ਜਾਣੋ ਕੀ ਹੈ ਹਰਪ੍ਰੀਤ ਸਿੱਧੂ ਦੀ ਬਿਕਰਮ ਮਜੀਠੀਆ ਨਾਲ ਕੁੜੱਤਣ?

Friday, Jan 21, 2022 - 05:43 PM (IST)

ਜਾਣੋ ਕੀ ਹੈ ਹਰਪ੍ਰੀਤ ਸਿੱਧੂ ਦੀ ਬਿਕਰਮ ਮਜੀਠੀਆ ਨਾਲ ਕੁੜੱਤਣ?

ਜਲੰਧਰ : ਸ਼੍ਰੋਮਣੀ ਅਕਾਲੀ ਦੇ ਨਿਧੜਕ ਜਰਨੈਲ ਤੇ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਮੰਨੇ ਜਾਂਦੇ ਬਿਕਰਮ ਸਿੰਘ ਮਜੀਠੀਆ ਕਾਂਗਰਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਬਦਲਾ ਲਊ ਭਾਵਨਾ ਦੱਸ ਰਹੇ ਹਨ। ਮਜੀਠੀਆ ਦਾ ਮੰਨਣਾ ਹੈ ਕਿ ਕਾਂਗਰਸ ਨੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਸੀ, ਜਿਸ ਨੂੰ ਉਹ ਕਾਨੂੰਨੀ ਤੌਰ ’ਤੇ ਕਈ ਵਾਰ ਗ਼ਲਤ ਸਾਬਤ ਕਰ ਚੁੱਕੇ ਹਨ। ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਇਸ ਮਾਮਲੇ ’ਚ ਬਿਕਰਮ ਸਿੰਘ ਮਜੀਠੀਆ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ, ਜਿਸ ਦੌਰਾਨ ਮਜੀਠੀਆ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਅੰਦਰ ਡਰੱਗਜ਼ ਮਾਮਲੇ ਸਬੰਧੀ ਉੱਠਦੇ ਹਰ ਸਵਾਲ ਦਾ ਜਵਾਬ ਬੜੀ ਬੇਬਾਕੀ ਨਾਲ ਦਿੱਤਾ। ਪਹਿਲੀ ਵਾਰ ਮਜੀਠੀਆ ਇਸ ਮਾਮਲੇ ’ਤੇ ਖੁੱਲ੍ਹ ਕੇ ਬੋਲਦੇ ਹੋਏ ਨਜ਼ਰ ਆਏ, ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-

