ਦੱਖਣੀ ਕਸ਼ਮੀਰ ''ਚ ਵੱਡੇ ਅੱਤਵਾਦੀ ਹਮਲੇ ਦਾ ਖਦਸ਼ਾ

Saturday, Jan 13, 2018 - 01:55 AM (IST)

ਜਲੰਧਰ  (ਵਿਸ਼ੇਸ਼) - ਖੁਫੀਆਂ ਏਜੰਸੀ ਨੇ ਦੱਖਣੀ ਕਸ਼ਮੀਰ 'ਚ ਵੱਡੇ ਅੱਤਵਾਦੀ ਹਮਲੇ ਦੀ ਸੰਭਾਵਨਾ ਜਤਾਈ ਹੈ। ਹਮਲੇ ਦੇ ਖਦਸ਼ੇ ਦੇ ਮੱਦੇਨਜ਼ਰ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਐੱਨ. ਐੱਸ. ਜੀ. ਦੇ ਬਲੈਕ ਕੈਟ ਕਮਾਂਡੋਜ਼ ਨੂੰ ਦਿੱਤੀ ਗਈ ਹੈ। ਸੂਤਰਾਂ ਦੇ ਮੁਤਾਬਿਕ ਆਂਧਰਾ ਪ੍ਰਦੇਸ਼ ਸਥਿਤ ਤਿਰੂਪਤੀ ਬਾਲਾ ਜੀ ਮੰਦਰ ਤੋਂ ਬਾਅਦ ਜੰਮੂ ਦੇ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਸਭ ਤੋਂ ਵੱਡਾ ਆਸਥਾ ਦਾ ਕੇਂਦਰ ਹੈ ਤੇ ਦੋਵੇਂ ਧਾਰਮਿਕ ਸਥਾਨ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹਨ। ਇਹੀਂ ਕਾਰਨ ਹੈ ਕਿ ਐੱਨ. ਐੱਸ. ਜੀ. ਦੇ 100 ਕਮਾਂਡੋਜ਼ ਨੂੰ ਕਟੜਾ 'ਚ ਤਾਇਨਾਤ ਕੀਤਾ ਗਿਆ।
ਐੱਨ. ਐੱਸ. ਜੀ. ਕਮਾਂਡੋਜ਼ ਨੇ ਬੀਤੇ ਦਿਨੀਂ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਦੇ ਪ੍ਰਵੇਸ਼ ਅਤੇ ਨਿਕਾਸੀ ਦਵਾਰਾਂ ਦੀ ਸੁਰੱਖਿਆ ਦਾ ਜਾਇਜ਼ਾ ਲਿਆ। ਹਾਲਾਂਕਿ ਐੱਨ. ਐੱਸ. ਜੀ. ਦੇ ਮੁਤਾਬਿਕ ਮੰਦਰ 'ਤੇ ਹਮਲੇ ਨੂੰ ਲੈ ਕੇ ਕੋਈ ਵਿਸ਼ੇਸ਼ ਇਨਪੁੱਟ ਨਹੀਂ ਮਿਲੀ ਪਰ ਇਹ ਡਰਿਲ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ ਦੇ ਤਹਿਤ ਹੈ। ਵਰਣਨਯੋਗ ਹੈ ਕਿ ਮਾਤਾ ਵੈਸ਼ਨੋ ਦੇਵੀ ਮੰਦਰ 'ਚ ਹਰ ਸਾਲ ਲੱਖਾਂ ਸ਼ਰਧਾਲੂ ਆਉਂਦੇ ਹਨ। ਖਾਸ ਤੌਰ 'ਤੇ ਨਰਾਤਿਆਂ ਦੇ ਦਿਨਾਂ 'ਚ ਮਾਤਾ ਦਾ ਦਰਬਾਰ ਰਾਤ-ਦਿਨ ਭਗਤਾਂ ਲਈ ਖੁੱਲ੍ਹਾ ਰਹਿੰਦਾ ਹੈ। ਮਾਤਾ ਵੈਸ਼ਨੋ ਦੇਵੀ ਦਾ ਦਰਬਾਰ ਕਟੜਾ ਤੋਂ 13 ਕਿਲੋਮੀਟਰ, ਜਦਕਿ ਜੰਮੂ ਤੋਂ 46 ਕਿਲੋਮੀਟਰ ਦੀ ਦੂਰੀ 'ਤੇ ਹੈ।
