ਰੰਗਕਰਮੀ ਲੜਕੀਆਂ ਨਾਲ ਸਮੂਹਿਕ ਜਬਰ-ਜ਼ਨਾਹ ਖਿਲਾਫ ਕੀਤਾ ਪ੍ਰਦਰਸ਼ਨ
Wednesday, Jun 27, 2018 - 06:51 AM (IST)
ਚੰਡੀਗੜ੍ਹ, (ਬਿਊਰੋ)- ਝਾਰਖੰਡ ਵਿਚ ਪੰਜ ਰੰਗਕਰਮੀ ਕੁੜੀਆਂ ਨਾਲ ਹੋਏ ਸਮੂਹਿਕ ਜਬਰ-ਜ਼ਨਾਹ ਦੇ ਖਿਲਾਫ ਇਪਟਾ, ਪੰਜਾਬ ਤੇ ਰੈੱਡ ਆਰਟ ਦੀ ਅਗਵਾਈ ਹੇਠ ਪੰਜਾਬ ਯੂਨੀਵਿਰਸਟੀ ਦੀ ਵਿਦਿਆਰਥੀ ਜਥੇਬੰਦੀ ਐੱਸ. ਐੱਫ. ਐੱਸ., ਚੰਡੀਗੜ੍ਹ ਸਕੂਲ ਆਫ ਡਰਾਮਾ, ਰੂਪਕ ਕਲਾ ਮੰਚ, ਸਰਘੀ ਕਲਾ ਕੇਂਦਰ, ਥਿਏਟਰ ਹਾਊਸ ਵੈੱਲਫੇਅਰ ਐਸੋਸੀਏਸ਼ਨ ਆਫ ਸਟੇਜ, ਲੋਕਾਈ ਕਲਾ ਕੇਂਦਰ ਆਦਿ ਦੇ ਸੈਂਕੜੇ ਕਲਾਕਾਰਾਂ ਤੇ ਕਾਰਕੁੰਨਾਂ ਨੇ ਨੀਲਮ ਸਿਨੇਮਾ, ਸੈਕਟਰ-17 ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕੀਤਾ।
ਝਾਰਖੰਡ ਦੇ ਪੱਥਲਗੜ੍ਹੀ ਖੇਤਰ ਦੇ ਸਕੂਲ ਵਿਚ ਮਨੁੱਖੀ ਸਮੱਗਲਿੰਗ ਤੇ ਹੋਰ ਸਮਾਜਿਕ ਕੁਰੀਤੀਆਂ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਵਾਲੇ ਨੁੱਕੜ ਨਾਟਕ ਪੇਸ਼ ਕਰਨ ਗਈ ਨਾਟ ਮੰਡਲੀ ਦੀਆਂ ਪੰਜ ਰੰਗਕਰਮੀ ਕੁੜੀਆਂ ਨਾਲ ਗੁੰਡਾ ਅਨਸਰਾਂ ਵਲੋਂ ਸਮੂਹਿਕ ਜਬਰ-ਜ਼ਨਾਹ ਕਰਨ ਦੇ ਖਿਲਾਫ ਤੇ ਵੀਡੀਓ ਬਣਾਉਣ ਵਰਗੇ ਗੈਰ-ਮਨੁੱਖੀ ਅਪਰਾਧ ਕਰਨ ਤੋਂ ਕਈ ਦਿਨਾਂ ਬਾਅਦ ਵੀ ਪੁਲਸ ਪ੍ਰਸਾਸ਼ਨ ਵਲੋਂ ਕੋਈ ਕਾਰਵਾਈ ਨਾ ਕਰਨ ਤੇ ਉਲਟਾ ਸ਼ਿਕਾਇਤ ਕਰਨ ਵਾਲਿਆਂ ਨਾਲ ਬਦਸਲੂਕੀ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਇਪਟਾ, ਪੰਜਾਬ ਦੇ ਜਨਰਲ ਨਾਟਕਕਾਰ ਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਕਿ ਸਮਾਜ ਵਿਚ ਹਰ ਕਿਸਮ ਦਾ ਜੁਰਮ ਬਹੁਤ ਹੀ ਖਤਰਨਾਕ ਹੱਦ ਤਕ ਵਧ ਰਿਹਾ ਹੈ। ਪਹਿਲਾਂ ਅਪਰਾਧੀ ਲੁਕ-ਛਿਪ ਕੇ ਜੁਰਮ ਕਰਦੇ ਸਨ ਪਰ ਹੁਣ ਜੁਰਮ ਕਰਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਪਾ ਕੇ ਹਿੱਕ ਠੋਕ ਕੇ ਕਹਿੰਦੇ ਹਨ ਕਿ ਕਰ ਲਓ ਜੋ ਕਰਨਾ ਹੈ।
ਸਮਾਜ ਵਿਚ ਵਧ ਰਹੇ ਹਰ ਕਿਸਮ ਦੇ ਅਪਰਾਧ ਦਾ ਹੋਰ ਕਾਰਨਾਂ ਤੋਂ ਇਲਾਵਾ ਲੱਚਰਤਾ, ਅਸ਼ਲੀਲਤਾ, ਹਿੰਸਾ, ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਵੀ ਹੈ। ਨਾਟਕਕਾਰ ਤੇ ਨਾਟ-ਨਿਰਦੇਸ਼ਕ ਪਾਲੀ ਭੁਪਿੰਦਰ, ਰੂਪਕ ਕਲਾ ਮੰਚ ਦੀ ਨਾਟ-ਕਰਮੀ ਸੰਗੀਤਾ ਗੁਪਤਾ, ਸਤਵੀਰ ਸਿੰਘ ਧਨੋਆ ਕੌਂਸਲਰ ਨਗਰ ਨਿਗਮ ਮੋਹਾਲੀ ਤੇ ਐੱਸ. ਐੱਫ. ਐੱਸ. ਦੇ ਆਗੂ ਹਰਮਨ ਆਦਿ ਨੇ ਵੀ ਆਪਣੇ ਵਿਚਾਰ ਰੱਖੇ।