ਜਿਸ ਪੁਲਸ ਅਧਿਕਾਰੀ ਹਰਪ੍ਰੀਤ ਸਿੱਧੂ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਸਰਕਾਰ ਵਲੋਂ ਪਰਚਾ ਦਰਜ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਉਸ ਅਧਿਕਾਰੀ ਦੀ ਮਜੀਠੀਆ ਨਾਲ ਕੁੜਤਣ ਹੋਣ ਬਾਰੇ ਸਵਾਲ ਦਾ ਜਵਾਬ ਦਿੰਦੇ ਹੋਏ ਮਜੀਠੀਆ ਨੇ ਕਿਹਾ ਕਿ ਹਰਪ੍ਰੀਤ ਸਿੱਧੂ ਦਾ ਛੋਟਾ ਨਾਮ ਹੈ ਸ਼ੇਰੂ, ਜਿਸ ਬਾਰੇ ਕੋਈ ਨਹੀਂ ਜਾਣਦਾ। 1984 ਦੇ ਦੰਗੀਆਂ ਤੋਂ ਬਾਅਦ ਮੈਂ ਆਪਣੇ ਚਾਚਾ-ਚਾਚੀ ਕੋਲ ਲੰਬਾ ਸਮਾਂ ਰਿਹਾ। ਮੇਰੇ ਚਾਚੀ ਤੇ ਹਰਪ੍ਰੀਤ ਦੀ ਮਾਤਾ ਦੋਵੇਂ ਭੈਣਾ ਸਨ। ਵਿਗਾੜ ਉਸ ਵੇਲੇ ਪਿਆ ਜਦ ਮੇਰੇ ਚਾਚੀ ਜੀ ਦਾ 38 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ, ਮੈਂ ਉਸ ਵੇਲੇ ਸਿਰਫ 10 ਕੁ ਸਾਲ ਦਾ ਸੀ। ਉਸ ਵੇਲੇ ਇਨ੍ਹਾਂ ਦੇ ਪਰਿਵਾਰ ਵਲੋਂ ਸਾਡੇ ਚਾਚਾ ਦੇ ਪਰਿਵਾਰ ਉੱਤੇ ਇਲਜ਼ਾਮ ਲਗਾ ਦਿੱਤਾ ਗਿਆ ਕਿ ਚਾਚੀ ਨੂੰ ਇਨ੍ਹਾਂ ਨੇ ਮਾਰ ਦਿੱਤਾ। ਜਦਕਿ ਅਜਿਹਾ ਕੁਝ ਵੀ ਨਹੀਂ ਸੀ। ਸਾਡਾ ਪਰਿਵਾਰ ਚਾਚੇ ਦੇ ਪਰਿਵਾਰ ਤੋਂ ਵੱਖ ਰਹਿੰਦਾ ਸੀ। ਜਿਸ ਕਾਰਨ ਇਨ੍ਹਾਂ ਦੇ ਨਾਲ ਵਿਗੜ ਗਈ। ਦੂਜੀ ਗੱਲ ਇਹ ਹੈ ਕਿ ਚੰਡੀਗੜ੍ਹ ਦੇ 9 ਸੈਕਟਰ ਵਿਚ ਇਕ ਕੋਠੀ ਹੈ। ਉਸ ਕੋਠੀ ਦੀਆਂ ਵਾਰਸ 4 ਭੈਣਾ ਸਨ, ਜਿਨ੍ਹਾਂ ਵਿੱਚੋਂ ਇਕ ਮੇਰੀ ਚਾਚੀ ਵੀ ਸਨ। ਪਰ ਚਾਚੀ ਦੀ ਮੌਤ ਤੋਂ ਬਾਅਦ ਚਾਚੀ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਹਿੱਸਾ ਨਹੀਂ ਦਿੱਤਾ ਤੇ ਮੇਰੇ ਚਾਚੀ ਦੇ ਪਰਿਵਾਰ ਨੂੰ ਆਪਣੀ ਪਾਵਰ ਦੇ ਜ਼ੋਰ ਉੱਤੇ ਕੋਈ ਕੇਸ ਹੀ ਨਹੀਂ ਲੜਣ ਦਿੱਤਾ, ਹਿੱਸਾ ਦੇਣ ਦੀ ਗੱਲ ਤਾਂ ਦੂਰ ਹੈ। ਜਿਸ ਕਾਰਨ ਉਸਨੇ ਖੁੰਦਕ ਕੱਢਣ ਵਾਲਾ ਕੰਮ ਕੀਤਾ ਤੇ ਇਕ ਰਿਪੋਰਟ ਤਿਆਰ ਕਰ ਦਿੱਤੀ।

ਇਹ ਵੀ ਪੜ੍ਹੋ : ਭਾਜਪਾ ਨੇ ਚੰਨੀ ’ਤੇ ਨਹੀਂ ਸਗੋਂ ਸਮੁੱਚੇ ਐੱਸ. ਸੀ. ਵਰਗ ’ਤੇ ਹਮਲਾ ਬੋਲਿਆ : ਵੇਰਕਾ

