ਖਜ਼ਾਨਾ ਅਫ਼ਸਰ ''ਤੇ ਬਿੱਲਾਂ ਦੀ ਅਦਾਇਗੀ ਬਦਲੇ ਪੈਸੇ ਵਸੂਲਣ ਦੇ ਦੋਸ਼
Friday, Nov 10, 2017 - 02:56 AM (IST)
ਗਿੱਦੜਬਾਹਾ, (ਕੁਲਭੂਸ਼ਨ)- ਖਜ਼ਾਨਾ ਅਧਿਕਾਰੀ 'ਤੇ ਕਰਮਚਾਰੀਆਂ ਦੇ ਡੀ. ਏ., ਮੈਡੀਕਲ ਬਿੱਲ ਅਤੇ ਏ. ਸੀ. ਪੀ. ਬਿੱਲਾਂ ਦੀਆਂ ਅਦਾਇਗੀਆਂ ਕਰਨ ਬਦਲੇ ਪੈਸੇ ਵਸੂਲਣ ਜਾਂ ਸਿਫਾਰਸ਼ ਤਹਿਤ ਬਿੱਲ ਪਾਸ ਕੀਤੇ ਜਾਣ ਦੇ ਦੋਸ਼ ਲੱਗੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਆਪਕ ਅਮਿਤ ਕਟਾਰੀਆ, ਅਸ਼ੋਕ ਕੁਮਾਰ ਤੇ ਰਤਨ ਪੋਪਲੀ ਨੇ ਦੱਸਿਆ ਕਿ ਉਨ੍ਹਾਂ ਦੇ ਸਾਰੇ ਭੱਤਿਆਂ ਦੇ ਬਿੱਲ ਖ਼ਜ਼ਾਨਾ ਦਫ਼ਤਰ ਰਾਹੀਂ ਕਲੀਅਰ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਉਕਤ ਦਫ਼ਤਰ ਵਿਖੇ ਤਾਇਨਾਤ ਖ਼ਜ਼ਾਨਾ ਅਫ਼ਸਰ ਸ਼ਾਮ ਸੁੰਦਰ ਤੇ ਉਨ੍ਹਾਂ ਦੇ ਸਹਾਇਕ ਵੱਲੋਂ ਸ਼ਰੇਆਮ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਜਾਂ ਫਿਰ ਬਿੱਲ ਮੰਤਰੀਆਂ ਤੋਂ ਫ਼ੋਨ ਕਰਵਾ ਕੇ ਪਾਸ ਕਰਵਾਉਣ ਲਈ ਕਿਹਾ ਜਾਂਦਾ ਹੈ। ਉਕਤ ਅਧਿਆਪਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਦੀ ਸਹੂਲਤ ਲਈ ਇਹ ਸਾਰੀਆਂ ਸੁਵਿਧਾਵਾਂ ਬਲਾਕ ਪੱਧਰ 'ਤੇ ਮੁਹੱਈਆ ਕਰਵਾਈਆਂ ਗਈਆਂ ਹਨ ਪਰ ਇਸ ਤਰ੍ਹਾਂ ਦੇ ਅਫ਼ਸਰ ਸਰਕਾਰ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਉਕਤ ਦਫ਼ਤਰ ਵਿਚੋਂ ਕੋਈ ਰਿਸ਼ਵਤ ਦੇ ਕੇ ਕੰਮ ਕਰਵਾ ਲਵੇ ਤਾਂ ਉਸ ਦਾ ਕੰਮ ਸਾਰੇ ਨਿਯਮਾਂ ਨੂੰ ਤਾਕ 'ਤੇ ਰੱਖ ਵੀ ਕਰ ਦਿੱਤਾ ਜਾਂਦਾ ਹੈ ਪਰ ਜੇਕਰ ਕੋਈ ਬਿਨਾਂ ਰਿਸ਼ਵਤ ਕੰਮ ਕਰਵਾਉਣਾ ਚਾਹੇ ਤਾਂ ਉਸ ਨੂੰ ਸਰਕਾਰ ਵੱਲੋਂ ਲਾਈਆਂ ਗਈਆਂ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਬਾਰੇ ਦੱਸ ਕੇ ਬਿੱਲ ਪਾਸ ਕਰਨ ਵਿਚ ਅਸਮਰਥਤਾ ਪ੍ਰਗਟਾਈ ਜਾਂਦੀ ਹੈ। ਉਨ੍ਹਾਂ ਖਜ਼ਾਨਾ ਦਫ਼ਤਰ ਵਿਖੇ ਤਾਇਨਾਤ ਅਧਿਕਾਰੀਆਂ ਤੇ ਦਫ਼ਤਰ ਵਿਚ ਹੁੰਦੀ ਨਿਯਮਾਂ ਦੀ ਅਣਡਿੱਠਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
