ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕਤਸਰ ਧਰਨੇ ’ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਕੀਤੀਆਂ ਮਨਜ਼ੂਰ
Wednesday, Apr 06, 2022 - 10:18 AM (IST)
ਜਲੰਧਰ/ਸ੍ਰੀ ਮੁਕਤਸਰ ਸਾਹਿਬ/ਜੈਤੋ (ਧਵਨ, ਪਵਨ ਤਨੇਜਾ, ਖੁਰਾਣਾ, ਪਰਾਸ਼ਰ) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਬੀ. ਕੇ. ਯੂ. (ਏਕਤਾ-ਉਗਰਾਹੋਂ) ਅਤੇ ਪੰਜਾਬ ਯੂਨੀਅਨ ਦੇ ਸੂਬਾ ਨੇਤਾਵਾਂ ਨਾਲ ਹੋਈ ਬੈਠਕ ਦੌਰਾਨ ਉਨ੍ਹਾਂ ਵਲੋਂ ਰੱਖੀਆਂ ਗਈਆਂ ਮੰਗਾਂ ਨੂੰ ਮਨਜ਼ੂਰ ਕਰ ਲਿਆ ਹੈ। ਇਸ ਬੈਠਕ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕਪਾਹ ਦੀ ਕੁਲ ਬਿਜਾਈ ਦਾ ਨੁਕਸਾਨ 50 ਫੀਸਦੀ ਮੰਨ ਕੇ ਮੁਆਵਜ਼ਾ ਦੇਣ ਅਤੇ ਇਸ ਦਾ 10 ਫ਼ੀਸਦੀ ਮੁਆਵਜ਼ਾ ਮਜ਼ਦੂਰਾਂ ਨੂੰ ਦੇਣ ਲਈ ਕਪਾਹ ਨੂੰ ਚੁਗਣ ਵਾਲੇ ਮਜ਼ਦੂਰਾਂ ਦੀ ਪਛਾਣ ਪਿੰਡਾਂ ਵਿਚ ਆਮ ਇਜਲਾਸ ਰਾਹੀਂ ਕਰਨ, ਲੰਬੀ ਵਿਖੇ ਲਾਠੀਚਾਰਜ ਦੇ ਕਸੂਰਵਾਰ ਡੀ. ਸੀ. ਮੁਕਤਸਰ ਅਤੇ ਡੀ. ਐੱਸ. ਪੀ. ਮਲੋਟ ਖ਼ਿਲਾਫ਼ ਕਾਨੂੰਨੀ ਤੇ ਵਿਭਾਗੀ ਕਾਰਵਾਈ ਕਰਨ ਅਤੇ ਮਜ਼ਦੂਰਾਂ-ਕਿਸਾਨਾਂ ’ਤੇ ਦਰਜ ਕੇਸ ਵਾਪਸ ਲੈਣ ਆਦਿ ਦੀਆਂ ਮੰਗਾਂ ਸਵੀਕਾਰ ਕਰ ਲੈਣ ਤੋਂ ਬਾਅਦ ਦੋਵਾਂ ਸੰਗਠਨਾਂ ਨੇ ਡੀ. ਸੀ. ਦਫਤਰ ਅੱਗੇ ਚੱਲ ਰਿਹਾ ਅਣਮਿੱਥੇ ਸਮੇਂ ਦਾ ਧਰਨਾ ਮੁਲਤਵੀ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਦਿੱਤੀ ਇੱਕ ਹੋਰ ਵੱਡੀ ਰਾਹਤ
ਇਹ ਜਾਣਕਾਰੀ ਦੋਵਾਂ ਸੰਗਠਨਾਂ ਦੇ ਜਨਰਲ ਸਕੱਤਰਾਂ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਲਕਸ਼ਮਣ ਸਿੰਘ ਸੇਵੇਵਾਲਾ ਵੱਲੋਂ ਮੁੱਖ ਮੰਤਰੀ ਨਾਲ ਬੈਠਕ ਤੋਂ ਬਾਅਦ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਵਿਚ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬੈਠਕ ਵਿਚ ਬੀ. ਕੇ. ਯੂ. (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ, ਸੁਖਦੇਵ ਸਿੰਘ ਕੋਕਰੀਕਲਾਂ ਤੇ ਲਕਸ਼ਮਣ ਸਿੰਘ ਸੇਵੇਵਾਲਾ ਸ਼ਾਮਲ ਹੋਏ।
