ਕਾਂਗਰਸੀ ਤੇ ਅਕਾਲੀ ਇਕ ਦੂਜੇ ਨੂੰ ਠਹਿਰਾਉਣ ਲੱਗੇ ਦੋਸ਼ੀ

Sunday, Jun 11, 2017 - 07:24 AM (IST)

ਕਾਂਗਰਸੀ ਤੇ ਅਕਾਲੀ ਇਕ ਦੂਜੇ ਨੂੰ ਠਹਿਰਾਉਣ ਲੱਗੇ ਦੋਸ਼ੀ

ਅੰਮ੍ਰਿਤਸਰ,  (ਪ੍ਰਵੀਨ ਪੁਰੀ)-  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਰਸਤੇ 'ਚ ਲੱਗੀਆਂ ਸਕਰੀਨਾਂ ਦਾ ਮਾਮਲਾ ਪੂਰੀ ਤਰ੍ਹਾਂ ਭਖ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਆਦੇਸ਼ਾਂ 'ਤੇ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਮੁੜ ਗੁਰਬਾਣੀ ਦਾ ਕੀਰਤਨ ਸ਼ੁਰੂ ਕਰਨ ਦੀ ਮੰਗ ਕੀਤੀ ਹੈ, ਉਥੇ ਪੰਜਾਬ ਸਰਕਾਰ ਵੱਲੋਂ ਸ਼ਰਾਬ ਆਦਿ ਦੇ ਇਸ਼ਤਿਹਾਰਾਂ ਦੇ ਮਾਮਲੇ 'ਚ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਕੇਸਰੀ/ਜਗ ਬਾਣੀ ਵਿਚ ਲੱਗੀ ਖ਼ਬਰ ਦੇ ਆਧਾਰ 'ਤੇ ਨੋਟਿਸ ਲੈਂਦਿਆਂ ਤੁਰੰਤ ਇਕ ਹਫਤੇ 'ਚ ਜਾਂਚ ਰਿਪੋਰਟ ਮੰਗ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਵੀ ਇਸ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਭਾਂਡਾ ਕੈਪਟਨ ਸਰਕਾਰ ਦੇ ਸਿਰ ਭੰਨ ਦਿੱਤਾ ਸੀ। ਅੱਜ ਸਾਰੇ ਚੱਲੇ ਘਟਨਾਕ੍ਰਮ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੀ ਸਕਰੀਨਾਂ ਦੇ ਮਾਮਲੇ 'ਚ ਘੇਰੇ 'ਚ ਆ ਗਈ ਹੈ।
ਸ਼੍ਰੋਮਣੀ ਕਮੇਟੀ ਦਾ ਪੰਜਾਬ ਸਰਕਾਰ ਨੂੰ ਪੱਤਰ ਜਾਰੀ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਬੰਧਿਤ ਸੈਰ-ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲਿਖੇ ਪੱਤਰ 'ਚ ਮੰਗ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਪੁਰਾਣੇ ਰਸਤੇ ਕੋਤਵਾਲੀ ਤੋਂ ਜਲਿਆਂਵਾਲਾ ਬਾਗ ਵਿਚਾਲੇ ਜੋ ਪਿਛਲੀ ਸਰਕਾਰ ਨੇ ਸ਼ਰਧਾਲੂਆਂ ਲਈ ਵਿਰਾਸਤੀ ਮਾਰਗ ਬਣਾਇਆ ਸੀ, ਉਸ ਦੀ ਦੁਨੀਆ ਭਰ ਤੋਂ ਆਉਣ ਵਾਲੇ ਸ਼ਰਧਾਲੂ ਸ਼ਲਾਘਾ ਕਰਦੇ ਸਨ, ਪਿਛਲੀ ਸਰਕਾਰ ਵੱਲੋਂ ਵਿਰਾਸਤੀ ਮਾਰਗ ਉਪਰ ਵੱਖ-ਵੱਖ ਥਾਵਾਂ 'ਤੇ ਗੁਰਬਾਣੀ ਕੀਰਤਨ ਦੇ ਪ੍ਰਸਾਰ ਲਈ 4 ਸਕਰੀਨਾਂ ਲਾਈਆਂ ਗਈਆਂ ਸਨ ਪਰ ਅੱਜਕਲ ਇਨ੍ਹਾਂ ਸਕਰੀਨਾਂ 'ਤੇ ਗੁਰਬਾਣੀ ਕੀਰਤਨ ਦਾ ਪ੍ਰਸਾਰ ਬੰਦ ਕਰ ਕੇ ਨਿੱਜੀ ਇਸ਼ਤਿਹਾਰਬਾਜ਼ੀ ਜਿਸ ਵਿਚ ਸ਼ਰਾਬ, ਤੰਬਾਕੂ ਆਦਿ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਹਨ, ਜਿਸ ਕਰ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਦੇ ਮਨਾਂ ਨੂੰ ਭਾਰੀ ਠੇਸ ਪੁੱਜ ਰਹੀ ਹੈ ਤੇ ਇਨ੍ਹਾਂ ਸਕਰੀਨਾਂ ਪ੍ਰਤੀ ਸ਼ਰਧਾਲੂਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਲੋਚਨਾ : ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਸ ਕਾਰਵਾਈ ਨਾਲ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਲੱਖਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਵਿਰਾਸਤ-ਏ-ਖਾਲਸਾ ਨੂੰ ਚਿੱਟਾ ਹਾਥੀ ਕਰਾਰ ਦੇਣ ਤੋਂ ਬਾਅਦ ਇਹ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਸੂਬਾ ਸਰਕਾਰ ਦੀ ਦੂਜੀ ਵੱਡੀ ਗਲਤੀ ਹੈ। ਉਨ੍ਹਾਂ ਕਿਹਾ ਕਿ ਇਹ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਸ਼ਾਂਤੀਪੂਰਨ ਮਾਹੌਲ ਨੂੰ ਖਰਾਬ ਕਰਨ ਦੀ ਡੂੰਘੀ ਸਾਜ਼ਿਸ਼ ਜਾਪਦੀ ਹੈ।
ਅਕਾਲੀਆਂ ਨੂੰ ਚੇਤਾ ਭੁੱਲਣ ਦੀ ਆਦਤ : ਔਜਲਾ : ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਕਾਲੀ ਆਗੂਆਂ ਨੂੰ ਚੇਤਾ ਭੁੱਲਣ ਦੀ ਆਦਤ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਵਿਰਾਸਤੀ ਮਾਰਗ 'ਤੇ ਸਕਰੀਨਾਂ ਦਾ ਠੇਕਾ ਕਰੋੜਾਂ ਰੁਪਏ ਲੈ ਕੇ ਜਿਸ ਕੰਪਨੀ ਨੂੰ ਦਿੱਤਾ ਗਿਆ ਸੀ, ਉਸੇ ਕੰਪਨੀ ਨੇ ਹੀ ਅਗਾਂਹ ਕੁਝ ਸਕਰੀਨਾਂ ਇਕ ਚੈਨਲ ਨੂੰ ਦੇ ਦਿੱਤੀਆਂ ਹਨ। ਇਸ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਾ ਜੋ ਵੀ ਦੋਸ਼ੀ ਹੋਇਆ ਉਸ ਨੂੰ ਕਿਸੇ ਵੀ ਸੂਰਤ ਵਿਚ ਬਖਸ਼ਿਆ ਨਹੀਂ ਜਾਵੇਗਾ।
