ਫਰਜ਼ੀ ਟ੍ਰੈਵਲ ਏਜੰਟ ਘਰਾਂ ''ਚੋਂ ਕਬੂਤਰਬਾਜ਼ੀ ਦਾ ਨੈੱਟਵਰਕ ਚਲਾ ਕੇ ਦਿਖਾ ਰਹੇ ਹਨ ਕਾਨੂੰਨ ਨੂੰ ਠੇਂਗਾ

11/25/2017 3:10:06 AM

ਕਪੂਰਥਲਾ, (ਭੂਸ਼ਣ)- ਕਪੂਰਥਲਾ ਜ਼ਿਲਾ ਸਮੇਤ ਸੂਬੇ ਨਾਲ ਸਬੰਧਤ ਕੁੱਝ ਨੌਜਵਾਨਾਂ ਦੇ ਬੀਤੇ ਦਿਨੀਂ ਅਮਰੀਕਾ ਜਾਣ ਦੀ ਕੋਸ਼ਿਸ਼ 'ਚ ਕਿਊਬਾ ਦੇ ਨਜ਼ਦੀਕ ਸਮੁੰਦਰ 'ਚ ਡੁੱਬ ਜਾਣ ਦੀਆਂ ਖਬਰਾਂ ਦੇ ਬਾਅਦ ਸੂਬੇ ਭਰ 'ਚ ਜਿਥੇ ਵੱਖ-ਵੱਖ ਜ਼ਿਲਿਆਂ 'ਚ ਬਿਨਾਂ ਲਾਇਸੈਂਸ ਦੇ ਕੰਮ ਕਰ ਰਹੇ ਟ੍ਰੈਵਲ ਏਜੰਟਾਂ ਦੇ ਦਫਤਰਾਂ ਦੀ ਚੈਕਿੰਗ ਦਾ ਦੌਰ ਤੇਜ਼ੀ ਨਾਲ ਜਾਰੀ ਹੈ। ਉਥੇ ਹੀ ਇਨ੍ਹਾਂ ਸਭ ਦੇ ਬਾਵਜੂਦ ਹਾਲੇ ਵੀ ਵੱਡੀ ਗਿਣਤੀ 'ਚ ਅਜਿਹੇ ਕਈ ਫਰਜ਼ੀ ਟ੍ਰੈਵਲ ਏਜੰਟ ਸੂਬੇ 'ਚ ਕੰਮ ਕਰ ਰਹੇ ਹਨ, ਜੋ ਆਪਣੇ ਘਰਾਂ 'ਚ ਕਬੂਤਰਬਾਜ਼ੀ ਦਾ ਕੰਮ ਕਰਦੇ ਹੋਏ ਭੋਲੇ-ਭਾਲੇ ਲੋਕਾਂ ਨੂੰ ਅਮਰੀਕਾ ਅਤੇ ਯੂਰਪ 'ਚ ਖਤਰਨਾਕ ਰਸਤਿਆਂ ਤੋਂ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਰਕਮ ਵਸੂਲ ਰਹੇ ਹਨ । 
25 ਤੋਂ 30 ਲੱਖ ਰੁਪਏ ਖਰਚ ਕਰਕੇ ਜਾ ਰਹੇ ਹਨ ਖਤਰਨਾਕ ਰਸਤਿਆਂ ਤੋਂ ਅਮਰੀਕਾ
ਅਮਰੀਕਾ ਜਾਣ ਦੀ ਕੋਸ਼ਿਸ਼ 'ਚ ਸੂਬੇ ਦੇ ਕੁੱਝ ਨੌਜਵਾਨਾਂ ਦੇ ਕਿਊਬਾ ਦੇ ਡੂੰਘੇ ਸਮੁੰਦਰ 'ਚ ਡੁੱਬਣ ਦੀਆਂ ਚਰਚਾਵਾਂ ਦੌਰਾਨ ਕਪੂਰਥਲਾ ਪੁਲਸ ਵੱਲੋਂ ਫਰਜ਼ੀ ਟ੍ਰੈਵਲ ਏਜੰਟਾਂ ਖਿਲਾਫ ਦਰਜ ਕੀਤੇ ਮਾਮਲਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਬੀਤੇ ਕੁਝ ਸਾਲਾਂ ਦੌਰਾਨ ਅਮਰੀਕਾ ਤੇ ਸਪੇਨ ਜਾਣ ਦੀ ਕੋਸ਼ਿਸ਼ 'ਚ ਜ਼ਿਲੇ ਸਮੇਤ ਸੂਬੇ ਦੇ ਕਈ ਜ਼ਿਲਿਆਂ ਨਾਲ ਸਬੰਧਤ ਵੱਡੀ ਗਿਣਤੀ 'ਚ ਨੌਜਵਾਨਾਂ ਦੇ ਮਾਰੇ ਜਾਣ ਦੇ ਬਾਵਜੂਦ ਵੀ ਜਿੱਥੇ ਆਮ ਆਦਮੀ ਜਾਗਰੂਕਤਾ ਦੀ ਘਾਟ ਕਾਰਨ ਲਗਾਤਾਰ ਫਰਜ਼ੀ ਟ੍ਰੈਵਲ ਏਜੰਟਾਂ ਦੇ ਜਾਲ 'ਚ ਫਸ ਰਹੇ ਹਨ, ਉਥੇ ਹੀ ਇੰਨੇ ਵੱਡੇ ਤੌਰ 'ਤੇ ਜਾਨੀ-ਮਾਲੀ ਨੁਕਸਾਨ ਦੇ ਬਾਵਜੂਦ ਵੀ ਹਾਲੇ ਵੀ ਲੋਕ ਅਮਰੀਕਾ ਜਾਣ ਲਈ 25 ਤੋਂ 30 ਲੱਖ ਰੁਪਏ ਦੀ ਰਕਮ ਖਰਚ ਕਰਕੇ ਖਤਰਨਾਕ ਰਸਤਿਆਂ ਦਾ ਇਸਤੇਮਾਲ ਕਰਨ ਤੋਂ ਹੀ ਨਹੀਂ ਡਰਦੇ।  
ਭਾਰਤੀ ਨੌਜਵਾਨ ਮੈਕਸੀਕੋ ਤੇ ਗੁਆਟੇਮਾਲਾ ਜਾਣ ਦਾ ਕਰ ਰਹੇ ਹਨ ਇੰਤਜਾਰ
ਅਮਰੀਕਾ ਦੇ ਨਜ਼ਦੀਕ ਕਿਊਬਾ 'ਚ ਕੁੱਝ ਨੌਜਵਾਨਾਂ ਦੇ ਡੂੰਘੇ ਸਮੁੰਦਰ 'ਚ ਡੁੱਬਣ ਦੀਆਂ ਚਰਚਾਵਾਂ ਦੇ ਬਾਅਦ ਸੂਬੇ 'ਚ ਸਿਵਲ ਅਤੇ ਪੁਲਸ-ਪ੍ਰਸ਼ਾਸਨ ਵੱਲੋਂ ਸਾਂਝੇ ਤੌਰ 'ਤੇ ਟ੍ਰੈਵਲ ਏਜੰਟਾਂ ਦੇ ਦਫਤਰਾਂ 'ਚ ਚੈਕਿੰਗ ਕਰਨ ਅਤੇ ਉਨ੍ਹਾਂ ਨੂੰ ਸਰਕਾਰੀ ਤੌਰ 'ਤੇ ਲਾਇਸੈਂਸ ਲੈਣ ਨੂੰ ਲੈ ਕੇ ਜਾਰੀ ਕੀਤੇ ਜਾ ਰਹੇ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਹਾਲੇ ਵੀ ਵੱਡੀ ਗਿਣਤੀ 'ਚ ਅਜਿਹੇ ਕਬੂਤਰਬਾਜ਼ ਸਰਗਰਮ ਹਨ, ਜੋ ਆਪਣੇ ਘਰਾਂ 'ਚ ਕੰਮ ਕਰਦੇ ਹੋਏ ਭੋਲੇ-ਭਾਲੇ ਲੋਕਾਂ ਤੋਂ ਅਮਰੀਕਾ 'ਚ ਮੈਕਸੀਕੋ ਅਤੇ ਗੁਆਟੇਮਾਲਾ ਦੇ ਖਤਰਨਾਕ ਜੰਗਲਾਂ ਦੇ ਰਸਤਿਆਂ ਰਾਹੀਂ ਭੇਜਣ ਦਾ ਝਾਂਸਾ ਦੇ ਕੇ ਮੋਟੀ ਰਕਮ ਵਸੂਲ ਰਹੇ ਹਨ। ਦੱਸਿਆ ਜਾਂਦਾ ਹੈ ਕਿ ਵਰਤਮਾਨ ਦੌਰ 'ਚ ਵੱਡੀ ਗਿਣਤੀ 'ਚ ਨੌਜਵਾਨ ਨਵੀਂ ਦਿੱਲੀ, ਮਲੇਸ਼ੀਆ, ਬੈਕਾਂਕ ਅਤੇ ਅਫਰੀਕੀ ਦੇਸ਼ਾਂ 'ਚ ਬੈਠ ਕੇ ਮੈਕਸੀਕੋ ਅਤੇ ਗੁਆਟੇਮਾਲਾ ਜਾਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਅਮਰੀਕਾ 'ਚ ਟਰੰਪ ਸਰਕਾਰ ਵੱਲੋਂ ਕੀਤੀ ਜਾ ਰਹੀ ਭਾਰੀ ਸਖਤੀ ਨੇ ਉਨ੍ਹਾਂ ਦੇ ਰਸਤਿਆਂ ਨੂੰ ਕਾਫ਼ੀ ਹੱਦ ਤੱਕ ਰੋਕ ਦਿੱਤਾ ਹੈ ।


Related News