ਰਾਜਿਆਂ-ਮਹਾਰਾਜਿਆਂ ਦੇ ਜ਼ਮਾਨੇ ਦੀ ''ਠੰਡੀ ਸੜਕ'' ਵਹਾਅ ਰਹੀ ਹੈ ਆਪਣੀ ਬਦਹਾਲੀ ''ਤੇ ਹੰਝੂ

07/24/2017 6:47:55 AM

ਕਪੂਰਥਲਾ, (ਮਲਹੋਤਰਾ)- ਕਪੂਰਥਲਾ ਤੇ ਆਸ-ਪਾਸ ਦੇ ਇਲਾਕਿਆਂ 'ਚ ਸੜਕਾਂ ਦੀ ਮਾੜੀ ਹਾਲਤ ਹੋਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜਿਆਂ ਦੇ ਜ਼ਮਾਨੇ ਦੀ ਠੰਡੀ ਸੜਕ ਦੇ 'ਚ ਪਏ ਵੱਡੇ-ਵੱਡੇ ਟੋਏ ਆਉਣ-ਜਾਣ ਵਾਲਿਆਂ ਲਈ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ। ਜਿਥੇ ਮਾਲ ਰੋਡ ਤੋਂ ਲੋਕਾਂ ਦਾ ਲੰਘਣਾ ਔਖਾ ਹੋਇਆ ਪਿਆ ਹੈ, ਉਥੇ ਜ਼ਿਲਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। 
ਠੰਡੀ ਸੜਕ 'ਤੇ ਗੰਦਗੀ ਤੇ ਵੱਡੇ-ਵੱਡੇ ਟੋਏ- ਕਪੂਰਥਲਾ ਦੀਆਂ ਜ਼ਿਆਦਾਤਰ ਸੜਕਾਂ 'ਤੇ ਵੱਡੇ-ਵੱਡੇ ਟੋਏ ਹੀ ਨਜ਼ਰ ਆ ਰਹੇ ਹਨ, ਜਿਸ ਨਾਲ ਉਥੋਂ ਲੰਘਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਨਿਵਾਸੀ 85 ਸਾਲਾ ਇਕ ਬਜ਼ੁਰਗ ਨੇ ਦੱਸਿਆ ਕਿ ਇਕ ਜ਼ਮਾਨਾ ਸੀ ਕਪੂਰਥਲਾ ਦੀ ਇਕ ਸ਼ਾਨਦਾਰ ਸੜਕ ਮਾਲ ਰੋਡ ਜੋ ਠੰਡੀ ਸੜਕ ਦੇ ਨਾਮ ਤੋਂ ਮਸ਼ਹੂਰ ਸੀ, ਤੋਂ ਕੋਈ ਵੀ ਵਿਅਕਤੀ ਲੰਘਣਾ ਫਖਰ ਮਹਿਸੂਸ ਕਰਦਾ ਸੀ। ਠੰਡੀ ਸੜਕ ਨੂੰ ਉਸ ਟਾਈਮ ਦਾ ਪ੍ਰਸ਼ਾਸਨ ਬਹੁਤ ਹੀ ਤਰੀਕੇ-ਸਲੀਕੇ ਨਾਲ ਸੰਭਾਲ ਕੇ ਰੱਖਦਾ ਸੀ। ਸੜਕ 'ਤੇ ਪਈ ਕਿਸੇ ਵੀ ਤਰ੍ਹਾਂ ਦੀ ਗੰਦਗੀ ਨੂੰ ਮਿੰਟਾਂ-ਸਕਿੰਟਾਂ 'ਚ ਸਫਾਈ ਕਰਮਚਾਰੀਆਂ ਵਲੋਂ ਚੁੱਕ ਲਿਆ ਜਾਂਦਾ ਸੀ, ਨਹੀਂ ਤਾਂ ਸਫਾਈ ਕਰਮਚਾਰੀਆਂ ਨੂੰ ਇਸਦੀ ਸਜ਼ਾ ਭੁਗਤਣੀ ਪੈਂਦੀ ਸੀ। ਪਰ ਅੱਜ ਠੰਡੀ ਸੜਕ ਦੀ ਹਾਲਤ ਦੇਖਕੇ ਹਰ ਵਿਅਕਤੀ ਦੇ ਮਨ ਨੂੰ ਠੇਸ ਪਹੁੰਚਦੀ ਹੈ। ਠੰਡੀ ਸੜਕ 'ਤੇ ਗੰਦਗੀ ਤੋਂ ਇਲਾਵਾ ਜਗ੍ਹਾ ਜਗ੍ਹਾ ਵੱਡੇ-ਵੱਡੇ ਖੱਡੇ ਬਣ ਚੁੱਕੇ ਹਨ। ਥੋੜ੍ਹੇ ਜਿਹੇ ਮੀਂਹ ਪੈਣ ਨਾਲ ਇਹ ਸੜਕ ਤਲਾਬ ਜਾਂ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ। ਕਰੀਬ ਇਕ ਸਾਲ ਤੋਂ ਲੋਕਾਂ ਨੂੰ ਇਸ ਸਮੱਸਿਆਂ ਤੋਂ ਜੂਝਣਾ ਪੈ ਰਿਹਾ ਹੈ। 
