ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਮੁਆਵਜ਼ਾ ਤੇ ਨੌਕਰੀ ਦਿੱਤੀ ਜਾਵੇ : ਪਰਮਬੰਸ ਰੋਮਾਣਾ
Friday, Jun 19, 2020 - 02:58 PM (IST)
ਚੰਡੀਗੜ੍ਹ (ਅਸ਼ਵਨੀ) : ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਰੋਮਾਣਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਲੱਦਾਖ ਵਿਚ ਚੀਨ ਨਾਲ ਹੋਏ ਖੂਨੀ ਟਕਰਾਅ ਦੌਰਾਨ ਪੰਜਾਬ ਦੇ ਸ਼ਹੀਦ ਹਏ 4 ਜਵਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਮੁਆਵਜ਼ਾ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਬੇ ਵਿਚ ਸਿਵਲ ਸਰਵਿਸ ਦੀ ਨੌਕਰੀ ਜਾਂ ਇਰ ਪੰਜਾਬ ਪੁਲਸ ਵਿਚ ਡੀ. ਐੱਸ. ਪੀ. ਦੀ ਨੌਕਰੀ ਦੇਣ ਦੀ ਪੇਸ਼ਕਸ਼ ਕਰਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਮੁੱਖ ਮੰਤਰੀ ਇਸ ਮੌਕੇ 'ਤੇ ਅੱਗੇ ਆਉਣਗੇ ਅਤੇ ਅਜਿਹੀ ਉਦਾਹਰਣ ਪੇਸ਼ ਕਰਨਗੇ, ਜਿਸ 'ਤੇ ਸਾਰਾ ਦੇਸ਼ ਚੱਲੇਗਾ। ਇਹੀ ਇਨ੍ਹਾਂ ਸ਼ਹੀਦਾਂ ਨਾਇਬ ਸੂਬੇਦਾਰ ਮਨਦੀਪ ਸਿੰਘ ਤੇ ਸਤਨਾਮ ਸਿੰਘ ਅਤੇ ਦੋਵੇਂ ਸਿਪਾਹੀ ਗੁਰਬਿੰਦਰ ਸਿੰਘ ਤੇ ਗੁਰਤੇਜ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਹ ਵੀ ਪੜ੍ਹੋ : ਸ਼ਹੀਦਾਂ ਦੇ ਪਰਿਵਾਰਾਂ ਨੂੰ 10 ਲੱਖ ਦੀ ਬਜਾਏ 50 ਲੱਖ ਮੁਆਵਜ਼ਾ ਦੇਵੇਗੀ ਪੰਜਾਬ ਸਰਕਾਰ
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਵਿਚ ਗਲਤੀ ਨਹੀਂ ਕਰਨੀ ਚਾਹੀਦੀ। ਪਹਿਲਾਂ ਹੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਵੱਧ ਉਮਰ ਦੇ ਪੋਤੇ ਨੂੰ ਡੀ. ਐੱਸ. ਪੀ. ਲਾਉਣ ਨਾਲ ਨੌਜਵਾਨਾਂ ਵਿਚ ਗਲਤ ਸੰਦੇਸ਼ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸ਼ਹੀਦਾਂ ਦੇ ਪਰਿਵਾਰਕ ਮੈਂਬਰ, ਜਿਨ੍ਹਾਂ ਦਾ ਇਹ ਸਨਮਾਨ ਲਈ ਸਭ ਤੋਂ ਵੱਡਾ ਹੱਕ ਬਣਦਾ ਹੈ, ਨੂੰ ਡੀ. ਐੱਸ. ਪੀ. ਦੀ ਨੌਕਰੀ ਦੇ ਕੇ ਇਸ ਗਲਤੀ ਦੀ ਦਰੁਸਤੀ ਕੀਤੀ ਜਾ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੇ ਹੱਕ ਵਿਚ ਇਸ ਕਦਮ ਦੀ ਹਮਾਇਤ ਕਰਨ ਲਈ ਵਚਨਬੱਧ ਹੈ।
ਸ਼ਹੀਦਾਂ ਦੇ ਪਰਿਵਾਰਾਂ ਨੂੰ 50 ਲੱਖ ਮੁਆਵਜ਼ਾ ਦੇਵੇਗੀ ਪੰਜਾਬ ਸਰਕਾਰ
ਪੰਜਾਬ ਸਰਕਾਰ ਵੱਲੋਂ ਗਲਵਾਨ ਘਾਟੀ 'ਚ ਭਾਰਤ ਅਤੇ ਚੀਨ ਵਿਚਕਾਰ ਹੋਈ ਹਿੰਸਕ ਝੜਪ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਇਨ੍ਹਾਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ 10 ਲੱਖ ਦੀ ਬਜਾਏ ਹੁਣ 50 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ਼ 'ਤੇ ਕਿਹਾ ਕਿ ਸ਼ਹੀਦ ਹੋਏ ਪੰਜਾਬ ਦੇ 4 ਫੌਜੀ ਜਵਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਰਕਮ 10 ਲੱਖ ਤੋਂ ਵਧਾ ਕੇ 50 ਲੱਖ ਰੁਪਏ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀ ਵੀ ਦਿੱਤੀ ਜਾਵੇਗੀ। ਕੈਪਟਨ ਨੇ ਕਿਹਾ ਕਿ ਅਸੀਂ ਆਪਣੇ ਬਹਾਦਰ ਸ਼ਹੀਦ ਫੌਜੀਆ ਦੇ ਪਰਿਵਾਰਾਂ ਲਈ ਜੋ ਵੀ ਕਰ ਸਕੀਏ, ਉਹ ਘੱਟ ਹੈ ਕਿਉਂਕਿ ਸਾਡੇ ਫੌਜੀਆਂ ਦੀ ਸ਼ਹਾਦਤ ਸਭ ਤੋਂ ਉੱਪਰ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਾਇਬ ਸੂਬੇਦਾਰ ਸਤਨਾਮ ਸਿੰਘ ਅਤੇ ਮਨਦੀਪ ਸਿੰਘ ਦੇ ਪਰਿਵਾਰਾਂ ਨੂੰ 12-10 ਲੱਖ ਰੁਪਏ ਅਤੇ ਸਿਪਾਹੀ ਗੁਰਜੇਤ ਸਿੰਘ ਅਤੇ ਗੁਰਬਿੰਦਰ ਸਿੰਘ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸ਼ਹੀਦ ਗੁਰਬਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸੁਖਬੀਰ ਬਾਦਲ