ਮਜੀਠਾ ਰੋਡ ਦੇ ਬੰਦ ਵਿਕਾਸ ਕੰਮ ਹੋਣਗੇ ਜਲਦ ਸ਼ੁਰੂ

Tuesday, Jun 20, 2017 - 04:00 AM (IST)

ਅੰਮ੍ਰਿਤਸਰ,   (ਦਲਜੀਤ)- ਹਲਕਾ ਉੱਤਰੀ ਦੇ ਵਿਧਾਇਕ ਸੁਨੀਲ ਦੱਤੀ ਦੀ ਪਹਿਲਕਦਮੀ ਨਾਲ ਮਜੀਠਾ ਰੋਡ ਦਾ ਰੁਕਿਆ ਹੋਇਆ ਕੰਮ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਹੈ। ਦੱਤੀ ਵਲੋਂ ਸੜਕ ਨਵੀਨੀਕਰਨ ਲਈ ਸਰਕਾਰ ਤੋਂ ਸਾਢੇ ਤਿੰਨ ਕਰੋੜ ਰੁਪਏ ਦੀ ਰਕਮ ਪਾਸ ਕਰਵਾ ਲਈ ਹੈ। ਦੱਤੀ ਨੇ ਕਿਹਾ ਕਿ ਉਹ ਵਿਧਾਇਕ ਨਹੀਂ ਸਗੋਂ ਜਨਤਾ ਦੇ ਸੇਵਕ ਹਨ ਅਤੇ ਜਨਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਹਨ। ਸੀਨੀਅਰ ਕਾਂਗਰਸੀ ਆਗੂ ਹਰੀਦੇਵ ਸ਼ਰਮਾ ਅਤੇ ਨੌਜਵਾਨ ਆਗੂ ਸਰਬਜੀਤ ਸ਼ਰਮਾ ਨੌਸ਼ਹਿਰਾ ਵੀ ਉਨ੍ਹਾਂ ਨਾਲ ਮੌਜੂਦ ਸਨ। 
ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਵਿਧਾਇਕ ਸੁਨੀਲ ਦੱਤੀ ਨੇ ਕਿਹਾ ਕਿ ਮਜੀਠਾ ਰੋਡ ਦੀ ਸੜਕ 'ਤੇ ਮੁਰੰਮਤ ਦਾ ਕੰਮ ਕਾਫੀ ਸਮਾਂ ਪਹਿਲਾਂ ਹੋ ਜਾਣਾ ਚਾਹੀਦਾ ਸੀ। ਲੋਕਲ ਬਾਡੀ ਮੰਤਰੀ ਰਹਿੰਦਿਆਂ ਅਨਿਲ ਜੋਸ਼ੀ ਵਲੋਂ ਗਠਜੋੜ ਸਰਕਾਰ ਦੇ ਸਮੇਂ ਉਕਤ ਸੜਕ ਦੀ ਮੁਰੰਮਤ ਲਈ ਵਿਸ਼ੇਸ਼ ਗ੍ਰਾਂਟ ਰਿਲੀਜ਼ ਨਹੀਂ ਕਰਵਾਈ ਗਈ, ਜਦਕਿ ਬਿਕਰਮ ਮਜੀਠੀਆ ਵਲੋਂ ਆਪਣੇ ਵਿਧਾਨਸਭਾ ਹਲਕੇ ਦੀ ਸੜਕ ਬਣਾਉਣ ਲਈ ਵਿਸ਼ੇਸ਼ ਗ੍ਰਾਂਟ ਸਰਕਾਰ ਤੋਂ ਰਿਲੀਜ਼ ਕਰਵਾ ਲਈ। ਦੱਤੀ ਨੇ ਕਿਹਾ ਕਿ ਉਹ ਮੇਅਰ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਵਿਕਾਸ ਕੰਮ ਕਰਵਾਏ ਜਾਂਦੇ ਹਨ। ਜਿਸ ਖੇਤਰ 'ਚ ਵਿਕਾਸ ਦੀ ਲੋੜ ਹੋਵੇਗੀ, ਉਸੇ ਖੇਤਰ 'ਚ ਵਿਕਾਸ ਕਰਵਾਇਆ ਜਾਵੇਗਾ, ਨਾ ਕਿ ਪਿਛਲੀ ਸਰਕਾਰ ਦੀ ਤਰ੍ਹਾਂ ਖਾਲੀ ਥਾਵਾਂ 'ਤੇ ਟਾਈਲਾਂ ਲਗਵਾ ਕੇ ਲੋਕਾਂ ਦਾ ਪੈਸਾ ਬਰਬਾਦ ਕੀਤਾ ਜਾਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਲਕੇ ਦੇ ਵਿਕਾਸ ਲਈ ਵਿਸ਼ੇਸ਼ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਰਾਸ਼ੀ ਤਹਿਤ ਪੰਚਾਇਤਾਂ ਅਤੇ ਵਾਰਡਾਂ ਦਾ ਬਿਨਾਂ ਭੇਦਭਾਵ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਲੋਕਾਂ ਦੀ ਸੇਵਾ ਲਈ ਦਿਨ-ਰਾਤ ਹਾਜ਼ਰ ਹਨ। ਚੋਣਾਂ ਦੌਰਾਨ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਸਾਰਿਆਂ ਨੂੰ ਪੂਰਾ ਕੀਤਾ ਜਾਵੇਗਾ। ਕਾਂਗਰਸ ਪਾਰਟੀ ਨੇ ਹਮੇਸ਼ਾ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਕੰਮ ਕੀਤਾ ਜਾਵੇਗਾ। 
ਜ਼ਿਕਰਯੋਗ ਹੈ ਕਿ ਮਜੀਠਾ ਰੋਡ ਸੜਕ ਦੀ ਮੁਰੰਮਤ ਦਾ ਕੰਮ ਪਿਛਲੇ ਕਈ ਮਹੀਨਿਆਂ ਤੋਂ ਰੁਕਿਆ ਹੋਇਆ ਸੀ। ਮਜੀਠਾ ਰੋਡ ਤੋਂ ਜਾਣ ਵਾਲੇ ਰਾਹਗੀਰ ਅਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਲਕਾ ਵਿਧਾਇਕ ਦੇ ਧਿਆਨ 'ਚ ਆਉਂਦਿਆਂ ਹੀ ਮਾਮਲੇ ਨੂੰ ਤੁਰੰਤ ਅਧਿਕਾਰੀਆਂ ਦੇ ਨਾਲ ਬੈਠਕ ਕਰਕੇ ਜਿਥੇ ਸੁਲਝਾਇਆ ਗਿਆ, ਉਥੇ ਰੁਕੇ ਹੋਏ ਕੰਮਾਂ ਨੂੰ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ।


Related News