ਕਾਂਗਰਸੀ ਕੌਂਸਲਰ ਦੇ ਪਤੀ ਦੇ ਕਤਲ ਦਾ ਮੁੱਖ ਦੋਸ਼ੀ ਪ੍ਰੋਡਕਸ਼ਨ ਵਾਰੰਟ ''ਤੇ ਲਿਆਂਦਾ
Sunday, Dec 03, 2017 - 09:13 AM (IST)
ਬਨੂੜ (ਗੁਰਪਾਲ)-ਬਨੂੜ ਦੇ ਵਾਰਡ ਨੰ.² 7 ਦੀ ਕਾਂਗਰਸੀ ਕੌਂਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਪਿੰਛੀ ਦੇ ਕਤਲ ਵਿਚ ਨਾਮਜ਼ਦ ਮੁੱਖ ਦੋਸ਼ੀ ਲਾਰੈਂਸ ਬਿਸ਼ਨੋਈ (ਗਰੁੱਪ ਦੇ ਗੈਂਗਸਟਰ ਦੀਪੂ ਬਨੂੜ ਨੂੰ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਮੋਹਾਲੀ ਦੀ ਅਦਾਲਤ ਵਿਚ ਲੈ ਕੇ ਗਈ, ਜਿਥੇ ਉਸ ਨੂੰ ਪੰਜ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਇਸ ਦੀ ਪੁਸ਼ਟੀ ਬਨੂੜ ਦੇ ਥਾਣਾ ਮੁਖੀ ਇੰਸ. ਗੁਰਜੀਤ ਸਿੰਘ ਨੇ ਕਰਦਿਆਂ ਕਿਹਾ ਕਿ ਉਹ ਦੀਪੂ ਪਿੰਛੀ ਕਤਲ ਕਾਂਡ ਦਾ ਮੁੱਖ ਦੋਸ਼ੀ ਹੈ ਤੇ ਕਾਤਲ ਸਮੇਤ ਕਈ ਹੋਰ ਮਾਮਲਿਆਂ ਵਿਚ ਲੋੜੀਂਦਾ ਹੈ। ਦੱਸਣਯੋਗ ਹੈ ਕਿ 6 ਸਤੰਬਰ ਦੀ ਸ਼ਾਮ ਨੂੰ ਕਾਂਗਰਸੀ ਕੌਂਸਲਰ ਦਾ ਪਤੀ ਪਿੰਛੀ ਵਾਲੀਆ ਆਪਣੇ ਦੋਸਤਾਂ ਨਾਲ ਸੈਰ ਕਰ ਰਿਹਾ ਸੀ ਕਿ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਤੋਂ ਕੁਝ ਦਿਨ ਬਾਅਦ ਦੀਪੂ ਬਨੂੜ ਨੇ ਆਪਣੇ ਫੇਸਬੁਕ ਅਕਾਊਂਟ 'ਤੇ ਇਕ ਪੋਸਟ ਪਾ ਕੇ ਪਿੰਛੀ ਵਾਲੀਆ ਦੇ ਕਤਲ ਦੀ ਜ਼ਿੰਮੇਵਾਰੀ ਲੈ ਲਈ ਸੀ, ਜਿਸ ਵਿਚ ਉਸ ਨੇ ਬਿਸ਼ਨੋਈ ਗਰੁੱਪ ਦੇ ਨਾਲ-ਨਾਲ ਵਾਈ. ਐੱਫ. ਆਈ. ਨੂੰ ਸ਼ਾਮਲ ਕੀਤਾ ਸੀ, ਜਿਸ ਦਾ ਸਰਪ੍ਰਸਤ ਨਗਰ ਕੌਂਸਲ ਬਨੂੜ ਦਾ ਪ੍ਰਧਾਨ ਨਿਰਮਲਜੀਤ ਨਿੰਮਾ ਹੈ।
ਇਸ ਤੋਂ ਇਲਾਵਾ ਦੀਪੂ ਬਨੂੜ ਤੇ 4 ਅਪ੍ਰੈਲ ਵਾਰਡ ਨੰ. 8 ਦੇ ਵਸਨੀਕ ਜੱਸੀ ਦੇ ਘਰ ਅੱਗੇ ਫਾਇਰਿੰਗ ਕੀਤੀ ਸੀ, ਜਿਸ ਵਿਰੁੱਧ ਥਾਣਾ ਬਨੂੜ ਵਿਚ ਮਾਮਲਾ ਦਰਜ ਹੈ ਤੇ ਇਨ੍ਹਾਂ ਮਾਮਲਿਆਂ ਤੋਂ ਇਲਾਵਾ ਉਸ 'ਤੇ ਵੱਖ-ਵੱਖ ਥਾਣਿਆਂ ਵਿਚ ਕਤਲ ਤੋਂ ਇਲਾਵਾ ਹੋਰ ਵੀ ਅਪਰਾਧਿਕ ਮਾਮਲੇ ਦਰਜ ਹਨ। ਦੀਪੂ ਨੂੰ ਕੁਝ ਦਿਨ ਪਹਿਲਾਂ ਹੀ ਭਿਵਾਨੀ ਪੁਲਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਨੂੰ ਡੇਰਾਬਸੀ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਲੈ ਆਈ ਸੀ ਤੇ ਰਿਮਾਂਡ ਖਤਮ ਹੋਣ ਉਪਰੰਤ ਪਟਿਆਲਾ ਜੇਲ ਭੇਜ ਦਿੱਤਾ ਗਿਆ ਸੀ, ਜਿਸ ਨੂੰ ਪਟਿਆਲਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਬਨੂੜ ਪੁਲਸ ਲੈ ਕੇ ਆਈ ਹੈ।
ਥਾਣਾ ਮੁਖੀ ਗੁਰਜੀਤ ਸਿੰਘ ਨੇ ਦੱਸਿਆ ਕਿ ਦੀਪੂ ਤੋਂ ਪਿੰਛੀ ਕਤਲ ਕਾਂਡ ਤੇ ਸੁਨੀਲ ਜੋਸ਼ੀ ਦੇ ਘਰ 'ਤੇ ਫਾਇਰਿੰਗ ਆਦਿ ਮਾਮਲਿਆਂ ਵਿਚ ਸ਼ਾਮਲ ਹੋਰ ਦੋਸ਼ੀਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
