ਫਗਵਾੜਾ ’ਚ ਦੇਰ ਰਾਤ ਫਿਰ ਚੱਲੀਆਂ ਗੋਲੀਆਂ, ਸਰਪੰਚ ਢਾਬੇ ’ਤੇ ਨੌਜਵਾਨਾਂ ਨੇ ਕੀਤੀ ਭੰਨ-ਤੋੜ
Tuesday, Dec 30, 2025 - 01:38 AM (IST)
ਫਗਵਾੜਾ (ਜਲੋਟਾ) - ਪਿੰਡ ਖੁਰਮਪੁਰ ਦੇ ਲਾਗੇ ਮੌਜੂਦ ਸਰਪੰਚ ਢਾਬੇ ’ਤੇ ਨੌਜਵਾਨਾਂ ਵੱਲੋਂ ਢਾਬੇ ਦੇ ਕਰਿੰਦੇ ਨਾਲ ਆਪਸੀ ਕਿਸੇ ਗੱਲ ਨੂੰ ਲੈ ਕੇ ਹੋਈ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਕੁੱਟ-ਮਾਰ ਕਰਦੇ ਹੋਏ ਬਾਅਦ ’ਚ ਕਈ ਰਾਊਂਡ ਫਾਇਰਿੰਗ ਕਰ ਦਿੱਤੀ।
ਢਾਬਾ ਮਾਲਕ ਮਨਜੋਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੋਸ਼ ਲਗਾਇਆ ਹੈ ਕਿ ਕੁਝ ਨੌਜਵਾਨਾਂ ਨੇ ਉਸਦੇ ਢਾਬੇ ’ਤੇ ਗੁੰਡਾਗਰਦੀ ਕਰਨ ਤੋਂ ਬਾਅਦ ਮੌਕੇ ’ਤੇ ਪਏ ਸਾਮਾਨ ਆਦਿ ਦੀ ਭਨਤੋੜ ਕੀਤੀ ਹੈ। ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋਈ ਦੱਸੀ ਜਾ ਰਹੀ ਹੈ। ਜਾਂਦੇ ਹੋਏ ਮੁਲਜ਼ਮਾਂ ਨੇ ਸੜਕ ’ਤੇ ਖੜ੍ਹੇ ਹੋ ਕੇ ਇਕ ਤੋਂ ਬਾਅਦ ਇਕ ਕਰ ਕੇ ਕਈ ਗੋਲੀਆਂ ਵੀ ਚਲਾਈਆਂ ਹਨ।
ਢਾਬੇ ਦੇ ਮਾਲਕ ਮਨਜੋਤ ਸਿੰਘ ਪੁੱਤਰ ਬੰਸੀ ਲਾਲ ਵਾਸੀ ਪਿੰਡ ਖੁਰਮਪੁਰ ਵੱਲੋਂ ਦਰਜ ਕਰਵਾਏ ਬਿਆਨ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ਜਸਕਰਨ ਪਾਰਸ, ਪਰਾਸ਼ਾਂਤ, ਕੁਨਾਲ ਸਮੇਤ ਮੌਕੇ ’ਤੇ ਮੌਜੂਦ ਰਹੇ ਇਨ੍ਹਾਂ ਦੇ ਅਣਪਛਾਤੇ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਜਾਰੀ ਹੈ।
