ਲੁਧਿਆਣਾ ’ਚ ਝਾੜ-ਫੂਕ ਕਰਨ ਵਾਲੇ ਬਾਬੇ ਨੇ ਦਿਵਿਆਂਗ ਲੜਕੀ ਨਾਲ ਕੀਤਾ ਸ਼ਰਮਨਾਕ ਕਾਰਾ

Thursday, Mar 17, 2022 - 07:13 PM (IST)

ਲੁਧਿਆਣਾ ’ਚ ਝਾੜ-ਫੂਕ ਕਰਨ ਵਾਲੇ ਬਾਬੇ ਨੇ ਦਿਵਿਆਂਗ ਲੜਕੀ ਨਾਲ ਕੀਤਾ ਸ਼ਰਮਨਾਕ ਕਾਰਾ

ਲੁਧਿਆਣਾ (ਗੌਤਮ)-ਸ਼ੇਰਪੁਰ ਇਲਾਕੇ ਵਿਚ ਝਾੜ ਫੂਕ ਕਰਨ ਵਾਲੇ ਇਕ ਕਥਿਤ ਬਾਬੇ ’ਤੇ ਦਿਵਿਆਂਗ ਲੜਕੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਸ਼ੇਰਪੁਰ ਇਲਾਕੇ ਦਾ ਰਹਿਣ ਵਾਲਾ ਬਾਬਾ ਜਤਿੰਦਰ ਕੁਮਾਰ ਗੁਪਤਾ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕਰ ਰਿਮਾਂਡ ’ਤੇ ਲਿਆ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਲੜਕੀ ਨੇ ਦੱਸਿਆ ਕਿ ਉਹ ਸਰੀਰਕ ਤੌਰ ’ਤੇ ਅਪਾਹਿਜ ਹੈ। ਉਹ ਇਕ ਕਲੀਨਿਕ ਵਿਚ ਕੰਮ ਕਰਦੀ ਸੀ ਤੇ ਉਸ ਕਲੀਨਿਕ ਵਿਚ ਉਕਤ ਦੋਸ਼ੀ ਦਾ ਆਉਣਾ- ਜਾਣਾ ਸੀ, ਜੋ ਕਿ ਝਾੜ ਫੂਕ ਕਰਨ ਦਾ ਕੰਮ ਕਰਦਾ ਸੀ ਤੇ ਖੁਦ ਨੂੰ ਬਾਬਾ ਕਹਿੰਦਾ ਸੀ। ਦੋਸ਼ੀ ਨੇ ਪਹਿਲਾਂ ਉਸ ਨੂੰ ਕਬੀਰ ਨਗਰ ਵਿਚ ਕਲੀਨਿਕ ਖੋਲ੍ਹਣ ਵਿਚ ਸਹਾਇਤਾ ਕੀਤੀ ਤੇ ਉਸ ਦਾ ਉਥੇ ਆਉਣਾ ਜਾਣਾ ਵਧ ਗਿਆ। ਦੋ ਪਹਿਲਾਂ ਉਹ ਆਪਣਾ ਕਲੀਨਿਕ ਬੰਦ ਕਰ ਰਹੀ ਸੀ ਤਾਂ ਉਕਤ ਦੋਸ਼ੀ ਜੋ ਕਿ ਸ਼ਰਾਬੀ ਹਾਲਤ ਵਿਚ ਸੀ, ਉਸ ਨੂੰ ਅੰਦਰ ਤੋਂ ਮਨ੍ਹਾ ਕੀਤਾ ਪਰ ਉਹ ਜ਼ਬਰਦਸਤੀ ਅੰਦਰ ਆ ਗਿਆ। ਉਸ ਸਮੇਂ ਉਹ ਕਲੀਨਿਕ ਵਿਚ ਇਕੱਲੀ ਸੀ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਪਾਰਟੀ ਪ੍ਰਧਾਨ ਵਜੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਜ਼ਿਲ੍ਹਾ ਪ੍ਰਧਾਨਾਂ ਨੇ ਕੀਤੀ ਰੱਦ

ਦੋਸ਼ੀ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ। ਦਿਵਿਆਂਗ ਹੋਣ ਕਾਰਨ ਉਹ ਉਸਦਾ ਵਿਰੋਧ ਨਹੀਂ ਕਰ ਸਕੀ, ਉਸ ਨੇ ਬਚਾਅ ਲਈ ਫਿਰ ਵੀ ਕੋਸ਼ਿਸ਼ ਕੀਤੀ ਪਰ ਦੋਸ਼ੀ ਖੁਦ ਨੂੰ ਬਾਬਾ ਕਹਿੰਦੇ ਹੋਏ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਰਿਹਾ। ਬਾਅਦ ਵਿਚ ਦੋਸ਼ੀ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਧਮਕੀ ਦੇ ਕੇ ਚਲਾ ਗਿਆ, ਜਿਸ ’ਤੇ ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਦਾ ਮੈਡੀਕਲ ਕਰਵਾਇਆ ਤੇ ਉਸ ਦੇ ਕੋਰਟ ਵਿਚ ਵੀ ਬਿਆਨ ਕਰਵਾਏ ਜਾ ਰਹੇ ਹਨ। ਦੋਸ਼ੀ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਭੱਜਣ ਦੀ ਫਿਰਾਕ ਵਿਚ ਸੀ। ਦੋਸ਼ੀ ਦਾ ਵੀ ਮੈਡੀਕਲ ਕਰਵਾਇਆ ਗਿਆ ਹੈ ਤੇ ਮਾਮਲੇ ’ਚ ਕਾਰਵਾਈ ਕੀਤੀ ਜਾ ਰਹੀ ਹੈ।


author

Manoj

Content Editor

Related News