ਕੋਆਪ੍ਰੇਟਿਵ ਸੁਸਾਇਟੀ ਦੇ ਸਕੱਤਰ ''ਤੇ ਲਾਏ ਜਾਅਲੀ ਜ਼ਮੀਨ ਦਿਖਾ ਕੇ ਲਿਮਟ ਬਣਾਉਣ ਦੇ ਦੋਸ਼

02/06/2018 6:08:53 AM

ਅੰਮ੍ਰਿਤਸਰ,  (ਲਖਬੀਰ)-  ਪਿੰਡ ਕੋਟਲੀ ਢੋਲੇਸ਼ਾਹ, ਥਾਣਾ ਕੱਥੂਨੰਗਲ ਦੀ ਕੈਲਾਸ਼ ਕੌਰ ਪਤਨੀ ਸਵ. ਅਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਤੀ ਜੋ ਪਿੰਡ ਦੀ ਹੀ ਕੋਆਪ੍ਰੇਟਿਵ ਸੁਸਾਇਟੀ 'ਚ ਬਤੌਰ ਸੇਵਾਦਾਰ ਕੰਮ ਕਰਦਾ ਸੀ ਜਿਸ ਦੀ ਮੌਤ 29.12.17 ਨੂੰ ਹੋ ਗਈ ਸੀ । ਪੀੜਤਾ ਨੇ ਕੋਆਪ੍ਰੇਟਿਵ ਸੁਸਾਇਟੀ ਦੇ ਸਕੱਤਰ ਗੁਰਮੀਤ ਸਿੰਘ 'ਤੇ ਦੋਸ਼ ਲਾਇਆ ਕਿ ਉਨ੍ਹਾਂ ਮੇਰੇ ਪਤੀ ਦੀ ਪਿਛਲੇ 8 ਮਹੀਨਿਆਂ ਦੀ ਤਨਖਾਹ ਹੜੱਪ ਲਈ ਹੈ । ਮੈਂ ਪਤੀ ਦੇ ਮਰਨ ਤੋਂ ਬਾਅਦ ਤਰਸ ਦੇ ਆਧਾਰ 'ਤੇ ਨੌਕਰੀ ਅਤੇ ਤਨਖਾਹ ਲੈਣ ਵਾਰ-ਵਾਰ ਜਾਂਦੀ ਰਹੀ ਪਰ ਉਨ੍ਹਾਂ ਮੇਰੀ ਇਕ ਨਹੀਂ ਸੁਣੀ। ਉਲਟ ਝੂਠੇ ਕੇਸ 'ਚ ਫਸਾਉਣ ਦੀਆਂ ਧਮਕੀਆਂ ਦਿੰਦੇ ਹਨ । ਸਗੋਂ ਮੇਰੇ ਪਤੀ ਦੀ ਜਗ੍ਹਾ ਉਨ੍ਹਾਂ ਕਿਸੇ ਹੋਰ ਵਿਅਕਤੀ ਨੂੰ ਨੌਕਰੀ 'ਤੇ ਰੱਖ ਲਿਆ ਹੈ ।
ਕੈਲਾਸ਼ ਕੌਰ ਨੇ ਦੱਸਿਆ ਕਿ ਮੇਰੇ ਕੋਲ ਇਕ ਏਕੜ ਜ਼ਮੀਨ ਹੈ ਜਿਸ ਦੀ ਰਜਿਸਟਰੀ ਮੇਰੇ ਪਤੀ ਦੇ ਨਾਂ ਸੀ । ਉਕਤ ਸਕੱਤਰ ਨੇ ਮੇਰੇ ਨਾਂ 'ਤੇ 3 ਏਕੜ ਜਾਅਲੀ ਜ਼ਮੀਨ ਦਿਖਾ ਕੇ ਲਿਮਟ ਬਣਾ ਲਈ ਹੈ ਜਿਸ ਦਾ ਪਤਾ ਮੈਨੂੰ 2 ਦਿਨ ਪਹਿਲਾਂ ਲੱਗਾ ਹੈ ਜਿਸ ਦੇ ਸਬੂਤ ਮੇਰੇ ਪਾਸ ਹਨ । ਪੀੜਤਾ ਨੇ ਮੁੱਖ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਲਿਖਤੀ ਸ਼ਿਕਾਇਤ ਰਾਹੀਂ ਇਨਸਾਫ ਦੀ ਮੰਗ ਕੀਤੀ ਹੈ। ਇਸ ਕੇਸ ਸਬੰਧੀ ਭਗਵਾਨ ਵਾਲਮੀਕਿ ਸੰਘਰਸ਼ ਦਲ ਮਾਝਾ ਜ਼ੋਨ ਯੂਥ ਵਿੰਗ ਦੇ ਪ੍ਰਧਾਨ ਕਸ਼ਮੀਰ ਸਿੰਘ ਕੋਟਲੀ ਨੇ ਦੱਸਿਆ ਕਿ ਉਕਤ ਸਕੱਤਰ ਖਿਲਾਫ ਸਾਨੂੰ ਲਿਖਤੀ ਸ਼ਿਕਾਇਤ ਮਿਲੀ ਹੈ । ਪੀੜਤਾ ਨੂੰ ਇਨਸਾਫ ਦਿਵਾਉਣ ਲਈ ਸਾਡੀ ਸੰਸਥਾ ਦੇ ਚੇਅਰਮੈਨ ਹਰਦੀਸ਼ ਸਿੰਘ ਭੰਗਾਲੀ ਉੱਚ ਅਧਿਕਾਰੀਆਂ ਨੂੰ ਮਿਲਣਗੇ । ਜੇਕਰ ਇਨਸਾਫ ਨਾ ਮਿਲਿਆ ਤਾਂ ਤਿੱਖੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ।
ਇਸ ਕੇਸ ਸਬੰਧੀ ਸਕੱਤਰ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਉਨ੍ਹਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਿਆ।


Related News