ਗ੍ਰਹਿ ਮੰਤਰਾਲੇ ਵੱਲੋਂ ਹੁਕਮ 'ਤੇ ਤਾਇਨਾਤੀ
ਬੀਤੇ ਸਾਲ ਦੱਖਣੀ ਕਸ਼ਮੀਰ 'ਚ ਸੀ. ਆਰ. ਪੀ. ਐੱਫ. ਕੈਂਪਾਂ 'ਚ ਹੋਏ ਅੱਤਵਾਦ ਹਮਲਿਆਂ ਅਤੇ ਅਮਰਨਾਥ ਯਾਤਰੀਆਂ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਖੁਫੀਆ ਏਜੰਸੀ ਵੱਲੋਂ ਦਿੱਤੀਆਂ ਗਈਆਂ ਸੂਚਨਾਵਾਂ ਦੇ ਆਧਾਰ 'ਤੇ ਗ੍ਰਹਿ ਮੰਤਰਾਲੇ ਨੇ ਦੱਖਣੀ ਕਸ਼ਮੀਰ 'ਚ ਐੱਨ. ਐੱਸ. ਜੀ. ਕਮਾਂਡੋ ਦੀ ਤਾਇਨਾਤੀ ਕੀਤੀ ਹੈ। ਐੱਨ. ਐੱਸ. ਜੀ. ਦਾ ਫੋਕਸ ਸ਼ਹਿਰੀ ਕੋਰ ਆਪ੍ਰੇਸ਼ਨ, ਸ਼ਹਿਰੀ ਜੰਗ ਅਤੇ ਰੂਮ ਇੰਟਰਵੈਂਸ਼ਨ ਹੈ। ਇਸ ਤਾਇਨਾਤੀ ਦਾ ਮਕਸਦ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਵੱਲੋਂ ਹਮਲੇ ਦੇ ਅਪਣਾਏ ਜਾ ਰਹੇ ਤਰੀਕਿਆਂ ਅਤੇ ਬਾਰੀਕੀਆਂ ਦੇ ਸਬੰਧ 'ਚ ਸੀ. ਆਰ. ਪੀ. ਐੱਫ. ਅਤੇ ਜੰਮੂ-ਕਸ਼ਮੀਰ ਪੁਲਸ ਦੇ ਜਵਾਨਾਂ ਨੂੰ ਟ੍ਰੇਨਿੰਗ ਦੇਣਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਐੱਨ. ਐੱਸ. ਜੀ. ਕਮਾਂਡੋ ਸੀ. ਆਰ. ਪੀ. ਐੱਫ. ਅਤੇ ਜੰਮੂ-ਕਸ਼ਮੀਰ ਪੁਲਸ ਕੈਂਪ 'ਚ ਕਰੀਬ 6 ਮਹੀਨਿਆਂ ਤੋਂ ਟ੍ਰੇਨਿੰਗ ਦੇ ਰਹੇ ਹਨ। ਐੱਨ. ਐੱਸ. ਜੀ. ਡਾਇਰੈਕਟਰ ਜਨਰਲ ਸੁਧੀਰ ਪ੍ਰਤਾਪ ਸਿੰਘ ਦੇ ਮੁਤਾਬਿਕ ਕਮਾਂਡੋ ਕਸ਼ਮੀਰ ਘਾਟੀ 'ਚ ਹਨ, ਜਿਥੇ ਉਹ ਸੀ. ਆਰ. ਪੀ. ਐੱਫ. ਅਤੇ ਜੰਮੂ-ਕਸ਼ਮੀਰ ਪੁਲਸ ਨੂੰ ਟ੍ਰੇਨਿੰਗ ਦੇ ਰਹੇ ਹਨ। ਟ੍ਰੇਨਿੰਗ ਦੇ ਨਾਲ-ਨਾਲ ਐੱਨ. ਐੱਸ. ਜੀ. ਕਮਾਂਡੋ ਜਵਾਨਾਂ ਤੋਂ ਕਸ਼ਮੀਰ ਦੇ ਚੱਪੇ-ਚੱਪੇ ਦੀ ਜਾਣਕਾਰੀ ਹਾਸਲ ਕਰ ਕੇ ਸੁਰੱਖਿਆ ਦੀ ਸਟ੍ਰੈਟਜੀ ਤਿਆਰ ਕਰ ਰਹੇ ਹਨ।