‘ਮੇਰੇ ਤੇ ਇਲਜ਼ਾਮ ਲਾਉਣ ਵਾਲੇ ਆਪ ਹੀ ਮਾਅਫੀਆਂ ਮੰਗ ਗਏ’
ਡਰੱਗਜ਼ ਮਾਮਲੇ ’ਤੇ ਲੰਬਾ ਸਮਾਂ ਚੁੱਪ ਰਹਿਣ ਬਾਰੇ ਪੁੱਛਣ ’ਤੇ ਮਜੀਠੀਆ ਨੇ ਕਿਹਾ ਕਿ ਮੈਂ ਚੁੱਪ ਨਹੀਂ ਰਿਹਾ ਪਰ ਜੇਕਰ ਕੋਈ ਵਿਰੋਧੀ ਮੇਰੇ ਖ਼ਿਲਾਫ ਬੋਲਿਆ ਤਾਂ ਉਸ ਨੇ ਖ਼ੁਦ ਮੁਆਫ਼ੀ ਮੰਗੀ ਹੈ। ਚਾਹੇ ਫਿਰ ਉਹ ਕੇਜਰੀਵਾਲ ਹੋਣ ਜਾਂ ਫਿਰ ਕੋਈ ਹੋਰ। ਜਦ ਅੱਜ ਤਕ ਕਿਸੇ ਅਦਾਲਤ ਨੇ ਮੈਨੂੰ ਇਸ ਮਾਮਲੇ ’ਚ ਮੁਲਜ਼ਮ ਨਹੀਂ ਬਣਾਇਆ ਤਾਂ ਮੈਂ ਦੋਸ਼ੀ ਕਿਵੇਂ ਹੋ ਸਕਦਾ ਹਾਂ। ਵਿਰੋਧੀਆਂ ਦਾ ਤਾਂ ਕੰਮ ਹੈ ਦੋਸ਼ ਲਗਾਉਣਾ। ਉਹ ਸਿਆਸੀ ਲਾਹਾ ਲੈਣ ਲਈ ਦੋਸ਼ ਲਗਾਉਂਦੇ ਰਹੇ ਹਨ ਪਰ ਮੈਂ ਹਰੇਕ ਦਾ ਜਵਾਬ ਦੇਣਾ ਚੰਗਾ ਨਹੀਂ ਸਮਝਦਾ। ਹਾਂ, ਰਹੀ ਗੱਲ ਜਗਦੀਸ਼ ਭੋਲਾ ਵੱਲੋਂ ਲਗਾਏ ਗਏ ਦੋਸ਼ਾਂ ਦੀ। ਭੋਲੇ ਵੱਲੋਂ ਵਿਰੋਧੀਆਂ ਦੇ ਕਹਿਣ ’ਤੇ ਹੀ ਮੇਰਾ ਨਾਂ ਡਰੱਗਜ਼ ਮਾਮਲੇ ’ਚ ਘੜੀਸਿਆ ਗਿਆ। ਭੋਲਾ ਵੱਲੋਂ ਲਗਾਏ ਦੋਸ਼ ਸਹੀ ਹੁੰਦੇ ਤਾਂ ਉਹ ਇਹ ਬਿਆਨ ਅਦਾਲਤ ’ਚ ਵੀ ਦਰਜ ਕਰਵਾਉਂਦਾ ਪਰ ਉਸ ਨੇ ਅਜਿਹਾ ਨਹੀਂ ਕੀਤਾ। ਇਸ ਨੂੰ ਜਾਣਬੁੱਝ ਕੇ ਲੋਕਾਂ ’ਚ ਫੈਲਾਇਆ ਗਿਆ ਤਾਂ ਜੋ ਮੇਰੇ ’ਤੇ ਦੋਸ਼ ਲਗਾ ਕੇ ਵਿਰੋਧੀ ਧਿਰਾਂ ਸਿਆਸੀ ਲਾਹਾ ਲੈ ਸਕਣ। ਹੁਣ ਜਦ ਪੰਜਾਬ ’ਚ ਚੋਣਾਂ ਹੋਣ ਜਾ ਰਹੀਆਂ ਸਨ ਤਾਂ ਚੰਨੀ, ਸਿੱਧੂ ਤੇ ਰੰਧਾਵਾ ਦੀ ਤਿਕੜੀ ਨੇ ਜਾਣਬੁੱਝ ਕੇ ਡੀ. ਜੀ. ਪੀ. ਤੋਂ ਮੇਰੇ ’ਤੇ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ।

