ਪਿੰਡ ਲੋਧੀਮਾਜਰਾ ''ਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਚੁਕਵਾਉਣ ਦੀ ਮੰਗ
Friday, Sep 01, 2017 - 03:37 AM (IST)

ਰੂਪਨਗਰ, (ਵਿਜ)- ਪਿੰਡ ਆਲਮਪੁਰ ਨੇੜੇ ਲੋਧੀਮਾਜਰਾ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਚੁਕਵਾਉਣ ਦੇ ਸੰਬੰਧ 'ਚ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਦਿੱਤਾ ਗਿਆ। ਇਸ ਪੱਤਰ ਰਾਹੀਂ ਆਗੂਆਂ ਨੇ ਦੱਸਿਆ ਕਿ ਸਫਰ-ਏ-ਸ਼ਹਾਦਤ ਤੇ ਗੁਰੂ ਗੋਬਿੰਦ ਸਿੰਘ ਮਾਰਗ ਧਾਰਮਿਕ ਮਹੱਤਤਾ ਪੱਖੋਂ ਮਹੱਤਵਪੂਰਨ ਮਾਰਗ ਹੈ, ਜਿਸ ਰਾਹੀਂ ਹਰ ਸਾਲ ਦਸੰਬਰ ਮਹੀਨੇ 'ਚ ਨਗਰ ਕੀਰਤਨ ਵੀ ਸਜਾਇਆ ਜਾਂਦਾ ਹੈ। ਇਸ ਮਾਰਗ 'ਤੇ ਪਿੰਡ ਲੋਧੀਮਾਜਰਾ ਨੇੜੇ ਸ਼ਰਾਬ ਦਾ ਜੋ ਠੇਕਾ ਖੁੱਲ੍ਹਾ ਹੈ, ਉਸ ਨੂੰ ਤੁਰੰਤ ਚੁਕਵਾਇਆ ਜਾਵੇ ਕਿਉਂਕਿ ਇਸ ਠੇਕੇ ਤੋਂ ਕੁਝ ਹੀ ਦੂਰੀ 'ਤੇ ਸੈਕੰਡਰੀ ਸਕੂਲ ਹੈ ਤੇ ਸ਼ਰਾਬੀਆਂ ਦੇ ਹੁੜਦੰਗ ਤੋਂ ਵਿਦਿਆਰਥੀਆਂ ਨੂੰ ਇਥੋਂ ਲੰਘਣ ਵੇਲੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂਕਿ ਇਲਾਕੇ ਦੇ ਕਈ ਘਰਾਂ ਦੇ ਵਿਅਕਤੀ ਨਸ਼ਈ ਹੋ ਜਾਣ ਕਾਰਨ ਪਰਿਵਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਪੰਜਾਬ 'ਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਦਾਅਵੇ ਕੀਤੇ ਸਨ ਪਰ ਹਕੀਕਤ 'ਚ ਅਜਿਹਾ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਉਕਤ ਮਾਰਗ 'ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਤੁਰੰਤ ਹਟਾਇਆ ਜਾਵੇ। ਇਸ ਮੌਕੇ ਨਿਰਮਲ ਸਿੰਘ, ਇਲਾਕਾ ਸੁਧਾਰ ਕਮੇਟੀ ਲੋਧੀਮਾਜਰਾ, ਰਜਿੰਦਰ ਸਿੰਘ, ਸਰਪੰਚ ਕੁਲਜੀਤ ਕੌਰ ਪਿੰਡ ਚੱਕ ਢੇਰਾਂ, ਅਮਰਜੀਤ ਸਿੰਘ, ਸਰਪੰਚ ਕੁਲਦੀਪ ਕੌਰ ਲੋਧੀਮਾਜਰਾ, ਜਸਵਿੰਦਰ ਕੌਰ, ਧਰਮਿੰਦਰ ਸਿੰਘ ਆਦਿ ਹਾਜ਼ਰ ਸਨ।