ਇਹ ਵੀ ਪੜ੍ਹੋ : ਨਕੋਦਰ ਥਾਣੇ 'ਚ ਪਿੰਡ ਬਜੂਹਾ ਕਲਾਂ ਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਰਿਵਾਰ ਨੇ ਪੁਲਸ 'ਤੇ ਗੰਭੀਰ ਇਲਜ਼ਾਮ
ਦੋਵਾਂ ਨੇਤਾਵਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਤਤਕਾਲੀਨ ਡੀ. ਸੀ. ਮੁਕਤਸਰ ਸਾਹਿਬ ਵੱਲੋਂ ਜਾਣ-ਬੁੱਝ ਕੇ ਗੁਲਾਬੀ ਸੁੰਡੀ ਦੇ ਨਾਲ ਕਪਾਹ ਦੀ ਸਹੀ ਗਿਰਦਾਵਰੀ ਨਹੀਂ ਕਰਵਾਈ ਗਈ। ਕਪਾਹ ਚੁਗਣ ਵਾਲੇ ਮਜ਼ਦੂਰਾਂ ਦੀ ਸ਼ਨਾਖਤ ਦਾ ਕੰਮ ਵੀ ਸ਼ੁਰੂ ਨਹੀਂ ਕਰਵਾਇਆ ਗਿਆ ਅਤੇ ਮੁਆਵਜ਼ੇ ਤੋਂ ਬਾਹਰ ਰੱਖੇ ਗਏ ਹੱਕਦਾਰ ਕਿਸਾਨਾਂ-ਮਜ਼ਦੂਰਾਂ ਨੂੰ ਮੁਆਵਜ਼ਾ ਸੂਚੀ ਵਿਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਵਿਖਾਵਾ ਕਰ ਰਹੇ ਲੋਕਾਂ ’ਤੇ ਲਾਠੀਚਾਰਜ ਕਰਵਾਇਆ ਗਿਆ ਜਿਸ ਨਾਲ ਕਈ ਮਜ਼ਦੂਰ ਤੇ ਕਿਸਾਨ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਨੇ ਲੰਬੀ ਵਿਖੇ ਵਾਪਰੀ ਘਟਨਾ ਨੂੰ ਮੰਦਭਾਗੀ ਕਰਾਰ ਦਿੰਦੇ ਹੋਏ ਸ੍ਰੀ ਮੁਕਤਸਰ ਸਾਹਿਬ ਵਿਖੇ ਕਪਾਹ ਦੀ ਕੁਲ ਬਿਜਾਈ ਦਾ 50 ਫ਼ੀਸਦੀ ਨੁਕਸਾਨ ਦੇ ਹਿਸਾਬ ਨਾਲ ਬਣਦਾ 50 ਕਰੋੜ ਰੁਪਏ ਦਾ ਮੁਆਵਜ਼ਾ ਕਾਸ਼ਤਕਾਰ ਕਿਸਾਨਾਂ ਨੂੰ ਅਤੇ 5 ਕਰੋੜ ਦੇ ਲਗਭਗ ਕਪਾਹ ਚੁਗਣ ਵਾਲੇ ਖੇਤ ਮਜ਼ਦੂਰਾਂ ਨੂੰ ਪਾਰਦਰਸ਼ੀ ਢੰਗ ਨਾਲ ਦੇਣ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨੇ ਬਾਕੀ ਰਹਿੰਦੀਆਂ ਮੰਗਾਂ ਦੇ ਹੱਲ ਲਈ ਇਸ ਮਹੀਨੇ ਦੇ ਅਖੀਰ ’ਚ ਇਕ ਹੋਰ ਬੈਠਕ ਕਰਨ ਦਾ ਭਰੋਸਾ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