ਕਾਰਪੋਰੇਸ਼ਨ ਨੂੰ ਵੀ ਹੈ ਸਕਰੀਨਾਂ ਤੋਂ ਆਮਦਨ : ਇਸ ਪ੍ਰਾਜੈਕਟ ਤੋਂ ਕਾਰਪੋਰੇਸ਼ਨ ਨੂੰ ਜਿਥੇ ਸਾਲਾਨਾ 5 ਲੱਖ ਰੁਪਏ ਕਿਰਾਇਆ ਮਿਲਦਾ ਹੈ, ਉਥੇ 30 ਲੱਖ ਦੇ ਕਰੀਬ ਟੈਕਸ ਦੇ ਰੂਪ ਵਿਚ ਕੰਪਨੀ ਵੱਲੋਂ ਦਿੱਤੇ ਗਏ ਹਨ। ਕੰਪਨੀ ਨੇ 45 ਮਿੰਟ ਸਵੇਰੇ ਤੇ 45 ਮਿੰਟ ਸ਼ਾਮ ਨੂੰ ਲਾਈਵ ਕੀਰਤਨ ਦੇਣ ਦੇ ਸਮਝੌਤੇ ਤਹਿਤ ਇਹ ਟੈਂਡਰ ਲਿਆ ਸੀ ਪਰ ਲਾਈਵ ਦੀ ਥਾਂ 'ਤੇ ਇਸ ਸਮੇਂ ਸੀ. ਡੀ. ਲਾ ਕੇ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਕੰਪਨੀ ਵੱਲੋਂ ਲੱਗੀਆਂ ਸਕਰੀਨਾਂ 'ਚੋਂ ਕੁਝ ਸਕਰੀਨਾਂ ਇਕ ਹੋਰ ਚੈਨਲ ਨੂੰ ਕਿਰਾਏ 'ਤੇ ਦੇ ਦਿੱਤੀਆਂ ਗਈਆਂ ਹਨ। ਉਸ ਚੈਨਲ ਦੇ ਪ੍ਰਸਾਰਣ ਹੋਣ ਕਾਰਨ ਖ਼ਬਰਾਂ ਦੇ ਨਾਲ-ਨਾਲ ਅਜਿਹੇ ਇਸ਼ਤਿਹਾਰ ਵੀ ਆ ਰਹੇ ਹਨ ਜਿਨ੍ਹਾਂ ਨੂੰ ਲੈ ਕੇ ਸੰਗਤਾਂ 'ਚ ਰੋਸ ਪੈਦਾ ਹੋਇਆ ਹੈ।
ਆਮ ਆਦਮੀ ਪਾਰਟੀ ਨੇ ਦੋਵਾਂ ਪਾਰਟੀਆਂ ਨੂੰ ਠਹਿਰਾਇਆ ਜ਼ਿੰਮੇਵਾਰ : ਆਮ ਆਦਮੀ ਪਾਰਟੀ ਦੇ ਜੁਆਇੰਟ ਸੈਕਟਰੀ ਸਤਪਾਲ ਸਿੰਘ ਸੋਖੀ ਨੇ ਕਿਹਾ ਹੈ ਕਿ ਦੋਵੇਂ ਪਾਰਟੀਆਂ ਸਕਰੀਨਾਂ ਦੇ ਮਾਮਲੇ 'ਚ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜਿਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਾਣ-ਮਰਿਆਦਾ ਨੂੰ ਧਿਆਨ ਵਿਚ ਰੱਖੇ ਬਿਨਾਂ ਠੇਕਾ ਦੇ ਦਿੱਤਾ ਗਿਆ, ਉਥੇ ਹੁਣ ਮੌਜੂਦਾ ਸਰਕਾਰ ਵੀ ਪੂਰੀ ਤਰ੍ਹਾਂ ਦੋਸ਼ੀ ਹੈ ਕਿ ਉਸ ਵੱਲੋਂ ਕਿਵੇਂ ਸਕਰੀਨਾਂ ਇਕ ਨਿੱਜੀ ਚੈਨਲ ਨੂੰ ਅਲਾਟ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਨੂੰ ਸੰਗਤਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ 24 ਘੰਟੇ ਇਥੇ ਗੁਰਬਾਣੀ ਚੱਲਣ ਦੀ ਹੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਜਿਹੜੇ ਦੋਸ਼ੀ ਹਨ ਉਨ੍ਹਾਂ ਨੂੰ ਵੀ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ।


Related News