ਮੁੱਖ ਮੰਤਰੀ ਵੱਲੋਂ ਸਮਾਂ ਨਾ ਦੇਣ ’ਤੇ ਭਡ਼ਕੇ ਨੇਤਰਹੀਣਾਂ ਕੀਤਾ ਰੋਸ ਪ੍ਰਦਰਸ਼ਨ
Monday, Jul 30, 2018 - 04:44 AM (IST)

ਪਟਿਆਲਾ, (ਬਲਜਿੰਦਰ)- ਨੈਸ਼ਨਲ ਫੈੈੱਡਰੇਸ਼ਨ ਆਫ ਦੀ ਬਲਾਈਂਡ ਅਤੇ ਭਾਰਤ ਨੇਤਰਹੀਣ ਸੇਵਕ ਸਮਾਜ ਵੱਲੋਂ ਸਾਂਝੇ ਤੌਰ ’ਤੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਅਤੇ ਮੁੱਖ ਮੰਤਰੀ ਵੱਲੋਂ ਵਾਰ-ਵਾਰ ਭਰੋਸਾ ਦੇਣ ਤੋਂ ਬਾਅਦ ਮੀਟਿੰਗ ਨਾ ਕਰਨ ਤੋਂ ਭਡ਼ਕੇ ਸੈਂਕਡ਼ੇ ਨੇਤਰਹੀਣਾਂ ਨੇ ਪਟਿਆਲਾ ਵਿਚ ਰੋਸ ਪ੍ਰਦਰਸ਼ਨ ਕੀਤਾ। ਨੇਤਰਹੀਣਾਂ ਵੱਲੋਂ ਮੁੱਖ ਮੰਤਰੀ ਨਿਵਾਸ ਤੱਕ ਰੋਸ ਮਾਰਚ ਕੀਤਾ ਜਾਣਾ ਸੀ ਪਰ ਜਿਉਂ ਹੀ ਇਸ ਦੀ ਭਿਣਕ ਪੁਲਸ ਨੂੰ ਪਈ ਤਾਂ ਪੁਲਸ ਨੇ ਸਰਹਿੰਦ ਰੋਡ ’ਤੇ ਹੀ ਨੇਤਰਹੀਣਾਂ ਨੂੰ ਘੇਰ ਲਿਆ। ਇਥੇ ਐੈੱਸ. ਪੀ. ਸਿਟੀ ਕੇਸਰ ਸਿੰਘ ਤੇ ਥਾਣਾ ਅਨਾਜ ਮੰਡੀ ਦੇ ਐੈੱਸ. ਐੈੱਚ. ਓ. ਹੈਰੀ ਬੋਪਾਰਾਏ ਨਾਲ ਨੇਤਰਹੀਣ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਮੌਕੇ ’ਤੇ ਹੀ ਮੁੱਖ ਮੰਤਰੀ ਵੱਲੋਂ ਮੀਟਿੰਗ ਲਈ 8 ਅਗਸਤ ਦਾ ਸਮਾਂ ਲੈ ਕੇ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਕਤ ਦੋਨੋਂ ਸੰਸਥਾਵਾਂ ਦੇ ਆਗੂਆਂ ਨੇ ਨਾਇਬ-ਤਹਿਸੀਲਦਾਰ ਪਰਮਜੀਤ ਜਿੰਦਲ ਨੂੰ ਇਕ ਮੰਗ-ਪੱਤਰ ਵੀ ਸੌਂਪਿਆ।
ਇਸ ਤੋਂ ਬਾਅਦ ਗੱਲਬਾਤ ਕਰਦਿਆਂ ਨੇਤਰਹੀਣਾਂ ਲਈ ਪੂਰੇ ਪੰਜਾਬ ਵਿਚ ਕੰਮ ਕਰ ਰਹੀਆਂ ਉਕਤ ਦੋਨੋਂ ਸੰਸਥਾਵਾਂ ਦੇ ਆਗੂਆਂ ਗੁਰਪ੍ਰੀਤ ਸਿੰਘ ਚਹਿਲ, ਪਰਮਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਚਹਿਲ, ਵਿਵੇਕ ਮੋਂਗਾ, ਰਾਜਿੰਦਰ ਸਿੰਘ ਕੁਹਾਡ਼ਾ, ਜੋਗਿੰਦਰ ਸਿੰਘ ਮੰਡੀ ਅਹਿਮਦਗਡ਼੍ਹ, ਸੰਦੀਪ ਸਿੰਘ ਮਾਛੀਵਾਡ਼ਾ, ਦਲਬਾਰਾ ਸਿੰਘ ਭੱਟੀ, ਸੂਰਜ ਕੁਮਾਰ, ਰਾਗੀ ਖੁਸ਼ਦੇਵ ਸਿੰਘ ਨਾਭਾ ਤੇ ਬਾਬਾ ਸੂਬਾ ਸਿੰਘ ਬਰਨਾਲਾ ਆਦਿ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਹਰ ਵਾਰ ਮੀਟਿੰਗ ਦਾ ਸਮਾਂ ਦੇ ਕੇ ਟਾਲ ਦਿੱਤਾ ਜਾਂਦਾ ਹੈ। ਜਾਣ-ਬੁੱਝ ਕੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਗੁਰਪ੍ਰੀਤ ਚਹਿਲ ਨੇ ਦੱਸਿਆ ਕਿ ਜੇਕਰ ਹੁਣ ਵੀ ਮੀਟਿੰਗ ਨਾ ਕਰਵਾਈ ਗਈ ਤਾਂ ਉਨ੍ਹਾਂ ਵੱਲੋਂ ਇਕ ਵੱਖਰੇ ਰੂਪ ਵਿਚ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਅਤੇ ਮੁੱਖ ਮੰਤਰੀ ਦੇ ਸਟਾਫ ਦੀ ਹੋਵੇਗੀ। ਇਸ ਮੌਕੇ ਸੀ. ਆਈ. ਡੀ. ਦੇ ਜਗਤਾਰ ਸਿੰਘ ਤੇ ਲੱਖਾ ਹੌਲਦਾਰ ਵੀ ਹਾਜ਼ਰ ਸਨ।