ਗੌਰਤਲਬ ਹੈ ਕਿ ਪਿਛਲੇ ਕੁਝ ਸਮੇਂ ਤੋਂ ਅਜਿਹਾ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਸੀ. ਆਰ. ਪੀ. ਐੱਫ. ਕੈਂਪਾਂ 'ਚ ਟ੍ਰੇਨਿੰਗ ਲੈਣ ਤੋਂ ਬਾਅਦ ਜਵਾਨਾਂ ਨੇ ਫੋਰਸ ਜੁਆਇਨ ਨਹੀਂ ਕੀਤੀ। ਕੁਝ ਅਜਿਹੇ ਵੀ ਮਾਮਲੇ ਸਾਹਮਣੇ ਆਏ ਹਨ ਜਿਥੇ ਸੁਰੱਖਿਆ ਮੁਲਾਜ਼ਮ ਹਥਿਆਰ ਸਮੇਤ ਗਾਇਬ ਹੋ ਗਏ। ਅਜਿਹੇ ਲੋਕਾਂ ਤੋਂ ਜ਼ਿਆਦਾ ਖਤਰਾ ਹੋ ਸਕਦਾ ਹੈ ਕਿਉਂਕਿ ਇਹ ਫੋਰਸ ਦੇ ਕੰਮ ਕਰਨ ਦੇ ਤਰੀਕੇ ਜਾਣਦੇ ਹਨ। ਅਜਿਹੇ 'ਚ ਜ਼ਾਹਿਰ ਹੈ ਕਿ ਜੇਕਰ ਇਹ ਜਵਾਨ ਅੱਤਵਾਦੀ ਕੈਂਪ 'ਚ ਸ਼ਾਮਿਲ ਹੋ ਜਾਂਦੇ ਹਨ ਤਾਂ ਸੁਰੱਖਿਆ ਮੁਲਾਜ਼ਮਾਂ ਲਈ ਵੱਡਾ ਸਿਰ ਦਰਦ ਬਣ ਸਕਦੇ ਹਨ।
ਸੀ. ਆਰ. ਪੀ. ਐੱਫ. ਕੈਂਪਾਂ 'ਤੇ ਅੱਤਵਾਦੀ ਫਿਦਾਈਨ ਹਮਲੇ
ਬੀਤੇ ਮਹੀਨਿਆਂ 'ਚ ਜੰਮੂ-ਕਸ਼ਮੀਰ 'ਚ ਸੀ. ਆਰ. ਪੀ. ਐੱਫ. ਕੈਂਪਾਂ 'ਤੇ ਕਈ ਅੱਤਵਾਦੀ ਹਮਲੇ ਹੋ ਚੁੱਕੇ ਹਨ।  10 ਦਿਨ ਪਹਿਲਾਂ ਹੀ ਪੁਲਵਾਮਾ ਜ਼ਿਲੇ 'ਚ ਹਥਿਆਰਬੰਦ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਦੇ ਟ੍ਰੇਨਿੰਗ ਕੈਂਪ 'ਤੇ ਹਮਲਾ ਕਰ ਦਿੱਤਾ ਸੀ, ਜਿਸ 'ਚ 5 ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ। ਹਾਲਾਂਕਿ ਸੁਰੱਖਿਆ ਬਲਾਂ ਨੇ ਮੌਕੇ 'ਤੇ ਹੀ 2 ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਹ ਫਿਦਾਈਨ ਹਮਲਾ ਪੁਲਵਾਮਾ ਜ਼ਿਲੇ ਦੇ ਲੇਥਪੋਰਾ  'ਚ ਸੈਂਟਰਲ ਰਿਜ਼ਰਵ ਪੁਲਸ ਬਲ ਦੇ ਕੈਂਪ 'ਤੇ ਅੱਧੀ ਰਾਤ 2.15 ਵਜੇ ਸੀ. ਆਰ. ਪੀ. ਐੱਫ. ਦੀ 185ਵੀਂ ਬਟਾਲੀਅਨ ਦੇ ਕੈਂਪ 'ਚ ਹੋਇਆ ਸੀ। ਸੀ. ਆਰ. ਪੀ. ਐੱਫ. ਦੇ ਮੁਤਾਬਿਕ ਅੱਤਵਾਦੀਆਂ ਨੇ ਪਹਿਲਾਂ ਹੱਥ ਗੋਲਾ ਸੁੱਟਿਆ ਅਤੇ ਉਸ ਤੋਂ ਬਾਅਦ ਫਾਈਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਬਾਂਦੀਪੋਰਾ 'ਚ ਵੀ ਅੱਤਵਾਦੀਆਂ ਨੇ ਸੀ. ਆਰ. ਪੀ. ਐੱਫ. ਕੈਂਪ 'ਤੇ ਅੱਤਵਾਦੀ ਹਮਲਾ ਕਰ ਦਿੱਤਾ, ਜਿਸ 'ਚ ਸੁਰੱਖਿਆ ਬਲਾਂ ਨੇ 4 ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ।
