ਜਲੰਧਰ ''ਚ ਭਾਜਪਾ ਹਾਈਕਮਾਨ ਨੇ ਪੁਰਾਣੇ ਉਮੀਦਵਾਰਾਂ ’ਤੇ ਹੀ ਜਤਾਇਆ ਭਰੋਸਾ, ਛਾਉਣੀ ਸੀਟ ’ਤੇ ਫਸਿਆ ਪੇਚ

Saturday, Jan 22, 2022 - 12:45 PM (IST)

ਜਲੰਧਰ ''ਚ ਭਾਜਪਾ ਹਾਈਕਮਾਨ ਨੇ ਪੁਰਾਣੇ ਉਮੀਦਵਾਰਾਂ ’ਤੇ ਹੀ ਜਤਾਇਆ ਭਰੋਸਾ, ਛਾਉਣੀ ਸੀਟ ’ਤੇ ਫਸਿਆ ਪੇਚ

ਜਲੰਧਰ (ਗੁਲਸ਼ਨ)– ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਲਗਭਗ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਭਾਰਤੀ ਜਨਤਾ ਪਾਰਟੀ ਨੇ ਅਜੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਸੀ, ਜਿਸ ਨਾਲ ਸੰਭਾਵਿਤ ਉਮੀਦਵਾਰਾਂ ਅਤੇ ਦਾਅਵੇਦਾਰਾਂ ਦੇ ਨਾਲ-ਨਾਲ ਜਨਤਾ ਵੱਲੋਂ ਵੀ ਕਈ ਤਰ੍ਹਾਂ ਦੇ ਕਿਆਫ਼ੇ ਲਾਏ ਜਾ ਰਹੇ ਸਨ।

ਇਨ੍ਹਾਂ ਸਾਰੇ ਕਿਆਫ਼ਿਆਂ ’ਤੇ ਰੋਕ ਲਾਉਂਦਿਆਂ ਭਾਜਪਾ ਹਾਈਕਮਾਨ ਨੇ ਸ਼ੁੱਕਰਵਾਰ ਬਾਅਦ ਦੁਪਹਿਰ 34 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ, ਜਿਸ ਵਿਚ ਜਲੰਧਰ ਸ਼ਹਿਰ ਦੀਆਂ ਤਿੰਨਾਂ ਸੀਟਾਂ ’ਤੇ ਭਾਜਪਾ ਨੇ ਪੁਰਾਣੇ ਉਮੀਦਵਾਰਾਂ ’ਤੇ ਭਰੋਸਾ ਜਤਾਇਆ ਹੈ। ਜਲੰਧਰ ਸੈਂਟਰਲ ਤੋਂ ਮਨੋਰੰਜਨ ਕਾਲੀਆ, ਨਾਰਥ ਹਲਕੇ ਤੋਂ ਕੇ. ਡੀ. ਭੰਡਾਰੀ ਅਤੇ ਵੈਸਟ ਹਲਕੇ ਤੋਂ ਮਹਿੰਦਰ ਭਗਤ ਨੂੰ ਉਮੀਦਵਾਰ ਐਲਾਨਿਆ ਗਿਆ ਹੈ, ਜਦਕਿ ਛਾਉਣੀ ਸੀਟ ’ਤੇ ਅਜੇ ਪੇਚ ਫਸਿਆ ਹੋਇਆ ਹੈ। ਇਸ ਤੋਂ ਪਹਿਲਾਂ ਕਿਆਫ਼ੇ ਲਾਏ ਜਾ ਰਹੇ ਸਨ ਕਿ ਭਾਜਪਾ ਕੁਝ ਸੀਟਾਂ ’ਤੇ ਨਵੇਂ ਉਮੀਦਵਾਰ ਖੜ੍ਹੇ ਕਰ ਸਕਦੀ ਹੈ ਪਰ ‘ਜਗ ਬਾਣੀ’ ਨੇ ਪਹਿਲਾਂ ਹੀ ਖ਼ਬਰ ਪ੍ਰਕਾਸ਼ਿਤ ਕਰ ਦਿੱਤੀ ਸੀ ਕਿ ਭਾਜਪਾ ਜਲੰਧਰ ਦੀਆਂ ਤਿੰਨਾਂ ਸੀਟਾਂ ’ਤੇ ਪੁਰਾਣੇ ਉਮੀਦਵਾਰ ਹੀ ਉਤਾਰੇਗੀ। ਪੁਰਾਣੇ ਚਿਹਰਿਆਂ ਦੇ ਐਲਾਨ ਤੋਂ ਬਾਅਦ ਇਨ੍ਹਾਂ ਹਲਕਿਆਂ ਤੋਂ ਟਿਕਟ ਦੇ ਦਾਅਵੇਦਾਰਾਂ ਨੂੰ ਕਾਫੀ ਝਟਕਾ ਲੱਗਾ ਹੈ।

ਇਹ ਵੀ ਪੜ੍ਹੋ: ਚੰਨੀ ਸਰਕਾਰ 'ਤੇ ਸੁਖਬੀਰ ਬਾਦਲ ਦਾ ਵੱਡਾ ਹਮਲਾ, ਕਿਹਾ-ਭ੍ਰਿਸ਼ਟਾਚਾਰ ਦੀ ਕਰਵਾਵਾਂਗੇ ਜਾਂਚ