ਕਾਂਜਲੀ ਪੁਲ 'ਤੇ ਰੁਕ ਜਾਂਦੇ ਹਨ ਸਾਹ- ਇਸੇ ਤਰ੍ਹਾਂ ਸੁਭਾਨਪੁਰ ਰੋਡ ਸਥਿਤ ਕਾਂਜਲੀ ਪੁਲ ਦਾ ਬੁਰਾ ਹਾਲ ਹੈ। ਇਸ ਪੁਲ ਤੋਂ ਲੰੰਘਣ ਵੇਲੇ ਵਾਹਨ ਚਾਲਕ ਦਾ ਆਪਣੇ ਆਪ ਸਾਹ ਰੁਕ ਜਾਂਦਾ ਹੈ। ਇੰਨੀ ਖਸਤਾ ਹਾਲਤ ਸੜਕ ਤੋਂ ਵਾਹਨ ਚਾਲਕ ਦਾ ਲੰਘਣਾ ਕਿਸੇ ਖਤਰੇ ਤੋਂ ਖਾਲੀ ਨਹੀਂ ਹੈ। ਇਸ ਸੜਕ 'ਤੇ ਹੋਈਆਂ ਦੁਰਘਟਨਾਵਾਂ 'ਚ ਕਈ ਲੋਕਾਂ ਦੀ ਮੌਤ ਤੇ ਕਈ ਜ਼ਖਮੀ ਹੋ ਚੁੱਕੇ ਹਨ।  
ਅਕਸਰ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ ਲੋਕ- ਇਸੇ ਤਰ੍ਹਾਂ ਇੰਡਸਟਰੀ ਏਰੀਆ, ਨਵਾਬ ਜੱਸਾ ਸਿੰਘ ਸਰਕਾਰੀ ਕਾਲਜ ਰੋਡ, ਮਤਾਬਗੜ੍ਹ ਏਰੀਆ, ਕਾਲਾ ਸੰਘਿਆਂ ਰੋਡ, ਮੁਹੱਲਾ ਜੱਟਪੁਰਾ ਰੋਡ, ਔਜਲਾ ਰੋਡ ਆਦਿ ਇਲਾਕਿਆਂ 'ਚ ਸੜਕ ਦਾ ਬੁਰਾ ਹਾਲ ਹੋਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਏ ਦਿਨ ਇਨ੍ਹਾਂ ਸੜਕਾਂ ਤੋਂ ਲੰਘਣ ਵਾਲੇ ਦੋ-ਪਹੀਆ ਵਾਹਨ, ਚਾਰ-ਪਹੀਆ ਵਾਹਨ ਤੇ ਰਿਕਸ਼ਾ ਚਾਲਕ ਅਕਸਰ ਦੁਰਘਟਨਾ ਦਾ ਸ਼ਿਕਾਰ ਹੋ ਰਹੇ ਹਨ।
ਦੱਸ ਦੇਈਏ ਕਿ ਸੜਕਾਂ ਤੇ ਪੁਲਾਂ ਦੀ ਇੰਨੀ ਜ਼ਿਆਦਾ ਖਸਤਾ ਤੇ ਖਤਰਨਾਕ ਹਾਲਤ ਦੇ ਬਾਵਜੂਦ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ। ਇਲਾਕਾ ਨਿਵਾਸੀ ਰਜੇਸ਼ ਗੋਇਲ, ਰਾਧੇ ਕ੍ਰਿਸ਼ਨ, ਸੁਰਿੰਦਰ ਅਰੋੜਾ ਐੱਮ. ਡੀ., ਮਨੀਸ਼ ਮਹਾਜਨ, ਜਰਨੈਲ ਸਿੰਘ ਘੁੰਮਣ, ਅਨਿਲ ਭਨੋਟ, ਮਨੋਜ ਹੈਪੀ, ਬਲਵਿੰਦਰ ਬੌਬੀ, ਸੁਰਜੀਤ ਸਿੰਘ ਭਾਅ, ਸਲਿਲ ਗੋਸੁਆਮੀ ਆਦਿ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਤੋਂ ਮੰਗ ਕੀਤੀ ਹੈ ਕਿ ਕਪੂਰਥਲਾ ਦੀਆਂ ਖਸਤਾਂ ਹਾਲਤ ਸੜਕਾਂ ਨੂੰ ਬਣਾ ਕੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਜਲਦੀ ਤੋਂ ਜਲਦੀ ਦੂਰ ਕੀਤਾ ਜਾਵੇ। 


Related News