ਨਿਗਮ ਨੇ ਗਰੀਬ ਪਰਿਵਾਰ ਦੀ ਦੁਕਾਨ ਕੀਤੀ ਢਹਿ-ਢੇਰੀ
Wednesday, Oct 04, 2017 - 06:05 AM (IST)
ਛੇਹਰਟਾ, (ਜਤਿੰਦਰ)- ਰਾਮਤੀਰਥ ਰੋਡ 'ਤੇ ਰਹਿ ਰਿਹਾ ਦੁਕਾਨਦਾਰ ਰਾਜੂ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਦਰਜੀ ਦਾ ਕੰਮ ਕਰ ਰਿਹਾ ਸੀ, ਅੱਜ ਬਿਨਾਂ ਦੱਸੇ ਨਗਰ ਨਿਗਮ ਦੇ ਕੁਝ ਕਰਮਚਾਰੀਆਂ ਨੇ ਆ ਕੇ ਉਸ ਦੀ ਦੁਕਾਨ ਨੂੰ ਢਹਿ-ਢੇਰੀ ਕਰ ਕੇ ਰੱਖ ਦਿੱਤਾ। ਰਾਜੂ ਨੇ ਦੱਸਿਆ ਕਿ ਬੇਸ਼ੱਕ ਉਸ ਦੀ ਆਪਣੇ ਪਰਿਵਾਰ ਨਾਲ ਅਣਬਣ ਚੱਲ ਰਹੀ ਸੀ ਤੇ ਉਸ ਨੇ ਪਰਿਵਾਰ ਦੀ ਸਹਿਮਤੀ ਨਾਲ ਹੀ ਦੁਕਾਨ ਪਾਈ ਸੀ ਅਤੇ ਇਹ ਦੁਕਾਨ ਦਾ ਮਸਲਾ ਉਨ੍ਹਾਂ ਦੇ ਆਪਣੇ ਘਰ ਦਾ ਮਸਲਾ ਸੀ, ਜਿਸ ਨੂੰ ਉਹ ਬੈਠ ਕੇ ਵੀ ਹੱਲ ਕਰ ਸਕਦੇ ਸਨ ਪਰ ਅੱਜ ਅਚਨਚੇਤ ਬਿਨਾਂ ਕੋਈ ਨੋਟਿਸ ਦਿੱਤੇ ਨਗਰ ਨਿਗਮ ਨੇ ਉਸ ਦੀ ਦੁਕਾਨ ਨੂੰ ਤੋੜ ਕੇ ਰੱਖ ਦਿੱਤਾ। ਰਾਜੂ ਨੇ ਨਗਰ ਨਿਗਮ ਦੇ ਕਰਮਚਾਰੀਆਂ 'ਤੇ ਦੋਸ਼ ਲਾਇਆ ਕਿ ਸਾਰੇ ਸ਼ਹਿਰ ਵਿਚ ਸੜਕਾਂ 'ਤੇ ਨਾਜਾਇਜ਼ ਕਈ ਖੋਖੇ ਅਤੇ ਦੁਕਾਨਾਂ ਲੱਗੀਆਂ ਹਨ ਪਰ ਨਗਰ ਨਿਗਮ ਦੀ ਨਜ਼ਰ ਉਨ੍ਹਾਂ 'ਤੇ ਨਹੀਂ ਪਈ। ਰਾਜੂ ਨੇ ਨਗਰ ਨਿਗਮ 'ਤੇ ਵਿਤਕਰੇ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਸਾਰੇ ਕੰਮ ਲਈ ਨਗਰ ਨਿਗਮ ਦੇ ਕਰਮਚਾਰੀਆਂ ਨੇ ਪੈਸੇ ਲਏ ਹਨ ਤਾਂ ਹੀ ਬਿਨਾਂ ਗਰੀਬ ਪਰਿਵਾਰ ਦੇਖਦਿਆਂ ਉਸ ਦੀ ਦੁਕਾਨ ਢਹਿ-ਢੇਰੀ ਕਰ ਕੇ ਰੱਖ ਦਿੱਤੀ ਗਈ। ਅਖੀਰ ਉਸ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਉੱਚ ਅਧਿਕਾਰੀਆਂ ਨੂੰ ਮਿਲਣਗੇ। ਜਦ ਇਸ ਸਬੰਧੀ ਨਗਰ ਨਿਗਮ ਦੇ ਸੁਪਰਡੈਂਟ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਬਾਰੇ ਸੰਬੰਧਿਤ ਪਰਿਵਾਰ ਨੂੰ ਦੱਸਿਆ ਗਿਆ ਸੀ।
