ਕਾਲੇ ਦੁਪੱਟੇ ਲਹਿਰਾ ਕੇ ਕੀਤਾ ਪ੍ਰਦਰਸ਼ਨ

Tuesday, Jul 11, 2017 - 02:24 AM (IST)

ਕਾਲੇ ਦੁਪੱਟੇ ਲਹਿਰਾ ਕੇ ਕੀਤਾ ਪ੍ਰਦਰਸ਼ਨ

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਜ਼ਿਲਾ ਇਕਾਈ ਨੇ ਅੱਜ ਆਪਣੀਆਂ ਮੰਗਾਂ ਸਬੰਧੀ ਬੱਸ ਅੱਡੇ 'ਤੇ ਕਾਲੇ ਦੁਪੱਟੇ ਲਹਿਰਾ ਕੇ ਰੋਸ ਪ੍ਰਦਰਸ਼ਨ ਕੀਤਾ। ਸ਼ਹਿਰ ਦੇ ਮੁੱਖ ਮਾਰਗਾਂ 'ਤੇ ਰੋਸ ਮਾਰਚ ਕੱਢਣ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸੀਟੂ ਆਗੂਆਂ ਚਰਨਜੀਤ ਕੌਰ, ਬਲਵੀਰ ਸਿੰਘ, ਰਾਣਾ ਕਰਨ ਸਿੰਘ, ਮਹਾਸਿੰਘ ਰੌੜੀ ਤੇ ਸੁਦੇਸ਼ ਕੁਮਾਰੀ ਨੇ ਕਿਹਾ ਕਿ 2 ਅਕਤੂਬਰ 1975 ਨੂੰ ਸ਼ੁਰੂ ਕੀਤੀ ਆਈ. ਸੀ. ਡੀ. ਐੱਸ. ਸਕੀਮ, ਜਿਸ ਦਾ ਮੰਤਵ 0 ਤੋਂ 6 ਸਾਲ ਦੇ 10 ਕਰੋੜ ਤੋਂ ਵੱਧ ਬੱਚਿਆਂ 'ਚ ਕੁਪੋਸ਼ਣ ਖਤਮ ਕਰ ਕੇ ਉਨ੍ਹਾਂ ਦਾ ਬੌਧਿਕ ਵਿਕਾਸ ਕਰਨਾ ਤੇ 2 ਕਰੋੜ ਗਰਭਵਤੀ ਔਰਤਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਸਿਹਤ ਸੰਭਾਲ ਲਈ ਖੁਰਾਕ ਦੇਣਾ ਹੈ, ਨੂੰ ਪੂਰਾ ਕਰਨ ਲਈ ਦੇਸ਼ 'ਚ 14 ਲੱਖ ਤੋਂ ਵੱਧ ਆਂਗਣਵਾੜੀ ਵਰਕਰਾਂ ਕੰਮ ਕਰ ਰਹੀਆਂ ਹਨ ਪਰ ਮੋਦੀ ਸਰਕਾਰ 3 ਸਾਲਾਂ ਤੋਂ ਇਸ ਸਕੀਮ ਨੂੰ ਖਤਮ ਕਰ ਕੇ ਨਿੱਜੀ ਹੱਥਾਂ 'ਚ ਦੇਣ ਦੀਆਂ ਯੋਜਨਾਵਾਂ ਬਣਾਉਂਦੇ ਹੋਏ ਸਕੀਮ 'ਚ ਲਗਾਤਾਰ ਕਟੌਤੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਚੋਣਾਂ 'ਚ ਆਂਗਣਵਾੜੀ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਕੇ ਹਰਿਆਣਾ ਦੀ ਤਰਜ਼ 'ਤੇ ਮਾਣਭੱਤਾ ਦੇਣ ਦਾ ਵਾਅਦਾ ਕੀਤਾ ਸੀ ਪਰ 4 ਮਹੀਨਿਆਂ ਬਾਅਦ ਵੀ ਸਰਕਾਰ ਨੇ ਯੂਨੀਅਨ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇੰਨਾ ਹੀ ਨਹੀਂ, ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਸਕੂਲ ਸ਼ੁਰੂ ਕਰਨ ਦੀ ਯੋਜਨਾ ਤਹਿਤ ਪ੍ਰਦੇਸ਼ ਦੇ 53 