਬਕਾ ਚੇਅਰਮੈਨ ਰਮਨ ਕੁਮਾਰ, ਲਾਲੀ ਪਲਾਈਵੂਡ ਵਾਲੇ, ਕਾਮਰੇਡ ਦਵਿੰਦਰ ਸੋਹਲ ਅਤੇ ਕਾਮਰੇਡ ਅਸ਼ੋਕ ਕੁਮਾਰ ਸੋਹਲ ਨੇ ਜੰਗਲਾਤ ਵਿਭਾਗ ਕੋਲੋਂ ਮੰਗ ਕੀਤੀ ਹੈ ਕਿ ਇਸ ਅਵਾਰਾ ਫਿਰ ਰਹੇ ਜੰਗਲੀ ਬਾਂਦਰ ਨੂੰ ਫੜ੍ਹ ਕੇ ਜੰਗਲ 'ਚ ਛੱਡਿਆ ਜਾਵੇ ਤਾਂ ਕਿ ਲੋਕ ਬੇਖ਼ੌਫ਼ ਫਿਰ ਸਕਣ।