ਸੁਰ ਮਿਲੇ ਨਾ ਮਿਲੇ ਪਰ ਪ੍ਰਸ਼ਾਂਤ ਕਿਸ਼ੋਰ ਦੇ ਸੁਝਾਵਾਂ ’ਤੇ ਖੁਦ ਹੀ ਅਮਲ ਕਰ ਲਵੇਗੀ ਕਾਂਗਰਸ!
Saturday, Apr 30, 2022 - 02:40 PM (IST)
ਜਲੰਧਰ (ਵਿਸ਼ੇਸ਼) : ਭਾਵੇਂ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਸੁਰ ਅਜੇ ਕਾਂਗਰਸ ਨਾਲ ਨਾ ਮਿਲੇ ਹੋਣ ਪਰ ਕਾਂਗਰਸ ਉਨ੍ਹਾਂ ਦੇ ਉਹ ਸੁਝਾਅ ਅਜੇ ਵੀ ਲਾਗੂ ਕਰਨ ਦੀ ਕੋਸ਼ਿਸ਼ ਕਰੇਗੀ ਜੋ ਉਨ੍ਹਾਂ ਨੇ ਬੈਠਕਾਂ ਦੌਰਾਨ ਹਾਈਕਮਾਨ ਦੇ ਵੱਡੇ ਨੇਤਾਵਾਂ ਨਾਲ ਸਾਂਝੇ ਕੀਤੇ ਸਨ। ਪਾਰਟੀ ਦੇ ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ 2024 ਦੀਆਂ ਚੋਣਾਂ ਤੋਂ ਪਹਿਲਾਂ ਬਿਹਤਰ ਐਨਾਲਿਟਿਕਸ ਤੇ ਡਾਟਾ ਜਨਰੇਸ਼ਨ ’ਤੇ ਧਿਆਨ ਕੇਂਦਰਤ ਕਰਨਾ ਚਾਹੁੰਦੀ ਹੈ। ਹਾਈਕਮਾਨ ਅਜਿਹੇ ਪੇਸ਼ੇਵਰਾਂ ਨੂੰ ਨਿਯੁਕਤ ਕਰ ਸਕਦੀ ਹੈ, ਜੋ ਚੋਣਾਂ ਤੋਂ ਪਹਿਲਾਂ ਅਜਿਹਾ ਕਰਨ ’ਚ ਮਦਦ ਕਰ ਸਕਣ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਵੇਂ ਪ੍ਰਸ਼ਾਂਤ ਕਿਸ਼ੋਰ ਵੱਲੋਂ ਫਿਲਹਾਲ ਕਾਂਗਰਸ ਦਾ ਕੰਮ ਕਰਨ ਦਾ ਮਸਲਾ ਟਲ ਗਿਆ ਹੋਵੇ ਪਰ ਉਨ੍ਹਾਂ ਨਾਲ ਗੁਜਰਾਤ ਚੋਣਾਂ ਤੋਂ ਬਾਅਦ ਮੁੜ ਗੱਲਬਾਤ ਦੀ ਸੰਭਾਵਨਾ ਖਤਮ ਨਹੀਂ ਹੋਈ।
ਇਹ ਵੀ ਪੜ੍ਹੋ : ਪਟਿਆਲਾ ’ਚ ਹੋਈ ਝੜਪ ਦੇ ਮਾਮਲੇ ’ਚ ਸੁਨੀਲ ਜਾਖੜ ਦਾ ਵੱਡਾ ਬਿਆਨ
ਚਿਦਾਂਬਰਮ ਨੇ ਵੀ ਕੀਤੀ ਡਾਟਾ ਦੀ ਪ੍ਰਸ਼ੰਸਾ
ਰਿਪੋਰਟ ਵਿਚ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪ੍ਰੈਜ਼ੈਂਟੇਸ਼ਨ ਤੋਂ ਪਤਾ ਲੱਗਦਾ ਹੈ ਕਿ ਚੋਣ ਰਣਨੀਤੀਕਾਰ ਕੋਲ ਚੰਗਾ ਡਾਟਾ ਤੇ ਵਿਸ਼ਲੇਸ਼ਣ ਸੀ। ਉਨ੍ਹਾਂ ਕਿਹਾ ਕਿ ਕਈ ਬਿੰਦੂ ਕਾਰਵਾਈ ਯੋਗ ਸਨ ਅਤੇ ਅਸੀਂ ਅਜਿਹਾ ਕਰਨ ਦਾ ਇਰਾਦਾ ਰੱਖਦੇ ਹਾਂ। ਚਿਦਾਂਬਰਮ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਾਰਟੀ ਕੁਝ ਸੁਧਾਰਾਂ ਨੂੰ ਲਾਗੂ ਕਰੇਗੀ। ਉਨ੍ਹਾਂ ਸਿਰਫ ਪੀ. ਕੇ. ਵੱਲੋਂ ਦਿੱਤੇ ਗਏ ਕੁਝ ਸੁਝਾਵਾਂ ਨੂੰ ਵੇਖਿਆ ਹੈ, ਜੋ ਪਬਲਿਕ ਡੋਮੇਨ ਵਿਚ ਹਨ। ਕਾਂਗਰਸ ਡਾਟਾ ਐਨਾਲਿਟਿਕਸ ਵਿਭਾਗ ਦੇ ਮੁਖੀ ਪ੍ਰਵੀਨ ਚਕਰਵਰਤੀ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਸਿਆਣੇ ਲੱਗਦੇ ਹਨ। ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਕਿ ਪਾਰਟੀ ਦੇ ਨੇਤਾਵਾਂ ਨੂੰ ਡਾਟਾ ਦੀ ਜ਼ਿਆਦਾ ਨਿਰਪੱਖ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ, ਨਾ ਕਿ ਸਿਰਫ ਚੋਣਵੇਂ ਤੌਰ ’ਤੇ ਜਦੋਂ ਇਹ ਉਨ੍ਹਾਂ ਦੇ ਅਨੁਕੂਲ ਹੋਵੇ। ਹੋਰ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਮੰਨਣਾ ਗਲਤ ਹੈ ਕਿ ਕਿਸ਼ੋਰ ਨੇ ਕਾਂਗਰਸ ਨੂੰ ਠੁਕਰਾ ਦਿੱਤਾ ਹੈ। ਤ੍ਰਿਣਮੂਲ ਦੇ ਨੇਤਾ ਅਤੇ ਕਿਸ਼ੋਰ ਦੇ ਨਜ਼ਦੀਕੀ ਪਵਨ ਵਰਮਾ ਨੇ ਕਿਹਾ ਕਿ ਕਾਂਗਰਸ ਨੂੰ ਹੋਰ ਜ਼ਿਆਦਾ ਤਬਦੀਲੀ ’ਚ ਨਿਵੇਸ਼ ਕਰਨ ਦੀ ਲੋੜ ਸੀ ਅਤੇ ਸ਼ਾਇਦ ਉਸ ਨੂੰ ਲੱਗਾ ਕਿ ਕਿਸ਼ੋਰ ਦਾ ਪਾਰਟੀ ਵਿਚ ਸ਼ਾਮਲ ਹੋਣਾ ਜ਼ਰੂਰੀ ਨਹੀਂ ਸੀ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਅਤੇ ਗੈਂਗਸਟਰ ਤੋਂ ਜਾਨ ਨੂੰ ਖ਼ਤਰਾ ਦੱਸ ਗਵਾਹ ਨੇ ਮੰਗੀ ਸੁਰੱਖਿਆ
ਕੀ ਸੀ ਕਿਸ਼ੋਰ ਦੀ ਪ੍ਰੈਜ਼ੈਂਟੇਸ਼ਨ ’ਚ
ਮੀਡੀਆ ’ਚ ਛਪੀ ਇਕ ਰਿਪੋਰਟ ਮੁਤਾਬਕ ਕਿਸ਼ੋਰ ਦੀਆਂ ਬੈਠਕਾਂ ਵਿਚ ਹਿੱਸਾ ਲੈ ਚੁੱਕੇ 2 ਵਿਅਕਤੀਆਂ ਵਿਚੋਂ ਇਕ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰੈਜ਼ੈਂਟੇਸ਼ਨ ਵਿਚ ਜਿਹੜੀ ਇਕ ਸਲਾਈਡ ਵਿਖਾਈ ਗਈ, ਉਸ ਵਿਚ ਕਿਸ਼ੋਰ ਨੇ ਸਾਨੂੰ ਦੱਸਿਆ ਕਿ ਕਾਂਗਰਸ ਨੇ ਇਕੋ ਸੀਟ ਤੋਂ 3 ਵਾਰ ਹਾਰਨ ਵਾਲੇ 170 ਉਮੀਦਵਾਰਾਂ ਨੂੰ ਟਿਕਟ ਦਿੱਤੀ ਸੀ। ਵਿਅਕਤੀ ਨੇ ਕਿਹਾ ਕਿ ਆਪਣੇ ਸੂਬੇ ਬਾਰੇ ਇਹ ਜਾਣ ਸਕਦਾ ਹਾਂ ਪਰ ਇਹ ਜਾਣਕਾਰੀ ਹੁਣ ਪਾਰਟੀ ਵਿਚ ਕਿਸੇ ਕੋਲ ਪੂਰੇ ਦੇਸ਼ ਵਿਚ ਵੀ ਨਹੀਂ ਹੋਵੇਗੀ। ਇਸ ਵਿਅਕਤੀ ਨੇ ਕਿਹਾ ਕਿ ਕਾਂਗਰਸ ਅਜਿਹੇ ਲੋਕਾਂ ਨੂੰ ਕੰਮ ’ਤੇ ਲਾਉਣ ਦੀ ਕੋਸ਼ਿਸ਼ ਕਰੇਗੀ, ਜੋ ਇਸ ਤਰ੍ਹਾਂ ਦੇ ਡਾਟਾ ਨਾਲ ਉਸ ਦੀ ਮਦਦ ਕਰ ਸਕਦੇ ਹਨ ਕਿਉਂਕਿ ਇਕੋ ਜਿਹਾ ਡਾਟਾਬੇਸ ਬਣਾਉਣ ’ਚ ਘੱਟੋ-ਘੱਟ ਕੁਝ ਸਾਲ ਤਾਂ ਲੱਗਣਗੇ ਹੀ।
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