ਬੇਅਦਬੀ ਮਾਮਲਿਆਂ ’ਚ ਕਾਰਵਾਈ ’ਤੇ ਕੈਪਟਨ ਨੇ CM ਚੰਨੀ ਤੇ ਰੰਧਾਵਾ ਨੂੰ ਘੇਰਿਆ
Sunday, Nov 07, 2021 - 11:22 PM (IST)

ਚੰਡੀਗੜ੍ਹ(ਰਮਨਜੀਤ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬੀਤੇ ਦਿਨੀ ਸ੍ਰੀ ਚਮਕੌਰ ਸਾਹਿਬ ਵਿਖੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਬਰਗਾੜੀ ਅਤੇ ਬੇਅਦਬੀ ਮਾਮਲਿਆਂ ’ਚ ਕਾਰਵਾਈ ਸਬੰਧੀ ਦਿੱਤੇ ਗਏ ਬਿਆਨ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਤਿੱਖਾ ਹਮਲਾ ਬੋਲਿਆ। ਉਨ੍ਹਾਂ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨਾਂ ਨੂੰ ਇਕੱਠਿਆਂ ਸਾਂਝਾ ਕੀਤਾ, ਜਿਨ੍ਹਾਂ ਵਿਚ ਦੋਵੇਂ ਹੀ ਪਰਸਪਰ ਵਿਰੋਧੀ ਗੱਲਾਂ ਕਹਿ ਰਹੇ ਹਨ।
ਇਹ ਵੀ ਪੜ੍ਹੋ- CM ਚੰਨੀ ਡੀਜ਼ਲ ’ਤੇ ਸੂਬੇ ਦਾ ਵੈਟ ਘਟਾਉਣ ਤੋਂ ਨਾਂਹ ਕਰਕੇ ਕਿਸਾਨਾਂ, ਉਦਯੋਗ ਤੇ ਟਰਾਂਸਪੋਰਟ ਸੈਕਟਰ ਨੂੰ ਸਜ਼ਾ ਨਾ ਦੇਣ: ਬਾਦਲ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਘਟੀਆ ਸਿਆਸਤ ਕਰਨੀ ਬੰਦ ਕਰੋ। ਅਜਿਹੀਆਂ ਗੱਲਾਂ ਕਾਰਨ ਪਹਿਲਾਂ ਵੀ ਇਨਸਾਫ ਮਿਲਣ ਦੀ ਪ੍ਰਕਿਰਿਆ ਨੂੰ ਧੱਕਾ ਲੱਗ ਚੁੱਕਾ ਹੈ। ਜਿਨ੍ਹਾਂ ਕਾਨੂੰਨੀ ਪ੍ਰਕਿਰਿਆਵਾਂ ਦਾ ਹੁਣ ਜ਼ਿਕਰ ਕੀਤਾ ਜਾ ਰਿਹਾ ਹੈ, ਉਹ ਸਭ ਮੇਰੇ ਸੀ. ਐੱਮ. ਹੁੰਦਿਆਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਦੀ ਸਰਕਾਰ ਦੇ ਸਮੇਂ ਉਕਤ ਮਾਮਲਿਆਂ ’ਚ ਡੀ. ਜੀ. ਪੀ. ਪੱਧਰ ਦੇ ਅਧਿਕਾਰੀ ਸਮੇਤ 19 ਪੁਲਸ ਅਧਿਕਾਰੀਆਂ ਅਤੇ 24 ਹੋਰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ’ਚੋਂ ਕਈ ਹੁਣ ਜ਼ਮਾਨਤਾਂ ’ਤੇ ਹਨ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਇਨਸਾਫ ਮਿਲੇਗਾ।
ਚੰਨੀ ਤੇ ਰੰਧਾਵਾ ਦੇ ਬਿਆਨ ਵੀ ਕੀਤੇ ਸਾਂਝੇ
ਕੈਪਟਨ ਅਮਰਿੰਦਰ ਸਿਘ ਵਲੋਂ ਡਿਪਟੀ ਸੀ. ਐੱਮ. ਸੁਖਜਿੰਦਰ ਸਿੰਘ ਰੰਧਾਵਾ ਦਾ 19 ਸਤੰਬਰ ਦਾ ਇਕ ਬਿਆਨ ਸਾਂਝਾ ਕੀਤਾ ਗਿਆ ਹੈ, ਜਿਸ ਵਿਚ ਰੰਧਾਵਾ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਇਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਬੇਅਦਬੀ ਵਰਗੇ ਮਾਮਲਿਆਂ ’ਚ ਇਨਸਾਫ ਦੇਣ ਲਈ ਸਰਕਾਰਾਂ ਨੂੰ 4 ਮਹੀਨੇ ਹੀ ਨਹੀਂ, ਸਗੋਂ 4 ਦਿਨ ਹੀ ਬਹੁਤ ਹੁੰਦੇ ਹਨ। ਇਸ ਲਈ ਕੁਰਸੀ ਉੱਤੇ ਬੈਠੇ ਵਿਅਕਤੀ ਦੀ ਨੀਯਤ ਅਤੇ ਏਜੰਡਾ ਸਪੱਸ਼ਟ ਹੋਣਾ ਚਾਹੀਦਾ ਹੈ। ਇਹ ਜਵਾਬ ਰੰਧਾਵਾ ਨੇ ਇਹ ਪੁੱਛੇ ਜਾਣ ’ਤੇ ਦਿੱਤਾ ਸੀ ਕਿ ਕੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਪਿੱਛੋਂ ਕੰਮ ਕਰਨ ਲਈ ਬਾਕੀ ਬਚੇ 4-5 ਮਹੀਨਿਆਂ ਦੌਰਾਨ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ’ਚ ਇਨਸਾਫ ਮਿਲ ਸਕੇਗਾ।
ਇਹ ਵੀ ਪੜ੍ਹੋ- ਅਮਿਤ ਸ਼ਾਹ ਨੂੰ ਖੁਸ਼ ਕਰਨ ਲਈ ਕੈਪਟਨ ਨੇ ਨਵੀਂ ਪਾਰਟੀ ਬਣਾਈ : ਲਾਲ ਸਿੰਘ
ਉਧਰ ਕੈਪਟਨ ਅਮਰਿੰਦਰ ਸਿੰਘ ਵਲੋਂ ਸੀ. ਚੰਨੀ ਦੇ ਉਸ ਬਿਆਨ ਨੂੰ ਵੀ ਸਾਂਝਾ ਕੀਤਾ ਗਿਆ ਹੈ, ਜਿਸ ਵਿਚ ਚੰਨੀ ਇਹ ਕਹਿ ਰਹੇ ਹਨ ਕਿ ਬੇਅਦਬੀ ਦੇ ਮਾਮਲਿਆਂ ’ਚ ਇਨਸਾਫ ਮਿਲੇਗਾ ਅਤੇ ਇਸ ਲਈ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਚੰਨੀ ਵਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਕੋਲੋਂ ਪੁੱਛਗਿੱਛ ਕੀਤੇ ਜਾਣ ਲਈ ਮਿਲੀ ਅਦਾਲਤ ਦੀ ਆਗਿਆ ਦਾ ਵੀ ਜ਼ਿਕਰ ਕੀਤਾ ਗਿਆ ਹੈ।