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਰੋਜ਼ਗਾਰ ਖੋਹਣ ਦੀ ਤਲਵਾਰ ਲਟਕਾ ਦਿੱਤੀ ਹੈ, ਜਿਸ ਖਿਲਾਫ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆਂਗਣਵਾੜੀ ਵਰਕਰ ਨੂੰ 18 ਹਜ਼ਾਰ ਤੇ ਹੈਲਪਰ ਨੂੰ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦਿੱਤਾ ਜਾਵੇ, ਐਡਵਾਈਜ਼ਰੀ ਬੋਰਡ ਚਾਈਲਡ ਕੇਅਰ ਕੌਂਸਲ ਅਧੀਨ ਚੱਲਦੇ ਸੈਂਟਰਾਂ ਨੂੰ ਆਈ. ਸੀ. ਡੀ. ਐੱਸ. ਅਧੀਨ ਲਿਆਂਦਾ ਜਾਵੇ ਤੇ ਪੈਨਸ਼ਨ ਤੇ ਗ੍ਰੈਚੁਟੀ ਸਕੀਮ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਨਿਰਮਲ ਕੌਰ ਖੋਥੜਾ, ਇੰਦਰਜੀਤ ਕੌਰ, ਜਗਦੀਸ਼ ਕੌਰ, ਸੁਖਜੀਤ ਕੌਰ ਫਰਾਲਾ, ਵੀਨਾ ਤੇ ਪ੍ਰੇਮ ਲਤਾ ਨੇ ਵੀ ਆਪਣੇ ਵਿਚਾਰ ਰੱਖੇ।
ਰੂਪਨਗਰ, (ਵਿਜੇ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਜ਼ਿਲਾ ਪ੍ਰਧਾਨ ਕੁਲਵੀਰ ਕੌਰ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਆਈ.ਸੀ.ਡੀ.ਐੱਸ. ਸਕੀਮ ਨੂੰ ਮੋਦੀ ਸਰਕਾਰ ਖਤਮ ਕਰਨ ਤੇ ਨਿੱਜੀ ਹੱਥਾਂ 'ਚ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਤਿੰਨ ਸਾਲਾਂ ਤੋਂ ਇਸ ਦੀ ਲਗਾਤਾਰ ਬਜਟ 'ਚ ਕਟੌਤੀ ਕਰ ਰਹੀ ਹੈ, ਜਦੋਂਕਿ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਸਕੂਲ ਸ਼ੁਰੂ ਕਰਨ ਦੇ ਫੈਸਲੇ ਨਾਲ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਭਵਿੱਖ ਧੁੰਦਲਾ ਹੋ ਜਾਵੇਗਾ।
ਇਸ ਸਮੇਂ ਬਲਾਕ ਪ੍ਰਧਾਨ ਸੰਤੋਸ਼ ਕੁਮਾਰੀ ਸ੍ਰੀ ਚਮਕੌਰ ਸਾਹਿਬ, ਅੰਜੂ ਬਾਲਾ ਰੂਪਨਗਰ, ਕੁਲਵੀਰ ਕੌਰ, ਚੰਦਰਕਾਂਤਾ, ਗੁਰਦੇਵ ਕੌਰ, ਚਰਨਜੀਤ ਕੌਰ, ਜਰਨੈਲ ਕੌਰ, ਸੋਮਾ ਰਾਣੀ, ਗੁਰਦੇਵ ਕੌਰ, ਗੁਰਮੀਤ ਕੌਰ, ਵੀਨਾ ਤੇ ਕੁਲਵੀਰ ਕੌਰ ਮੌਜੂਦ ਸਨ। ਧਰਨਾਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ ਪੱਤਰ ਵੀ ਦਿੱਤਾ।


Related News