ਨਾਲੀਆਂ ਦਾ ਪਾਣੀ ਘਰਾਂ ਦੀਆਂ ਟੈਂਕੀਆਂ ''ਚ ਪੁੱਜਾ

08/10/2017 7:31:26 AM

ਨਡਾਲਾ, (ਸ਼ਰਮਾ)- ਕਸਬਾ ਨਡਾਲਾ ਦੇ ਸਫਾਈ ਪ੍ਰਬੰਧਾਂ ਦੀ ਭਾਰੀ ਘਾਟ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਗੰਦੇ ਪਾਣੀ ਨਾਲ ਭਰੀਆਂ ਨਾਲੀਆਂ ਕਾਰਨ ਘਰਾਂ ਦਾ ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋ ਗਿਆ ਹੈ ਜਿਸ ਕਾਰਨ ਕਸਬੇ 'ਚ ਭਿਆਨਕ ਬੀਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਸਬੰਧੀ ਸਥਾਨਕ ਲੋਕਾਂ ਕੇਵਲ ਕੁਮਾਰ, ਨਰਿੰਦਰ ਪਾਲ, ਓਮ ਪ੍ਰਕਾਸ਼, ਸੁਭਾਸ਼ ਕੁਮਾਰ, ਰਮੇਸ਼ ਕੁਮਾਰ, ਬਲਦੇਵ ਸਿੰਘ ਨੇ ਦੱਸਿਆ ਕਿ ਉਹ ਕਰੀਬ 40 ਸਾਲ ਤੋਂ ਨਡਾਲਾ-ਢਿੱਲਵਾਂ ਸੜਕ 'ਤੇ ਸਰਕਾਰੀ ਸਕੂਲ ਕੋਲ ਰਹਿ ਰਹੇ ਹਨ, ਸਮੇਂ ਦੇ ਨਾਲ-ਨਾਲ ਸੜਕਾਂ ਵਾਰ-ਵਾਰ ਉੱਚੀਆਂ ਹੋਣ ਕਾਰਨ ਉਨ੍ਹਾਂ ਦੇ ਘਰ 3-3 ਫੁੱਟ ਨੀਵੇਂ ਹੋ ਚੁੱਕੇ ਹਨ ਤੇ ਨਾਲੀਆਂ 7-7 ਫੁੱਟ ਡੂੰਘੀਆਂ ਹੋ ਚੁੱਕੀਆਂ ਹਨ। ਲੰਮੇ ਸਮੇਂ ਤੋਂ ਸਫਾਈ ਨਾ ਹੋਣ ਕਰ ਕੇ ਇਨ੍ਹਾਂ 'ਚੋਂ ਬੁਦਬੂ ਮਾਰਦਾ ਪਾਣੀ ਘਰਾਂ ਦੇ ਬੋਰਾਂ ਵਿਚ ਦਾਖਲ ਹੋ ਰਿਹਾ ਹੈ ਜਿਸ ਕਾਰਨ ਘਰਾਂ ਦਾ ਪਾਣੀ ਪੂਰੀ ਤਰ੍ਹਾਂ ਦੂਸ਼ਿਤ ਹੋ ਰਿਹਾ ਹੈ। ਬਰਸਾਤ ਕਾਰਨ ਹਾਲਤ ਹੋਰ ਬਦਤਰ ਹੋ ਜਾਂਦੇ ਹਨ, ਘਰਾਂ ਦੀਆਂ ਟੈਂਕੀਆਂ ਦਾ ਪਾਣੀ ਪੀਣਯੋਗ ਨਹੀਂ ਰਿਹਾ ਜਿਸ ਕਾਰਨ ਕਦੇ ਵੀ ਕੋਈ ਭਿਆਨਕ ਬੀਮਾਰੀ ਫੈਲ ਸਕਦੀ ਹੈ। ਉਨ੍ਹਾਂ ਦੇ 5 ਭਰਾਵਾਂ ਦੇ ਪਰਿਵਾਰ ਦੇ 30 ਦੇ ਕਰੀਬ ਜੀਅ ਹਨ ਜੇਕਰ ਨਗਰ ਪੰਚਾਇਤ, ਸਿਹਤ ਵਿਭਾਗ ਤੇ ਹੋਰ ਅਧਿਕਾਰੀਆਂ ਨੇ ਧਿਆਨ ਨਾ ਦਿੱਤਾ ਤਾ ਉਹ ਡੀ. ਸੀ. ਕਪੂਰਥਲਾ ਨਾਲ ਗੱਲ ਕਰਨਗੇ। ਇਸ ਸਬੰਧੀ ਈ. ਓ. ਚੰਦਰ ਮੋਹਨ ਭਾਟੀਆ ਨੇ ਆਖਿਆ ਕਿ ਸੰਬੰਧਿਤ ਘਰਾਂ ਵਾਲੇ ਪਾਸੇ ਦੀਆਂ ਨਾਲੀਆਂ ਦੀਆਂ ਤੁਰੰਤ ਸਫਾਈ ਕਰਵਾਈ ਜਾਵੇਗੀ। ਇਸ ਬਾਰੇ ਸਿਹਤ ਅਧਿਕਾਰੀ ਡਾ. ਜਸਵਿੰਦਰ ਸਿੰਘ ਨੇ ਆਖਿਆ ਕਿ ਕਿਸੇ ਸੰਭਾਵੀ ਬੀਮਾਰੀ ਤੋਂ ਬਚਾਅ ਲਈ ਸੰਬੰਧਿਤ ਲੋਕਾਂ ਨੂੰ ਕੋਲੋਰੀਨ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਰਸਾਤੀ ਮੌਸਮ 'ਚ ਪਾਣੀ ਉਬਾਲ ਕੇ ਪੀਣ ਤੇ ਕਿਸੇ ਵੀ ਮਾੜੀ ਅਲਾਮਤ ਹੋਣ 'ਤੇ ਸਰਕਾਰੀ ਹਸਪਤਾਲ ਤੋਂ ਮੁਆਇਨਾ ਕਰਵਾ ਲੈਣ।


Related News