ਰੇਲਵੇ ਸਟੇਸ਼ਨ ’ਤੇ ਓਵਰਬ੍ਰਿਜ ਬਣਾਉਣ ਦੀ ਮੰਗ

Monday, May 07, 2018 - 03:07 AM (IST)

ਰੇਲਵੇ ਸਟੇਸ਼ਨ ’ਤੇ ਓਵਰਬ੍ਰਿਜ ਬਣਾਉਣ ਦੀ ਮੰਗ

 ਫ਼ਰੀਦਕੋਟ,  (ਹਾਲੀ)- ਰੇਲਵੇ ਸਟੇਸ਼ਨ ਫ਼ਰੀਦਕੋਟ ਵਿਖੇ ਓਵਰਬ੍ਰਿਜ ਨਾ ਬਣਿਆ ਹੋਣ ਕਰ ਕੇ ਯਾਤਰੀਆਂ ਅਤੇ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ’ਤੇ ਓਵਰਬ੍ਰਿਜ ਨਾ ਹੋਣ ਕਰ ਕੇ ਸਥਾਨਕ ਰੇਲਵੇ ਸਟੇਸ਼ਨ ਦੇ ਸਾਹਮਣੇ ਸੰਜੇ ਨਗਰ ਬਸਤੀ ਦੇ ਲੋਕਾਂ ਅਤੇ ਕੁਝ ਯਾਤਰੀਆਂ ਨੂੰ ਰੇਲਵੇ ਲਾਈਨਾਂ ਦੀ ਉਪਰੋਂ ਦੀ ਮਜਬੂਰੀ ਵੱਸ ਲੰਘ ਕੇ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਆਮ ਲੋਕ ਵੀ ਰੇਲਵੇ ਸਟੇਸ਼ਨ ਦੀਆਂ ਲਾਈਨਾਂ ਉੱਪਰ ਦੀ ਲੰਘਦੇ ਰਹਿੰਦੇ ਹਨ, ਜਿਸ ਕਾਰਨ  ਕੋਈ ਵੀ ਯਾਤਰੀ ਜਾਂ ਮਾਲ ਗੱਡੀ ਦੇ ਆਉਣ ਕਰ ਕੇ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। 
ਬਾਬਾ ਫਰੀਦ ਉੱਤਰ ਰੇਲਵੇ ਪੈਸੰਜਰ ਸੇਵਾ ਸੰਮਤੀ ਦੇ ਸਰਪ੍ਰਸਤ ਸੁਰਿੰਦਰ ਗੁਪਤਾ, ਪ੍ਰਧਾਨ ਸਾਜਨ ਸ਼ਰਮਾ ਨੇ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਓਵਰਬ੍ਰਿਜ ਬਣਾਉਣ ਸਬੰਧੀ ਉਨ੍ਹਾਂ ਵੱਲੋਂ ਡੀ. ਆਰ. ਐੱਮ. ਫ਼ਿਰੋਜ਼ਪੁਰ ਨੂੰ ਕਾਫੀ ਸਮਾਂ ਪਹਿਲਾਂ ਮੰਗ-ਪੱਤਰ ਦਿੱਤਾ ਗਿਆ ਸੀ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਸਬੰਧੀ ਬਾਬਾ ਫਰੀਦ ਉੱਤਰ ਰੇਲਵੇ ਪੈਸੰਜਰ ਸੇਵਾ ਸੰਮਤੀ ਅਤੇ ਸ਼ਹਿਰ ਦੇ ਲੋਕਾਂ ਨੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਫ਼ਰੀਦਕੋਟ ਰੇਲਵੇ ਸਟੇਸ਼ਨ ’ਤੇ ਓਵਰਬ੍ਰਿਜ ਜਲਦੀ ਬਣਾਇਆ ਜਾਵੇ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

 


Related News