ਖਰੜ ''ਚ ਖੜਕ ਸਕਦੀ ਹੈ ਸਤਿੰਦਰ ਸੱਤੀ ਦੀ ਆਵਾਜ਼, ਸਿਆਸਤ ''ਚ ਉਤਰਨ ਦੀ ਤਿਆਰੀ
Saturday, Jul 19, 2025 - 05:32 PM (IST)

ਖਰੜ : ਵਿਧਾਨ ਸਭਾ ਹਲਕਾ ਖਰੜ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਕੱਲ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਪਾਰਟੀ ਨੂੰ ਅਲਵਿਦਾ ਕਰ ਗਏ ਅਤੇ ਅੱਜ ਖਰੜ ਤੋਂ 'ਆਪ' ਦੀ ਵਿਧਾਇਕਾ ਅਤੇ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ ਅਹੁਦੇ ਤੋਂ ਅਸਤੀਫਾ ਦੇਣ ਸਣੇ ਸਿਆਸਤ ਨੂੰ ਵੀ ਅਲਵਿਦਾ ਕਰ ਦਿੱਤੀ ਹੈ। ਇਨ੍ਹਾਂ ਦੋਵਾਂ ਦੇ ਅਲਵਿਦਾ ਕਹਿਣ ਵਿਚਕਾਰ ਇਸ ਹਲਕੇ ਵਿਚ ਪੰਜਾਬੀ ਜ਼ੁਬਾਨ ਦੀ ਦੁਨੀਆਂ ਭਰ ਵਿਚ ਕਬੂਲੀ ਗਈ ਸ਼ਖਸੀਅਤ ਸਤਿੰਦਰ ਸੱਤੀ ਦੀ ਆਮਦ ਹੋ ਸਕਦੀ ਹੈ। ਚਰਚਾਵਾਂ ਹਨ ਕਿ ਸਤਿੰਦਰ ਸੱਤੀ ਸਿਆਸਤ ਵਿਚ ਕਦਮ ਰੱਖਣ ਜਾ ਰਹੇ ਹਨ। ਬੇਸ਼ੱਕ ਉਨ੍ਹਾਂ ਨੇ ਆਪਣੇ ਤੌਰ 'ਤੇ ਇਸ ਗੱਲ ਦਾ ਅਜੇ ਤੱਕ ਕੋਈ ਸੰਕੇਤ ਨਹੀਂ ਦਿੱਤਾ ਹੈ ਪਰ ਸਿਆਸਤ ਵਿਚ ਚਰਚਾ ਹੈ ਕਿ ਜਿੱਥੇ ਇਕ ਆਰਟਿਸਟ ਨੇ ਅਸਤੀਫਾ ਦਿੱਤਾ ਹੈ ਉੱਥੇ ਦੂਜਾ ਆਰਟਿਸਟ ਇਸ ਹਲਕੇ ਵਿਚ ਐਂਟਰੀ ਮਾਰ ਸਕਦਾ ਹੈ। ਹਾਲਾਂਕਿ ਇਹ ਅਜੇ ਤੱਕ ਸਾਫ ਨਹੀਂ ਹੈ ਕਿ ਸਤਿੰਦਰ ਸੱਤੀ ਅਨਮੋਲ ਗਗਨ ਮਾਨ ਦੀ ਜਗ੍ਹਾ ਲੈਣਗੇ ਜਾਂ ਫਿਰ ਭਾਜਪਾ ਵੱਲੋਂ ਪਾਰੀ ਖੇਡਣਗੇ ਪਰ ਇਕ ਗੱਲ ਯਕੀਨੀ ਤੌਰ 'ਤੇ ਮੰਨੀ ਜਾ ਰਹੀ ਹੈ ਕਿ ਉਨ੍ਹਾਂ ਦਾ ਸਿਆਸਤ ਵਿਚ ਆਉਣਾ ਲਗਭਗ ਤੈਅ ਹੈ ਤੇ ਸਿਆਸਤੀ ਜਮਾਤਾਂ ਵੀ ਇਸ ਹਲਕੇ ਤੋਂ ਸੱਤੀ ਵਰਗੇ ਮਕਬੂਲ ਉਮੀਦਵਾਰ ਨੂੰ ਉਤਾਰਨ ਵਿੱਚ ਉਤਸੁਕ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਅਨਮੋਲ ਗਗਨ ਮਾਨ ਵੱਲੋਂ ਸਿਆਸਤ ਛੱਡਣ ਦਾ ਐਲਾਨ
ਗੌਰਤਲਬ ਹੈ ਕਿ ਸਤਿੰਦਰ ਸੱਤੀ ਦੁਨੀਆਂ ਭਰ ਵਿਚ ਆਪਣੀ ਪੇਸ਼ਕਾਰੀ ਦੇ ਲਹਿਜ਼ੇ ਅਤੇ ਸ਼ਾਇਰੀ ਸਦਕਾ ਸ਼ਬਦਾਂ ਦੀ ਜਾਦੂਗਰ ਮੰਨੇ ਜਾਂਦੇ ਹਨ। ਟੈਲੀਵਿਜ਼ਨ ਦੀ ਦੁਨੀਆਂ ਵਿਚ ਕਈ ਵੱਡੇ ਸ਼ੋਅ, ਸੈਂਕੜੇ ਇੰਟਰਵਿਊ, ਦੇਸ਼ਾਂ ਵਿਦੇਸ਼ਾਂ ਵਿਚ ਪ੍ਰਫਾਰਮ ਕਰਨ ਤੋਂ ਇਲਾਵਾ ਉਹ ਹਜ਼ਾਰਾਂ ਸਟੇਜਾਂ ਨੂੰ ਬਤੌਰ ਐਂਕਰ ਸੰਭਾਲ ਚੁੱਕੇ ਹਨ ਅਤੇ ਦੇਸ਼ ਦੇ ਕਈ ਮੁੱਖ ਮੰਤਰੀਆਂ ਸਮੇਤ ਪ੍ਰਧਾਨ ਮੰਤਰੀ ਤੱਕ ਨਾਲ ਵੀ ਸਟੇਜ ਸਾਂਝੀ ਕਰ ਚੁੱਕੇ ਹਨ। ਦੱਸਣਾ ਬਣਦਾ ਹੈ ਕਿ ਉਹ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਵੀ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : ਨਾਇਬ ਤਹਿਸੀਲਦਾਰ ਜਸਵੀਰ ਕੌਰ ਦੀ ਵਾਇਰਲ ਵੀਡੀਓ ਨੇ ਮਚਾਇਆ ਤਹਿਲਕਾ, ਹੋਈ ਸਸਪੈਂਡ
ਬਹਿਰਹਾਲ ਵੇਖਣਾ ਹੋਵੇਗਾ ਕਿ ਹੁਣ ਸੱਤੀ ਦੀ ਸ਼ਾਇਰੀ ‘ਤੇ ਇਰਸ਼ਾਦ ਬੀਜੇਪੀ ਕਹੇਗੀ ਜਾਂ ਫਿਰ ਆਮ ਆਦਮੀ ਪਾਰਟੀ। ਵੇਖਣਾ ਇਹ ਵੀ ਦਿਲਚਸਪ ਹੋਵੇਗਾ ਕਿ ਸੱਤੀ ਆਪਣੀ ਚਾਹ ਦਾ ਕੱਪ ਚਾਹ ਵਾਲੇ ਦੀ ਪਾਰਟੀ ਨਾਲ ਪੀਂਦੇ ਹਨ ਜਾਂ ਫਿਰ ਕਿਸੇ ਹੋਰ ਨਾਲ।