ਮੰਗਾਂ ਨਾ ਮੰਨੇ ਜਾਣ ''ਤੇ 10 ਜੂਨ ਨੂੰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਕਰੇਗਾ ਤਿੱਖਾ ਰੋਸ ਪ੍ਰਦਰਸ਼ਨ
Friday, Jun 05, 2020 - 12:30 PM (IST)
ਭਵਾਨੀਗੜ੍ਹ(ਕਾਂਸਲ) - ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਆੜ 'ਚ ਗਰੀਬ ਅਤੇ ਪਛੜੇ ਵਰਗ ਦੇ ਲੋਕਾਂ ਨਾਲ ਵੱਡਾ ਧ੍ਰੋਹ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਇਥੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਮੀਤ ਪ੍ਰਧਾਨ ਕਾਮਰੇਡ ਭੂਪ ਚੰਦ ਚੰਨੋਂ ਨੇ ਸਥਾਨਕ ਫੂਡ ਐਂਡ ਸਪਲਾਈ ਦਫ਼ਤਰ ਵਿਖੇ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਮੌਕੇ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਦੇਸ਼ ਦੇ ਅਰਬਾਂ ਰੁਪਏ ਲੈ ਕੇ ਭੱਜੇ ਭਗੌੜਿਆ ਦੇ ਸਾਰੇ ਪੈਸੇ ਮੁਆਫ ਕਰ ਦਿੱਤੇ ਹਨ ਅਤੇ ਦੂਜੇ ਪਾਸੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਗਰੀਬ ਲੋਕਾਂ ਨੂੰ ਕੋਈ ਵੀ ਸਹੂਲਤ ਨਾ ਮਿਲਣ ਕਾਰਨ ਉਹ ਬੇਹਾਲ ਹਨ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੇ ਕਿਰਤ ਕਰਨ ਦੇ ਕਾਨੂੰਨਾਂ ਨੂੰ ਖਤਮ ਕਰਕੇ ਕੰਮ ਕਰਨ ਦੇ ਸਮੇਂ ਨੂੰ 8 ਘੰਟੇ ਤੋਂ 12 ਘੰਟੇ ਕਰਕੇ ਗਰੀਬ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨੀਲੇ ਕਾਰਡ ਧਾਰਕਾਂ ਦੀ ਛਾਂਟੀ ਕਰਨ ਦੇ ਨਾਮ 'ਤੇ ਅੱਧੇ ਤੋਂ ਵੱਧ ਲਾਭਪਾਤਰੀਆਂ ਦੇ ਨਾਮ ਕੱਟ ਦਿੱਤੇ ਹਨ।
ਉਨ੍ਹਾਂ ਮੰਗ ਕੀਤੀ ਕਿ ਕੱਟੇ ਹੋਏ ਰਾਸ਼ਨ ਕਾਰਡ ਬਹਾਲ ਕੀਤੇ ਜਾਣ 10 ਕਿਲੋ ਕਣਕ ਜਾਂ ਚਾਵਲ ਅਤੇ ਲੋੜੀਦੀਆਂ 16 ਜ਼ਰੂਰੀ ਰਸੋਈ ਵਸਤੂਆਂ ਹਰ ਪਰਿਵਾਰ ਨੂੰ ਦਿੱਤੀਆਂ ਜਾਣ, ਕਿਰਤ ਕਾਨੂੰਨਾਂ ਵਿਚ ਕੀਤੀਆਂ ਸੋਧਾ ਵਾਪਸ ਲਈਆਂ ਜਾਣ, ਪ੍ਰਵਾਸੀ ਮਜ਼ਦੂਰਾਂ ਦੇ ਜਾਣ ਦਾ ਪੁੱਖਤਾ ਪ੍ਰਬੰਧ ਕੀਤਾ ਜਾਵੇ, ਮਰਨ ਵਾਲੇ ਮਜਦੂਰਾਂ ਦੇ ਪਰਿਵਾਰਾਂ ਨੂੰ 20 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ, ਮਨਰੇਗਾ ਮਜਦੂਰਾਂ ਲਈ 200 ਦਿਨ ਦਾ ਕੰਮ ਅਤੇ 600 ਰੁਪਏ ਦਿਹਾੜੀ ਦਿੱਤੀ ਜਾਵੇ, ਮਨਰੇਗਾ ਲਈ ਇਕ ਲੱਖ ਕਰੋੜ ਰੁਪਏ ਦਾ ਬਜਟ ਤੁਰੰਤ ਜਾਰੀ ਕੀਤਾ ਜਾਵੇ, ਕੇਂਦਰ ਸਰਕਾਰ ਹਰ ਮਹੀਨੇ ਗਰੀਬਾਂ ਦੇ ਖਾਤੇ ਵਿਚ 7500-7500 ਰੁਪਏ ਪਵਾਏ, ਪੇਂਡੂ ਖੇਤਰਾਂ ਵਿਚ ਸਿਹਤ ਸੰਭਾਲ ਦੇ ਉਚੇਚੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਇਸ ਸੰਬੰਧੀ ਸਥਾਨਕ ਫੂਡ ਐਂਡ ਸਪਲਾਈ ਵਿਭਾਗ ਵਿਖੇ ਦਫ਼ਤਰ ਦੇ ਅਧਿਕਾਰੀਆਂ ਨੂੰ ਇਹ ਮੰਗ ਪੱਤਰ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਾਡੀਆਂ ਇਹ ਸਾਰੀਆਂ ਮੰਗਾਂ ਦੀ ਜਲਦ ਪੂਰਤੀ ਨਾ ਕੀਤੀ ਤਾਂ ਜਥੇਬੰਦੀ ਵੱਲੋਂ 10 ਜੂਨ ਨੂੰ ਤਿੱਖਾ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਗਰੀਬਾਂ ਵੱਲ ਝਾਕਣ ਲਈ ਮਜਬੂਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਜੋਗਿੰਦਰ ਸਿੰਘ ਤਹਿਸੀਲ ਸਕੱਤਰ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ।