ਹੱਤਿਆਰਿਅਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰ ਵਾਲਿਅਾਂ ਲਾਸ਼ ਸੜਕ ’ਤੇ ਰੱਖ ਕੇ ਲਾਇਆ ਧਰਨਾ

Sunday, Jul 29, 2018 - 06:00 AM (IST)

ਹੱਤਿਆਰਿਅਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰ ਵਾਲਿਅਾਂ ਲਾਸ਼ ਸੜਕ ’ਤੇ ਰੱਖ ਕੇ ਲਾਇਆ ਧਰਨਾ

ਜਲੰਧਰ, (ਮਹੇਸ਼)- ਹੁਸ਼ਿਆਰਪੁਰ ਹਾਈਵੇ ’ਤੇ ਕਾਕੀ ਪਿੰਡ ਰਾਮਾ ਮੰਡੀ ਵਿਚ ਸ਼ੁੱਕਰਵਾਰ ਦੀ  ਸ਼ਾਮ ਸ਼ੂਟਰਾਂ ਦੀਆਂ 4 ਗੋਲੀਆਂ ਦਾ ਸ਼ਿਕਾਰ ਹੋਏ ਅਜੇ ਕੁਮਾਰ ਡੋਨਾ ਨਾਮਕ 30 ਸਾਲ ਦੇ  ਨੌਜਵਾਨ ਨੇ ਦੇਰ ਰਾਤ 2.45 ਵਜੇ ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿਚ ਦਮ ਤੋੜ ਦਿੱਤਾ। ਇਸ  ਤੋਂ ਪਹਿਲਾਂ ਉਹ ਕੋਮਾ ਵਿਚ ਚਲਾ ਗਿਆ ਸੀ। ਵਾਲਮੀਕਿ ਮੁਹੱਲਾ ਦਕੋਹਾ ਦੇ ਰਹਿਣ ਵਾਲੇ  ਡੋਨਾ ਦੇ ਸਿਰ, ਪੈਰ ਅਤੇ ਲੱਤਾਂ ਵਿਚ ਗੋਲੀਆਂ ਲੱਗੀਆਂ ਸਨ, ਜਿਸ ਤੋਂ ਬਾਅਦ ਖੂਨ ਨਾਲ  ਲਥਪਥ ਹਾਲਤ ਵਿਚ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਉਸ ਸਮੇਂ ਉਸ ਦੇ ਸਰੀਰ ਵਿਚੋਂ ਕਾਫੀ  ਖੂਨ ਵਹਿ ਜਾਣ ਦੇ ਬਾਵਜੂਦ ਵੀ ਡਾਕਟਰਾਂ ਨੇ ਉਸ ਦੀ ਜਾਨ ਨੂੰ ਬਚਾਉਣ ਲਈ ਉਸ ਦਾ ਇਲਾਜ  ਸ਼ੁਰੂ ਕਰ ਦਿੱਤਾ ਸੀ।  
ਡੋਨਾ ਦੀ ਮੌਤ ਤੋਂ ਬਾਅਦ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਫਰਾਰ  ਮੁਲਜ਼ਮਾਂ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ, ਜਦੋਂਕਿ ਸ਼ੁੱਕਰਵਾਰ ਨੂੰ ਪੁਲਸ ਨੇ  ਡੋਨਾ ਦੇ ਗੋਲੀਆਂ ਲੱਗਣ ’ਤੇ 307 ਅਤੇ ਆਰਮਜ਼ ਐਕਟ ਦਾ ਕੇਸ ਦਰਜ ਕੀਤਾ ਸੀ। ਥਾਣਾ  ਰਾਮਾ ਮੰਡੀ ਦੇ ਇੰਚਾਰਜ ਇੰਸ. ਰੁਪਿੰਦਰ ਸਿੰਘ ਨੇ ਕਿਹਾ ਕਿ  ਡੋਨਾ ਨਾਲ ਰੰਜਿਸ਼  ਰੱਖਣ ਵਾਲੇ 3-4 ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਉਨ੍ਹਾਂ ਕੋਲੋਂ ਵਾਰਦਾਤ ਸਬੰਧੀ  ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹਿਰਾਸਤ ਵਿਚ ਲਏ ਗਏ ਨੌਜਵਾਨਾਂ ਵਿਚ ਬੁੱਧੂ,  ਰਮਨ ਤੇ ਮਨੂ ਜੰਡੂਸਿੰਘਾ ਦੇ ਨਾਂ ਦੱਸੇ ਜਾ ਰਹੇ ਹਨ।
ਪੁਲਸ ਤੇ ਹਸਪਤਾਲ ਪ੍ਰਸ਼ਾਸਨ ਖਿਲਾਫ ਵੀ ਰੋਸPunjabKesariਮ੍ਰਿਤਕ  ਡੋਨਾ ਦੀ ਹੱਤਿਆ ਤੋਂ ਭੜਕੇ ਉਸ ਦੇ ਪਰਿਵਾਰ ਅਤੇ ਹੋਰ ਲੋਕਾਂ ਨੇ ਦਕੋਹਾ ਵਿਚ ਉਸ ਦੀ ਲਾਸ਼  ਸੜਕ ’ਤੇ ਰੱਖ ਕੇ ਦੇਰ ਸ਼ਾਮ ਧਰਨਾ ਦਿੱਤਾ ਅਤੇ ਡੋਨਾ ਦੀ ਮੌਤ ਬਾਰੇ ਉਨ੍ਹਾਂ ਨੂੰ ਦੇਰ  ਨਾਲ ਦੱਸਣ ’ਤੇ ਪੁਲਸ ਪ੍ਰਸ਼ਾਸਨ ਅਤੇ ਹਸਪਤਾਲ ’ਤੇ ਗੁੱਸਾ ਵੀ ਜਤਾਇਆ। ਔਰਤਾਂ ਨੇ ਮੌਕੇ  ’ਤੇ ਆ ਰਹੀਆਂ ਪੁਲਸ ਦੀਆਂ ਗੱਡੀਆਂ ਅੱਗੇ ਬੈਠ ਕੇ ਰੋਸ ਪ੍ਰਦਰਸ਼ਨ ਵੀ ਕੀਤਾ। ਪੀੜਤ ਪਰਿਵਾਰ  ਦੇ ਸਮਰਥਕ ਤਾਂ ਜੀ. ਟੀ. ਰੋਡ ਜਾਮ ਕਰਨ ਦੀ  ਗੱਲ ਵੀ ਕਹਿ ਰਹੇ ਸਨ। 
 ਪੋਸਟਮਾਰਟਮ  ਤੋਂ ਬਾਅਦ ਲਾਸ਼ ਨੂੰ ਡੋਨਾ ਦੇ ਪਰਿਵਾਰ ਵਾਲਿਆਂ ਕੋਲ ਪਹੁੰਚਾਇਆ ਗਿਆ ਪਰ ਉਸ ਦੀ ਮਾਂ ਤੇ  ਭਰਾ ਸਣੇ ਹੋਰ ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਨੂੰ ਸਾਫ ਸ਼ਬਦਾਂ ਵਿਚ  ਕਿਹਾ ਕਿ ਉਹ ਤਦ ਤੱਕ ਅੰਤਿਮ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ ਉਸ ਦੀ ਹੱਤਿਆ ਕਰਨ ਵਾਲੇ  ਸਾਰੇ ਦੋਸ਼ੀ ਫੜੇ ਨਹੀਂ ਜਾਂਦੇ। ਇਕੱਠੀ ਹੋਈ ਭੀੜ ਵਿਚ ਪਹੁੰਚੇ ਪੁਲਸ ਅਧਿਕਾਰੀਆਂ ਨੇ  ਪੀੜਤ ਪਰਿਵਾਰ ਕੋਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਸਿਰਫ 10 ਦਿਨਾਂ ਦਾ ਸਮਾਂ ਮੰਗਿਆ,  ਜਿਸ ਤੋਂ ਬਾਅਦ  ਸ਼ਾਮ 7.30 ਵਜੇ ਡੋਨਾ ਦਾ ਅੰਤਿਮ ਸੰਸਕਾਰ ਸ਼ਿਵਪੁਰੀ ਦਕੋਹਾ ਵਿਚ ਕਰ ਦਿੱਤਾ ਗਿਆ।  ਸਸਕਾਰ ਦੇ ਸਮੇਂ ਕਾਫੀ ਪੁਲਸ ਫੋਰਸ ਤਾਇਨਾਤ ਰਹੀ। 
3 ਮੈਂਬਰੀ ਡਾਕਟਰਾਂ ਦੀ  ਟੀਮ ਨੇ ਕੀਤਾ ਪੋਸਟਮਾਰਟਮ
ਮ੍ਰਿਤਕ  ਅਜੇ ਕੁਮਾਰ ਡੋਨਾ ਪੁੱਤਰ ਕਮਲਜੀਤ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ  ਭੇਜ ਦਿੱਤਾ ਗਿਆ, ਜਿਥੇ ਦੁਪਹਿਰ 1 ਵਜੇ ਦੇ ਕਰੀਬ 3 ਮੈਂਬਰੀ ਡਾਕਟਰਾਂ ਦੀ ਟੀਮ ਵਿਚ  ਸ਼ਾਮਲ ਡਾ. ਅਭਿਸ਼ੇਕ ਸੱਚਰ, ਡਾ. ਰਾਜ ਕੁਮਾਰ ਬੱਧਨ ਤੇ ਡਾ. ਸੁਖਵਿੰਦਰ ਸਿੰਘ  ਨੇ ਡੋਨਾ  ਦਾ ਪੋਸਟਮਾਰਟਮ ਕੀਤਾ, ਜਿਸ ਤੋਂ ਬਾਅਦ ਉਸ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। 
ਨੇੜਿਓਂ ਮਾਰੀ ਗੋਲੀ ਨਾਲ ਹੋਈ ਮੌਤ
ਪੋਸਟਮਾਰਟਮ  ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਵੇਂ ਡੋਨਾ ਨੂੰ ਸ਼ੂਟਰਾਂ ਨੇ 4 ਗੋਲੀਆਂ ਮਾਰੀਆਂ ਹਨ  ਪਰ ਨੇੜਿਓਂ ਮਾਰੀ ਗਈ ਗੋਲੀ ਉਸ ਦੀ ਮੌਤ ਦਾ ਕਾਰਨ ਬਣੀ। ਉਸ ਸਮੇਂ ਉਹ ਜ਼ਮੀਨ ’ਤੇ ਡਿੱਗ  ਪਿਆ ਸੀ।
ਬੁਰੇ ਲੋਕਾਂ ਨੂੰ ਛੱਡਿਆ ਤਾਂ ਦੁਸ਼ਮਣਾਂ ਨੇ ਉਸ ਨੂੰ ਮਾਂ ਕੋਲੋਂ ਖੋਹ ਲਿਆ
ਡੋਨਾ  ਦੀ ਲਾਸ਼ ਵੇਖ ਕੇ ਉਸ ਦੀ ਮਾਂ ਰਾਣੀ ਨੇ ਕਿਹਾ ਕਿ ਉਸ ਦਾ ਬੇਟਾ ਪਹਿਲਾਂ ਬੁਰੇ ਲੋਕਾਂ ਦੀ  ਸੰਗਤ ਵਿਚ ਪੈ ਗਿਆ ਸੀ ਪਰ ਜਿਵੇਂ ਹੀ ਉਸ ਨੇ ਮਾੜੀ ਸੰਗਤ ਛੱਡੀ ਤਾਂ ਦੁਸ਼ਮਣਾਂ ਨੂੰ ਉਸ ਦਾ  ਅਜਿਹਾ ਕਰਨਾ ਰਾਸ ਨਾ ਆਇਆ ਤੇ  ਉਨ੍ਹਾਂ ਨੇ ਮਾਂ ਕੋਲੋਂ ਉਸ ਦਾ ਜਵਾਨ ਪੁੱਤਰ ਹਮੇਸ਼ਾ ਲਈ  ਖੋਹ ਲਿਆ।
 ਮਾਂ ਨੇ ਕਿਹਾ ਕਿ ਡੋਨਾ ਹੁਣ ਨਾ ਤਾਂ ਕੋਈ ਨਸ਼ਾ ਕਰਦਾ ਸੀ ਤੇ ਨਾ ਹੀ ਬੁਰੀ  ਸੰਗਤ ਵਿਚ ਸੀ। ਉਹ ਜਿਮ ਜਾਂਦਾ ਸੀ ਅਤੇ ਖੁਸ਼ ਸੀ ਕਿ ਉਸ ਨੇ ਵਿਦੇਸ਼ ਜਾਣਾ ਹੈ ਅਤੇ ਉਥੇ  ਜਾ ਕੇ ਆਪਣਾ ਭਵਿੱਖ ਬਣਾਉਣਾ ਹੈ। 
ਹਸਪਤਾਲ ਤੇ ਹੋਰ ਥਾਵਾਂ ’ਤੇ ਤਾਇਨਾਤ ਕੀਤੀ ਪੁਲਸ 
ਪੁਲਸ  ਨੇ ਦਕੋਹਾ ਵਿਚ ਦਿੱਤੇ ਜਾ ਰਹੇ ਧਰਨੇ ਦੀ ਸੂਚਨਾ ਮਿਲਦਿਆਂ ਹੀ ਜੌਹਲ ਹਸਪਤਾਲ ਸਣੇ  ਰਾਮਾ ਮੰਡੀ ਵਿਚ ਕਈ ਥਾਵਾਂ ’ਤੇ ਪੁਲਸ ਤਾਇਨਾਤ ਕਰ ਦਿੱਤੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ  ਗੜਬੜ ਨਾ ਹੋ ਸਕੇ। ਪੁਲਸ ਕਮਿਸ਼ਨਰ ਪੀ. ਕੇ. ਸਿਨ੍ਹਾ ਵੀ ਪਲ-ਪਲ ਦੀ ਜਾਣਕਾਰੀ ਲੈਂਦੇ  ਰਹੇ। ਵਿਧਾਇਕ ਰਾਜਿੰਦਰ ਬੇਰੀ ਨੇ ਵੀ ਪੀੜਤ ਪਰਿਵਾਰ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ  ਕੀਤੀ ਅਤੇ ਡੋਨਾ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਵੀ ਡੋਨਾ ਦੇ ਸਸਕਾਰ ਲਈ  ਪਰਿਵਾਰ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ। 
ਪੂਰਾ ਦਿਨ ਗੋਲੀ ਕਾਂਡ ਨੂੰ ਟ੍ਰੇਸ ਕਰਨ ਵਿਚ ਲੱਗੀ ਰਹੀ ਕਮਿਸ਼ਨਰੇਟ ਪੁਲਸPunjabKesari
  ਸ਼ਨੀਵਾਰ ਪੂਰਾ ਦਿਨ  ਕਮਿਸ਼ਨਰੇਟ ਪੁਲਸ  ਰਾਮਾ ਮੰਡੀ ਗੋਲੀ ਕਾਂਡ ਨੂੰ ਟ੍ਰੇਸ ਕਰਨ ਵਿਚ  ਲੱਗੀ ਰਹੀ। 
ਸ਼ਹਿਰ ਦੇ ਕਈ ਥਾਣਿਆਂ ਦੀ ਪੁਲਸ ਨੇ ਸ਼ੱਕੀ ਅਪਰਾਧੀ ਲੋਕਾਂ ਨੂੰ ਉਨ੍ਹਾਂ ਦੇ  ਘਰਾਂ ਅਤੇ ਹੋਰ ਥਾਵਾਂ ਤੋਂ ਚੁੱਕ ਕੇ ਥਾਣੇ ਲਿਆ ਕੇ ਪੁੱਛਗਿੱਛ ਵੀ ਕੀਤੀ ਪਰ ਦੇਰ ਰਾਤ  ਤੱਕ ਪੁਲਸ ਦੇ ਹੱਥ ਕੋਈ ਸਫਲਤਾ ਨਹੀਂ ਲੱਗੀ ਸੀ। 