ਅਮਰਨਾਥ ਯਾਤਰੀਆਂ 'ਤੇ ਹੋ ਚੁੱਕਾ ਹੈ ਅੱਤਵਾਦੀ ਹਮਲਾ
ਬੀਤੇ ਸਾਲ ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅਮਰਨਾਥ ਯਾਤਰਾ ਤੋਂ ਪਰਤ ਰਹੇ ਯਾਤਰੀਆਂ ਦੀ ਬੱਸ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਇਸ ਹਮਲੇ 'ਚ 7 ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ 14 ਯਾਤਰੀ ਜ਼ਖ਼ਮੀ ਹੋ ਗਏ ਸਨ। ਹਮਲਾ ਸੀ. ਆਰ. ਪੀ. ਐੱਫ. ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਇਸੇ ਦੌਰਾਨ ਬੱਸ ਵੀ ਲਪੇਟ 'ਚ ਆ ਗਈ। ਹਮਲਾ 2 ਵੱਖ-ਵੱਖ ਥਾਵਾਂ 'ਤੇ ਹੋਇਆ ਸੀ। ਹਮਲੇ ਦੇ ਸਮੇਂ ਬੱਸ 'ਚ ਕਰੀਬ 16 ਤੋਂ ਵੱਧ ਯਾਤਰੀ ਸਵਾਰ ਸਨ।
ਐੱਨ. ਐੱਸ. ਜੀ. ਦਾ ਕਾਊਂਟਰ ਟੈਰਰ ਆਪ੍ਰੇਸ਼ਨ 'ਚ ਵਿਰੋਧ
ਸੂਤਰਾਂ ਮੁਤਾਬਿਕ ਅੱਤਵਾਦ ਨਾਲ ਗ੍ਰਸਤ ਦੱਖਣੀ ਕਸ਼ਮੀਰ 'ਚ ਐਂਟੀ-ਹਾਈਜੈਕ (ਅਗਵਾ ਵਿਰੋਧੀ) ਅਤੇ ਐਂਟੀ-ਟੈਰਰ ਆਪ੍ਰੇਸ਼ਨ ਲਈ ਸਪੈਸ਼ਲ ਐਕਸ਼ਨ ਗਰੁੱਪ ਦਾ ਗਠਨ ਕੀਤਾ ਗਿਆ ਹੈ। ਉਧਰ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਐੱਨ. ਐੱਸ. ਜੀ. ਦੀ ਤਾਇਨਾਤੀ ਦਾ ਸੈਨਾ ਕਾਊਂਟਰ ਟੈਰਰ ਆਪ੍ਰੇਸ਼ਨ 'ਚ ਵਿਰੋਧ ਕਰ ਰਹੀ ਹੈ ਤੇ ਐੱਨ. ਐੱਸ. ਜੀ. ਨੂੰ ਸੀ. ਆਰ. ਪੀ. ਐੱਫ. ਜਵਾਨਾਂ ਨੂੰ ਟ੍ਰੇਨਿੰਗ ਦੇਣ ਲਈ ਤਾਇਨਾਤ ਕੀਤਾ ਗਿਆ ਹੈ। ਟ੍ਰੇਨਿੰਗ ਲਈ ਐੱਨ. ਐੱਸ. ਜੀ. ਦੇ 40 ਜਵਾਨਾਂ ਦੀ ਸਪੈਸ਼ਲ ਡਿਊਟੀ ਲਾਈ ਗਈ ਹੈ। ਹਾਲਾਂਕਿ ਇਹ ਵੀ ਪਤਾ ਲੱਗਾ ਹੈ ਕਿ ਐੱਨ. ਐੱਸ. ਜੀ. ਦੀ ਤਾਇਨਾਤੀ ਫੌਜ ਦੇ ਨਾਲ ਉੱਚ ਪੱਧਰ 'ਤੇ ਵਾਰਤਾ ਤੋਂ ਬਾਅਦ ਹੀ ਕੀਤੀ ਗਈ ਹੈ।


Related News