ਹੜ੍ਹ ਦੀ ਮਾਰ ਨੇ ਬੇਹਾਲ ਕੀਤੇ ਕਿਸਾਨ ਨੂੰ ਕਿਸੇ ਪਾਸਿਓਂ ਨਾ ਮਿਲੀ ਢੋਈ, ਅੰਤ ਉਹ ਹੋਇਆ ਜੋ ਸੋਚਿਆ ਨਾ ਸੀ

Tuesday, Aug 08, 2023 - 12:44 PM (IST)

ਹੜ੍ਹ ਦੀ ਮਾਰ ਨੇ ਬੇਹਾਲ ਕੀਤੇ ਕਿਸਾਨ ਨੂੰ ਕਿਸੇ ਪਾਸਿਓਂ ਨਾ ਮਿਲੀ ਢੋਈ, ਅੰਤ ਉਹ ਹੋਇਆ ਜੋ ਸੋਚਿਆ ਨਾ ਸੀ

ਪਾਤੜਾਂ (ਜ. ਬ.) : ਪਿਛਲੇ ਦਿਨੀਂ ਆਏ ਭਿਆਨਕ ਹੜ੍ਹ ਕਾਰਨ ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਸੇਲਵਾਲਾ ਦੇ ਕਿਸਾਨ ਦੀ ਠੇਕੇ ’ਤੇ ਲਈ ਜ਼ਮੀਨ ’ਚ ਲਗਾਈ ਗਈ ਝੋਨੇ ਦੀ ਫਸਲ ਰੁੜ੍ਹ ਜਾਣ ਕਰ ਕੇ ਸਿਰ ਚੜ੍ਹੇ ਲੱਖਾਂ ਰੁਪਏ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਟਰੱਕ ’ਤੇ ਡਰਾਈਵਰ ਹੈ। ਉਸ ਦਾ ਮ੍ਰਿਤਕ ਲੜਕਾ ਪਰਵਿੰਦਰ ਸਿੰਘ ਖੇਤੀ ਦਾ ਕੰਮ ਕਰਦਾ ਸੀ, ਜਿਸ ਨੇ 16 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਉਸ ’ਚ ਝੋਨਾ ਅਤੇ ਹੋਰ ਫਸਲਾਂ ਲਗਾਈਆਂ ਹੋਈਆਂ ਸਨ ਪਰ ਇਸ ਵਾਰ ਆਏ ਹੜ੍ਹ ਕਾਰਨ ਸਾਰੀਆਂ ਫਸਲਾਂ ਪਾਣੀ ਦੀ ਲਪੇਟ ’ਚ ਆ ਗਈਆਂ।

ਆੜ੍ਹਤੀਏ ਅਤੇ ਰਿਸ਼ਤੇਦਾਰਾਂ ਤੋਂ 8 ਲੱਖ ਦੇ ਕਰੀਬ ਰੁਪਏ ਲੈ ਕੇ ਦਿੱਤਾ ਠੇਕਾ ਅਤੇ ਫਸਲਾਂ ’ਤੇ ਖਰਚ ਕੀਤਾ ਜਾ ਚੁੱਕਾ ਸੀ। ਹੜ੍ਹਾਂ ਨਾਲ ਫਸਲਾਂ ਦੇ ਮਾਰੇ ਜਾਣ ਨਾਲ ਦੁਬਾਰਾ ਝੋਨਾ ਲਾਉਣ ਲਈ ਕੋਈ ਪੈਸਾ ਨਹੀਂ ਸੀ। ਉਸ ਨੇ ਕਈਆਂ ਕੋਲ ਜਾ ਕੇ ਪੈਸਾ ਲੈਣ ਲਈ ਤਰਲਾ ਮਾਰਿਆ ਪਰ ਕਿਤੋਂ ਕੋਈ ਆਰਥਿਕ ਸਹਾਰਾ ਨਾ ਮਿਲਣ ਕਾਰਨ ਉਹ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ। 4 ਦਿਨ ਪਹਿਲਾਂ ਉਸ ਨੇ ਘਰ ਦੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ, ਜਿਸ ਮਗਰੋਂ ਉਸ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਭਰਤੀ ਕਰਵਾਇਆ ਪਰ ਹਾਲਤ ਜ਼ਿਆਦਾ ਵਿਗੜ ਜਾਣ ’ਤੇ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ’ਚ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ ਹੈ। ਥਾਣਾ ਮੁਖੀ ਪਾਤੜਾਂ ਹਰਮਨਪ੍ਰੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।


author

Gurminder Singh

Content Editor

Related News