ਪੰਚਮ ਤੇ ਭਾਲੂ ਗੈਂਗਸਟਰਾਂ ਨਾਲ ਜੁੜੇ ਮਾਮਲਿਆਂ ਦੀ ਚਰਚਾ ’ਤੇ ਵੀ ਪੁਲਸ ਖਾਮੋਸ਼
ਅਜੇ  ਕੁਮਾਰ ਡੋਨਾ ਦੀ ਹੱਤਿਆ ਦਾ ਮਾਮਲਾ ਗੈਂਗਸਟਰ ਪੰਚਮ ਅਤੇ ਗੈਂਗਸਟਰ ਭਾਲੂ ਨਾਲ ਜੁੜੇ ਹੋਣ  ਦੀ ਪੂਰੀ ਚਰਚਾ ਸੀ ਪਰ ਇਸ ਸਬੰਧ ਵਿਚ ਕਮਿਸ਼ਨਰੇਟ ਪੁਲਸ ਅਜੇ ਚੁੱਪ ਹੈ ਅਤੇ ਸੀ. ਪੀ.  ਪੀ. ਕੇ. ਸਿਨ੍ਹਾ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਦੇ ਸਾਹਮਣੇ ਆਉਣ ’ਤੇ ਹੀ ਪੂਰੀ ਸਥਿਤੀ  ਸਪੱਸ਼ਟ ਹੋਵੇਗੀ। ਇਸ ਤੋਂ ਪਹਿਲਾਂ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ। ਪੁਲਸ ਹਰ ਪਹਿਲੂ  ਤੋਂ ਜਾਂਚ ਕਰ ਰਹੀ ਹੈ। ਜਲਦੀ ਹੀ ਪੂਰੀ ਤਸਵੀਰ ਸਭ ਦੇ ਸਾਹਮਣੇ ਹੋਵੇਗੀ। 
ਥਾਣੇ ’ਚ ਆਮ ਆਦਮੀ ਨੂੰ ਵੀ ਜਾਣ ਤੋਂ ਰੋਕਿਆ ਗਿਆ
ਜਿਨ੍ਹਾਂ  ਥਾਣਿਆਂ ਵਿਚ ਪੁਲਸ ਸ਼ੱਕੀ ਲੋਕਾਂ ਕੋਲੋਂ ਅਜੇ ਕੁਮਾਰ ਡੋਨਾ ਦੀ ਹੱਤਿਆ ਸਬੰਧੀ ਪੁੱਛਗਿੱਛ  ਕਰ ਰਹੀ ਹੈ, ਉਥੇ ਆਮ ਆਦਮੀ ਨੂੰ ਜਾਣ ਤੋਂ ਵੀ ਰੋਕ ਦਿੱਤਾ ਗਿਆ। ਇੰਨਾ ਹੀ ਨਹੀਂ, ਥਾਣੇ  ਦੇ ਗੇਟ ਤੱਕ ਬੰਦ ਕਰ ਦਿੱਤੇ ਗਏ ਸਨ।  ਦੁਪਹਿਰ 12.30 ਵਜੇ ਥਾਣਾ ਨੰਬਰ 6 (ਮਾਡਲ ਟਾਊਨ)  ਵਿਚ ਕੁਝ ਲੋਕ ਕਿਸੇ ਜ਼ਰੂਰੀ ਕੰਮ ਲਈ ਗਏ ਸਨ ਅਤੇ ਜਿਸ ਨੂੰ ਮਿਲਣਾ ਸੀ ਉਸ ਦਾ ਪੁਲਸ  ਅਧਿਕਾਰੀ  ਨੂੰ  ਨਾਂ ਵੀ ਦੱਸਿਆ ਪਰ ਇਸਦੇ ਬਾਵਜੂਦ ਗੇਟ ’ਤੇ ਬਣੀ ਪੋਸਟ ਵਿਚ ਖੜ੍ਹੇ  ਸੰਤਰੀ ਨੇ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ। ਉਸ ਨੇ ਗੇਟ ਬੰਦ ਕਰ ਦਿੱਤਾ ਅਤੇ ਕਿਹਾ ਕਿ  ਜਿਸ ਨੂੰ ਮਿਲਣਾ ਹੈ, ਉਸ ਨੂੰ ਫੋਨ ਕਰ ਕੇ ਬਾਹਰ ਬੁਲਾ ਲੈਣ। 

 


Related News