ਸਿਟੀ ਰੇਲਵੇ ਸਟੇਸ਼ਨ ''ਤੇ ਦੇਰ ਰਾਤ ਸ਼ੰਟਿੰਗ ਦੌਰਾਨ ਇੰਜਣ ਪਟੜੀ ਤੋਂ ਉਤਰਿਆ
Sunday, Jul 30, 2017 - 07:36 AM (IST)
ਜਲੰਧਰ, (ਗੁਲਸ਼ਨ)— ਸਿਟੀ ਰੇਲਵੇ ਸਟੇਸ਼ਨ 'ਤੇ ਸ਼ੁੱਕਰਵਾਰ ਦੇਰ ਰਾਤ ਪਲੇਟਫਾਰਮ ਨੰਬਰ 5 ਦੇ ਨੇੜੇ ਇਕ ਇੰਜਣ ਸ਼ੰਟਿੰਗ ਦੌਰਾਨ ਪਟੜੀ ਤੋਂ ਉਤਰ ਗਿਆ। ਇੰਜਣ ਪਟੜੀ ਤੋਂ ਉਤਰਨ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀਆਂ ਵਿਚ ਹੜਕੰਪ ਮਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਡੀ. ਐੱਮ. ਈ. ਸੁਭਾਸ਼ ਚੰਦਰ, ਸਟੇਸ਼ਨ ਸੁਪਰਡੈਂਟ ਆਰ. ਕੇ. ਬਹਿਲ, ਸੀ. ਈ. ਓ. ਅਸ਼ੋਕ ਸੈਣੀ, ਲੋਕੋ ਫੋਰਮੈਨ ਕੇਵਲ ਕ੍ਰਿਸ਼ਨ, ਸੀਨੀਅਰ ਸੈਕਸ਼ਨ ਇੰਜੀ. (ਪਾਥਵੇਅ) ਲਲਿਤ ਖੰਨਾ, ਕੈਰਿਜ ਐਂਡ ਵੈਗਨ ਦੇ ਐੱਸ. ਐੱਸ. ਈ. ਪਰਮਿੰਦਰ ਪਿੰਕੀ, ਸਿਗਨਲ ਐਂਡ ਟੈਲੀਕਾਮ ਦੇ ਐੱਸ. ਐੱਸ. ਈ. ਸਮੇਤ ਕਈ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕਰਵਾਇਆ।
ਜਾਣਕਾਰੀ ਮੁਤਾਬਕ ਰੇਲਵੇ ਰੈਸਟ ਹਾਊਸ ਦੇ ਸਾਹਮਣੇ ਆਰ. ਪੀ. ਐੱਫ. ਦੇ ਇਕ ਅਧਿਕਾਰੀ ਦਾ ਵਿਸ਼ੇਸ਼ ਸਲੂਨ ਖੜ੍ਹਾ ਸੀ, ਜਿਸ ਨੂੰ ਹੁਸ਼ਿਆਰਪੁਰ-ਨਵੀਂ ਦਿੱਲੀ ਐਕਸਪ੍ਰੈੱਸ (14012) ਦੇ ਨਾਲ ਲਗਾਇਆ ਜਾਣਾ ਸੀ। ਵਿਸ਼ੇਸ਼ ਸੈਲੂਨ ਨੂੰ ਪਲੇਟਫਾਰਮ ਨੰਬਰ 3 'ਤੇ ਲੈ ਜਾਣ ਲਈ ਇਕ ਇੰਜਣ ਸ਼ੰਟਰ ਨਿਤਿਨ ਭੱਲਾ ਅਤੇ ਪੁਆਇੰਟਮੈਨ ਦੇਵ ਰਾਜ ਲਿਆ ਰਹੇ ਸਨ। ਇਸ ਦੌਰਾਨ ਇਕ ਨੰਬਰ ਪਲੇਟਫਾਰਮ 'ਤੇ ਖੜ੍ਹੀ ਸੱਚਖੰਡ ਐਕਸਪ੍ਰੈੱਸ ਦਾ ਸਿਗਨਲ ਹੋ ਗਿਆ। ਸ਼ੰਟਿੰਗ ਕਰ ਰਹੇ ਕਰਮਚਾਰੀਆਂ ਨੇ ਸੋਚਿਆ ਕਿ ਉਨ੍ਹਾਂ ਦੀ ਲਾਈਨ ਦਾ ਸਿਗਨਲ ਹੋਇਆ ਹੈ ਅਤੇ ਉਨ੍ਹਾਂ ਨੇ ਇੰਜਣ ਚਲਾ ਦਿੱਤਾ ਅਤੇ ਉਹ ਇੰਜਣ ਪਟੜੀ ਤੋਂ ਉਤਰ ਗਿਆ।
