ਮੁੰਡਾਪਿੰਡ ਦਾਣਾ ਮੰਡੀ ''ਚ ਬਾਰਦਾਨਾ ਨਾ ਮਿਲਣ ਕਾਰਨ ਕਿਸਾਨਾਂ ''ਚ ਰੋਸ

Monday, Oct 23, 2017 - 07:53 AM (IST)

ਮੁੰਡਾਪਿੰਡ ਦਾਣਾ ਮੰਡੀ ''ਚ ਬਾਰਦਾਨਾ ਨਾ ਮਿਲਣ ਕਾਰਨ ਕਿਸਾਨਾਂ ''ਚ ਰੋਸ

ਚੋਹਲਾ ਸਾਹਿਬ, (ਮਨਜੀਤ)- ਸਮੇਂ-ਸਮੇਂ ਦੀਆਂ ਪੰਜਾਬ ਤੇ ਕੇਂਦਰ ਸਰਕਾਰਾਂ ਆਪਣੇ ਆਪ ਨੂੰ ਕਿਸਾਨਾਂ ਦੀਆਂ ਹਮਦਰਦ ਸਰਕਾਰਾਂ ਕਹਿਣ ਦਾ ਅਕਸਰ ਢਿੰਡੋਰਾ ਪਿੱਟਦੀਆਂ ਹਨ ਪਰ ਹਕੀਕਤ ਵਿਚ ਸਾਰਿਆਂ ਨੂੰ ਪਤਾ ਹੈ ਕਿ ਸਾਡੀਆਂ ਇਹ ਸਰਕਾਰਾਂ ਕਿਸਾਨਾਂ ਪ੍ਰਤੀ ਕਿੰਨੀਆਂ ਕੁ ਚਿੰਤਤ ਹਨ। ਇਸ ਦੀ ਤਾਜ਼ਾ ਮਿਸਾਲ ਇੱਥੋਂ ਨੇੜਲੇ ਪਿੰਡ ਮੁੰਡਾਪਿੰਡ ਦੀ ਦਾਣਾ ਮੰਡੀ ਵਿਚ ਵੇਖਣ ਨੂੰ ਮਿਲੀ, ਜਿੱਥੇ ਦਾਣਾ ਮੰਡੀ 'ਚ ਪਿਛਲੇ ਇਕ ਹਫਤੇ ਤੋਂ ਆਪਣੀਆਂ ਦਿਨ-ਰਾਤ ਪੁੱਤਾਂ ਵਾਂਗ ਪਾਲੀਆਂ ਫਸਲਾਂ ਵੇਚਣ ਲਈ ਕਿਸਾਨ ਡੇਰਾ ਲਾਈ ਬੈਠੇ ਹਨ। ਇਸ ਮੌਕੇ ਕਿਸਾਨਾਂ ਨੇ ਬੜੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਨੂੰ ਖਰੀਦਣ ਲਈ ਖਰੀਦ ਏਜੰਸੀ ਦਾ ਕੋਈ ਵੀ ਜ਼ਿੰਮੇਵਾਰੀ ਆਦਮੀ ਨਹੀਂ ਪਹੁੰਚਿਆ। ਜਦੋਂ ਇਸ ਸਬੰਧੀ ਆੜ੍ਹਤੀਆਂ ਨਾਲ ਗੱਲ ਕੀਤੀ ਉਨ੍ਹਾਂ ਦੱਸਿਆ ਕਿ ਕਿਸਾਨ ਵੀਰ ਸੱਚੇ ਹਨ। ਉਹ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਫਸਲਾਂ ਵੇਚਣ ਲਈ ਮੰਡੀਆਂ 'ਚ ਖੁੱਲ੍ਹੇ ਆਸਮਾਨ ਹੇਠ ਬੈਠਣ ਤੇ ਸੌਣ ਲਈ ਮਜਬੂਰ ਹਨ ਕਿਉਂਕਿ ਇਸ ਮੰਡੀ ਵਿਚ ਪਿਛਲੇ ਇਕ ਹਫਤੇ ਤੋਂ ਬਾਰਦਾਨਾ ਨਹੀਂ ਆ ਰਿਹਾ, ਜਿਸ ਕਾਰਨ ਦਾਣਾ ਮੰਡੀਆਂ ਵਿਚ ਝੋਨੇ ਦੇ ਵੱਡੇ-ਵੱਡੇ ਅੰਬਾਰ ਲੱਗੇ ਹਨ। 
ਆੜ੍ਹਤੀਆਂ ਨੇ ਕਿਹਾ ਕਿ ਇਸ ਦਾਣਾ ਮੰਡੀ 'ਚੋਂ ਝੋਨਾ ਚੁੱਕਣ ਲਈ ਘੱਟ ਤੋਂ ਘੱਟ 1 ਲੱਖ ਖਾਲੀ ਬੋਰੀ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਛੇਤੀ ਤੋਂ ਛੇਤੀ ਭੇਜੇ ਤਾਂ ਜੋ ਅਸੀਂ ਕਿਸਾਨਾਂ ਨੂੰ ਤੋਲ ਕੇ ਘਰੋਂ ਘਰੀਂ ਭੇਜ ਸਕੀਏ। ਆੜ੍ਹਤੀਆਂ ਨੇ ਕਿਹਾ ਕਿ ਖਰੀਦ ਏਜੰਸੀਆਂ ਦੀ ਨਾਲਾਇਕੀ ਤੇ ਢਿੱਲਮੱਠ ਕਰ ਕੇ ਬਹੁਤ ਸਾਰੇ ਕਿਸਾਨ ਬਾਰਦਾਨੇ ਦੀ ਘਾਟ ਕਰ ਕੇ ਸਾਡੀਆਂ ਮੰਡੀਆਂ 'ਚੋਂ ਝੋਨਾ ਚੁੱਕੇ ਕੇ ਦੂਰ-ਦੁਰਾਡੇ ਦੀਆਂ ਮੰਡੀਆਂ 'ਚ ਲਿਜਾ ਕੇ ਵੇਚਣ ਲਈ ਮਜਬੂਰ ਹਨ, ਜਿਸ ਨਾਲ ਕਿਸਾਨ ਅਤੇ ਆੜ੍ਹਤੀਏ ਦੀ ਸਾਂਝ 'ਚ ਤ੍ਰੇੜ ਆ ਰਹੀ ਹੈ। 
ਇਸ ਮੌਕੇ ਜਿਣਸ ਵੇਚਣ ਆਏ ਦੁਖੀ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਚਾਰ ਦਿਨ ਦੇ ਅੰਦਰ-ਅੰਦਰ ਇਸ ਮੰਡੀ 'ਚ ਬਾਰਦਾਨਾ ਨਾ ਭੇਜਿਆ ਗਿਆ ਤਾਂ ਮਜਬੂਰਨ ਕਿਸਾਨਾਂ ਨੂੰ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।


Related News