ਨੂਰਪੁਰਬੇਦੀ ਸ਼ਹਿਰ ਦੀ ਸਫਾਈ ਵਿਵਸਥਾ ਵਿਗੜੀ

Monday, Apr 30, 2018 - 12:12 AM (IST)

ਨੂਰਪੁਰਬੇਦੀ ਸ਼ਹਿਰ ਦੀ ਸਫਾਈ ਵਿਵਸਥਾ ਵਿਗੜੀ

ਨੂਰਪੁਰਬੇਦੀ,   (ਅਵਿਨਾਸ਼)-  ਨਗਰ ਪੰਚਾਇਤ ਭੰਗ ਹੋਣ ਤੋਂ ਬਾਅਦ ਨੂਰਪੁਰਬੇਦੀ ਸ਼ਹਿਰ ਵਿਚ ਮੁੜ ਪੰਚਾਇਤ ਦਾ ਗਠਨ ਨਹੀਂ ਹੋ ਸਕਿਆ, ਜਿਸ ਕਾਰਨ ਸ਼ਹਿਰ ਦਾ ਪ੍ਰਬੰਧ ਪੰਚਾਇਤ ਵਿਭਾਗ ਦੇ ਪ੍ਰਬੰਧਕ ਕੋਲ ਹੈ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਸਫਾਈ ਵਿਵਸਥਾ ਦਾ ਬੁਰਾ ਹਾਲ ਹੈ। ਗਲੀਆਂ ਵਿਚ ਕੂੜੇ-ਕਰਕਟ ਦੇ ਢੇਰ ਲੱਗੇ ਹੋਏ ਹਨ, ਜਿਸ ਕਰ ਕੇ ਭਿਆਨਕ ਬੀਮਾਰੀਆਂ ਦੇ ਫੈਲਣ ਦਾ ਖਦਸ਼ਾ ਬਣ ਗਿਆ ਹੈ। ਇਸੇ ਤਰ੍ਹਾਂ ਸ਼ਹਿਰ ਦੀਆਂ ਨਾਲੀਆਂ ਵਿਚ ਗੰਦਗੀ ਫਸੀ ਹੋਣ ਕਰ ਕੇ ਪਾਣੀ ਦੀ ਨਿਕਾਸੀ ਵੀ ਬੰਦ ਰਹਿੰਦੀ ਹੈ ਅਤੇ ਮੱਛਰ ਪੈਦਾ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸ਼ਹਿਰ ਵਿਚ ਸਫਾਈ ਵਿਵਸਥਾ ਨੂੰ ਠੀਕ ਨਹੀਂ ਕੀਤਾ ਜਾਂਦਾ ਤਾਂ ਨਾ ਕੇਵਲ ਭਿਆਨਕ ਬੀਮਾਰੀਆਂ ਦਸਤਕ ਦੇਣਗੀਆਂ, ਬਲਕਿ ਲੋਕਾਂ ਦਾ ਘਰੋਂ ਨਿਕਲਣਾ ਵੀ ਦੁੱਭਰ ਹੋ ਜਾਵੇਗਾ। ਲੋਕਾਂ ਦਾ ਕਹਿਣਾ ਹੈ ਕਿ ਪ੍ਰਬੰਧਕ ਵੱਲੋਂ ਕਦੇ-ਕਦੇ ਹੀ ਸਫਾਈ ਕਰਵਾਈ ਜਾਂਦੀ ਹੈ, ਜਿਸ ਕਾਰਨ ਗਲੀਆਂ-ਨਾਲੀਆਂ ਵਿਚ ਕੂੜਾ ਜਮ੍ਹਾ ਹੋ ਜਾਂਦਾ ਹੈ। ਸਫਾਈ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਕੂੜੇ ਨੂੰ ਸੁੱਟਣ ਲਈ ਵੀ ਥਾਂ ਦੀ ਵਿਵਸਥਾ ਨਹੀਂ ਹੈ, ਜਿਸ ਕਰ ਕੇ ਘਰਾਂ ਦੇ ਕੂੜੇ ਨੂੰ ਬਾਹਰ ਸੁੱਟਣ ਵਿਚ ਦਿੱਕਤ ਆਉਂਦੀ ਹੈ। ਆਮ ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਸੁਧਾਰਨ ਲਈ ਰੈਗੂਲਰ ਤੌਰ 'ਤੇ ਪ੍ਰਬੰਧ ਕੀਤਾ ਜਾਵੇ। ਸ਼ਹਿਰ ਦੇ ਨਵੇਂ ਬਣੇ ਬੱਸ ਅੱਡੇ ਦੇ ਆਲੇ-ਦੁਆਲੇ ਵੀ ਕੂੜਾ ਕਰਕਟ ਜਮ੍ਹਾ ਹੋ ਗਿਆ ਹੈ। 
ਇਸ ਸਬੰਧੀ ਬੀ. ਡੀ. ਪੀ. ਓ. ਨੂਰਪੁਰਬੇਦੀ ਬਲਬੀਰ ਸਿੰਘ ਨੇ ਕਿਹਾ ਕਿ ਉਹ ਅਗਲੇ ਦਿਨ ਸਬੰਧਤ ਪ੍ਰਬੰਧਕ ਨੂੰ ਲਿਖਤੀ ਹੁਕਮ ਕਰਨਗੇ, ਤਾਂ ਜੋ ਸ਼ਹਿਰ ਦੀ ਸਫਾਈ ਲਈ ਤੁਰੰਤ ਪ੍ਰਬੰਧ ਕੀਤੇ ਜਾ ਸਕਣ। ਇਸ ਮੌਕੇ ਡਾ. ਅਨੁਪਮ, ਡਾ. ਰਾਕੇਸ਼, ਡਾ. ਗੁਰਦੇਵ ਸਿੰਘ, ਕੁਲਦੀਪ ਚੰਦਰ, ਹਰੀ ਅਵਤਾਰ, ਡਾ. ਮੁਕੇਸ਼ ਵੀ ਹਾਜ਼ਰ ਸਨ।


Related News