120 ਟਨ ਭਾਰੀ ਇੰਜਣ ਨੂੰ ਪਟੜੀ 'ਤੇ ਲਿਆਉਣ ਲਈ ਐਕਸੀਡੈਂਟ ਰਿਲੀਫ ਟਰੇਨ ਮੰਗਵਾਈ ਗਈ ਪਰ ਬੜੀ ਮਿਹਨਤ ਤੋਂ ਬਾਅਦ ਰਾਤ 11.40 ਵਜੇ ਪਟੜੀ ਤੋਂ ਉਤਰੇ ਇੰਜਣ ਨੂੰ ਸਵੇਰੇ 4.30 ਵਜੇ ਪਟੜੀ 'ਤੇ ਲਿਆਂਦਾ ਗਿਆ। ਸਾਰੀ ਰਾਤ ਰੇਲਵੇ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਮੌਜੂਦ ਰਹੇ। 5 ਘੰਟੇ ਬਾਅਦ ਇੰਜਣ ਪਟੜੀ 'ਤੇ ਆਉਣ ਤੋਂ ਬਾਅਦ ਅਧਿਕਾਰੀਆਂ ਦੁਆਰਾ ਜੁਆਇੰਟ ਨੋਟ ਤਿਆਰ ਕੀਤਾ ਗਿਆ।
ਸੂਤਰਾਂ ਮੁਤਾਬਕ ਦੋਵੇਂ ਕਰਮਚਾਰੀ ਇਕ-ਦੂਸਰੇ ਨੂੰ ਦੋਸ਼ੀ ਠਹਿਰਾਉਂਦੇ ਰਹੇ ਪਰ ਅਧਿਕਾਰੀਆਂ ਦੁਆਰਾ ਬਣਾਏ ਗਏ ਜੁਆਇੰਟ ਨੋਟ ਵਿਚ ਸ਼ੰਟਰ ਨਿਤਿਨ ਭੱਲਾ ਅਤੇ ਪੁਆਇੰਟਮੈਨ ਦੇਵਰਾਜ ਨੂੰ ਦੋਸ਼ੀ ਠਹਿਰਾਇਆ ਗਿਆ। ਅਧਿਕਾਰੀਆਂ ਨੇ ਜੁਆਇੰਟ ਨੋਟ ਬਣਾ ਕੇ ਮੰਡਲ ਅਧਿਕਾਰੀਆਂ ਨੂੰ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਿਤਿਨ ਭੱਲਾ ਤੋਂ ਇਕ ਵਾਰ ਪਹਿਲਾਂ ਵੀ ਡੀਰੇਲਮੈਂਟ ਹੋ ਗਈ ਸੀ।
4 ਟਰੇਨਾਂ ਹੋਈਆਂ ਪ੍ਰਭਾਵਿਤ : ਜਾਣਕਾਰੀ ਮੁਤਾਬਕ ਇੰਜਣ ਪਟੜੀ ਤੋਂ ਉਤਰਨ ਕਾਰਨ ਸੱਚਖੰਡ ਐਕਸਪ੍ਰੈੱਸ, ਅਹਿਮਦਾਬਾਦ ਜੰਮੂ ਤਵੀ, ਦੇਹਰਾਦੂਨ ਐਕਸਪ੍ਰੈੱਸ ਅਤੇ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ ਆਦਿ ਟਰੇਨਾਂ ਪ੍ਰਭਾਵਿਤ ਹੋਈਆਂ। ਦੂਸਰੇ ਪਾਸੇ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ ਦੇ ਨਾਲ ਲਗਾਇਆ ਜਾਣ ਵਾਲਾ ਆਰ. ਪੀ. ਐੱਫ. ਦੇ ਅਧਿਕਾਰੀ ਦਾ ਵਿਸ਼ੇਸ਼ ਸਲੂਨ ਟਰੇਨ ਦੇ ਨਾਲ ਨਹੀਂ ਲਗਾਇਆ ਜਾ ਸਕਿਆ ਕਿਉਂਕਿ ਅੱਗੇ ਇੰਜਣ ਪਟੜੀ ਤੋਂ ਉਤਰਨ ਦੇ ਕਾਰਨ ਰੇਲ ਲਾਈਨ ਬਲਾਕ ਹੋ ਗਈ ਸੀ।