ਜਲੰਧਰ ਸੈਂਟਰਲ : ਮਨੋਰੰਜਨ ਕਾਲੀਆ (ਭਾਜਪਾ ਉਮੀਦਵਾਰ)
1997 ’ਚ ਪਹਿਲੀ ਵਾਰ ਵਿਧਾਇਕ ਅਤੇ ਸਿਹਤ ਮੰਤਰੀ ਬਣੇ ਸਨ। ਦੂਜੀ ਵਾਰ 2007 ਵਿਚ ਵਿਧਾਇਕ ਚੁਣੇ ਗਏ ਤੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਦੇ ਨਾਲ-ਨਾਲ ਵਿਰੋਧੀ ਧਿਰ ਦੇ ਆਗੂ ਵੀ ਰਹੇ। 2012 ਵਿਚ ਤੀਜੀ ਵਾਰ ਸੈਂਟਰਲ ਹਲਕੇ ਤੋਂ ਵਿਧਾਇਕ ਬਣੇ।
ਹੁਣ ਮੁਕਾਬਲਾ ਕਿਸ ਨਾਲ : ਮਨੋਰੰਜਨ ਕਾਲੀਆ ਦਾ ਮੁਕਾਬਲਾ ਕਾਂਗਰਸ ਦੇ ਰਾਜਿੰਦਰ ਬੇਰੀ, ਅਕਾਲੀ ਦਲ ਦੇ ਚੰਦਨ ਗਰੇਵਾਲ ਅਤੇ ‘ਆਪ’ ਦੇ ਰਮਨ ਅਰੋੜਾ ਨਾਲ ਹੋਵੇਗਾ।

ਜਲੰਧਰ ਨਾਰਥ : ਕੇ. ਡੀ. ਭੰਡਾਰੀ (ਭਾਜਪਾ ਉਮੀਦਵਾਰ)
2007 ਵਿਚ ਨਾਰਥ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਦੀ ਚੋਣ ਲੜੀ ਅਤੇ ਜਿੱਤੀ ਅਤੇ ਪੰਜਾਬ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਬਣੇ। 2012 ਵਿਚ ਲਗਾਤਾਰ ਦੂਜੀ ਵਾਰ ਕਾਂਗਰਸ ਦੇ ਕੱਦਾਵਰ ਆਗੂ ਅਵਤਾਰ ਹੈਨਰੀ ਨੂੰ ਹਰਾ ਕੇ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਪੰਜਾਬ ਬਣੇ।
ਮੁਕਾਬਲਾ ਕਿਸ ਨਾਲ : ਕੇ. ਡੀ. ਭੰਡਾਰੀ ਦਾ ਮੁਕਾਬਲਾ ਹੁਣ ਕਾਂਗਰਸ ਦੇ ਬਾਵਾ ਹੈਨਰੀ, ‘ਆਪ’ ਦੇ ਦਿਨੇਸ਼ ਢੱਲ (ਕਾਲੀ) ਅਤੇ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਕੁਲਦੀਪ ਸਿੰਘ ਲੁਬਾਣਾ ਨਾਲ ਹੋਵੇਗਾ।

ਇਹ ਵੀ ਪੜ੍ਹੋ: ਬੇਅੰਤ ਕੌਰ ਮਾਮਲੇ 'ਚ ਗ੍ਰਿਫ਼ਤਾਰ ਨੌਜਵਾਨ ਨੇ ਚਾੜ੍ਹਿਆ ਚੰਨ੍ਹ, ਕੀਤਾ ਇਹ ਕਾਰਾ

ਜਲੰਧਰ ਵੈਸਟ : ਮਹਿੰਦਰ ਭਗਤ (ਭਾਜਪਾ ਉਮੀਦਵਾਰ)
2017 ’ਚ ਵੈਸਟ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਦੀ ਚੋਣ ਲੜੀ ਸੀ ਪਰ ਜਿੱਤ ਨਹੀਂ ਮਿਲੀ ਸੀ। ਹੁਣ 2022 ਵਿਚ ਦੂਜੀ ਵਾਰ ਵਿਧਾਇਕ ਦੀ ਚੋਣ ਲੜਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਭਗਤ ਚੂਨੀ ਲਾਲ ਇਸ ਹਲਕੇ ਤੋਂ 3 ਵਾਰ ਵਿਧਾਇਕ ਅਤੇ ਇਕ ਵਾਰ ਮੰਤਰੀ ਰਹੇ।
ਮੁਕਾਬਲਾ ਕਿਸ ਨਾਲ : ਮਹਿੰਦਰ ਭਗਤ ਦਾ ਮੁਕਾਬਲਾ ਹੁਣ ਕਾਂਗਰਸ ਦੇ ਸੁਸ਼ੀਲ ਕੁਮਾਰ ਰਿੰਕੂ, ‘ਆਪ’ ਦੇ ਸ਼ੀਤਲ ਅੰਗੁਰਾਲ ਅਤੇ ਅਕਾਲੀ ਦਲ ਦੇ ਅਨਿਲ ਮੀਨੀਆ ਨਾਲ ਹੋਵੇਗਾ।

ਇਹ ਵੀ ਪੜ੍ਹੋ:  ਮਾਹਿਲਪੁਰ 'ਚ ਵਾਪਰਿਆ ਦਰਦਨਾਕ ਹਾਦਸਾ, ਬੱਸ ਚਾਲਕ ਤੇ ਕੰਡਕਟਰ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News