ਰੰਧਾਵਾ ਜੇਲਾਂ ’ਚ ਮਨਾ ਰਿਹਾ ਗੈਂਗਸਟਰਾਂ ਦੇ ਜਨਮਦਿਨ
ਮਜੀਠੀਆ ਨੇ ਡਿਪਟੀ ਉੱਪ ਮੰਤਰੀ ਸੁਖਜਿੰਦਰ ਰੰਧਾਵਾ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਖੁਦ ਰੰਧਾਵਾ ਯੂ. ਪੀ. ਤੋਂ ਗੈਂਗਸਟਰ ਮੁਖਤਿਆਰ ਅੰਸਾਰੀ ਨੂੰ ਫਰਜ਼ੀ ਕੇਸ ਬਣਾ ਕੇ ਪੰਜਾਬ ਲਿਆ ਕੇ ਜੇਲਾਂ ’ਚ ਉਸ ਨੂੰ ਚੀਫ ਗੈਸਟ ਬਣਾ ਸਕਦਾ ਹੈ ਤਾਂ ਉਹ ਹੋਰ ਕੀ ਕੁਝ ਨਹੀਂ ਕਰ ਸਕਦਾ। ਇੰਨਾ ਹੀ ਨਹੀਂ, ਇਸ ਦੌਰਾਨ ਜੱਗੂ ਭਗਵਾਨਪੁਰੀਏ ਵਰਗੇ ਗੈਂਗਸਟਰਸ ਦੇ ਜਨਮ ਦਿਨ ਜੇਲਾਂ ਅੰਦਰ ਮਨਾਏ ਜਾਂਦੇ ਰਹੇ ਹਨ। ਜੇਲਾਂ ਅੰਦਰ ਬੈਠੇ ਹੀ ਗੈਂਗਸਟਰਸ ਵਲੋਂ ਲੋਕਾਂ ਤੋਂ ਡਰਾ-ਧਮਕਾ ਕੇ ਪੈਸੇ ਵਸੂਲੇ ਜਾਂਦੇ ਰਹੇ ਹਨ। ਇਸ ਲਈ ਕਿਹਾ ਜਾ ਸਕਦਾ ਕਿ ਰੰਧਾਵਾ ਆਪਣੀ ਡਿਊਟੀ ਕਰਨ ’ਚ ਫੇਲ ਸਾਬਤ ਹੋਏ ਹਨ।

ਪੀ. ਐੱਮ. ਦੀ ਸੁਰੱਖਿਆ ’ਚ ਕੁਤਾਹੀ ਸਰਕਾਰ ਤੇ ਡੀ. ਜੀ. ਪੀ. ਦੀ ਨਾਲਾਇਕੀ
ਡਿਪਟੀ ਉੱਪ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਅਕਸਰ ਭਾਜਪਾ ਨਾਲ ਗੱਠਜੋੜ ਹੋਣ ਦੇ ਲਗਾਏ ਜਾ ਰਹੇ ਇਲਜ਼ਾਮਾਂ ਬਾਰੇ ਬਿਕਰਮ ਮਜੀਠੀਆ ਨੇ ਕਿਹਾ ਕਿ ਜੇਕਰ ਮੈਂ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਦਾ ਕਾਫਿਲਾ ਰੋਕੇ ਜਾਣ ਦੇ ਪਲਾਨ ਬਾਰੇ ਬੋਲਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੇਰਾ ਭਾਜਪਾ ਨਾਲ ਗੱਠਜੋੜ ਹੈ। ਕਾਂਗਰਸ ਨੇ ਜਾਣਬੁੱਝ ਕੇ ਪ੍ਰਧਾਨ ਮੰਤਰੀ ਦਾ ਕਾਫਿਲਾ ਰੁਕਵਾਇਆ, ਜਿਸ ਦੀ ਜਾਂਚ ਹੋਣਾਂ ਬੇਹੱਦ ਲਾਜ਼ਮੀ ਹੈ। ਮੈਂ ਪਹਿਲਾਂ ਵੀ ਇਸ ਦੀ ਮੰਗ ਕੀਤੀ ਹੈ ਤੇ ਹੁਣ ਵੀ ਇਹੋ ਗੱਲ ਆਖਦਾ ਹਾਂ ਕਿ ਪੀ. ਐੱਮ. ਨਰਿੰਦਰ ਮੋਦੀ ਦਾ ਕਾਫਲਾ ਰੋਕਣ ਵਾਲੇ ਕਿਸਾਨ ਨਹੀਂ ਸਨ, ਸਗੋਂ ਉਹ ਕਾਫਲਾ ਕਾਂਗਰਸੀਆਂ ਵੱਲੋਂ ਰੁਕਵਾਇਆ ਗਿਆ ਸੀ। ਮੋਦੀ ਦਾ ਕਾਫਲਾ ਰੁਕਵਾਇਆ ਜਾਣਾ ਪੀ. ਐੱਮ. ਦੀ ਸੁਰੱਖਿਆ ’ਚ ਕੁਤਾਹੀ ਹੈ ਜੋ ਸਿੱਧੇ ਤੌਰ ’ਤੇ ਸਰਕਾਰ ਤੇ ਡੀ. ਜੀ. ਪੀ. ਦੀ ਨਾਲਾਇਕੀ ਵੱਲ ਇਸ਼ਾਰਾ ਕਰਦੀ ਹੈ। ਪ੍ਰਧਾਨ ਮੰਤਰੀ ਨੇ ਪੰਜਾਬ ਨੂੰ 50 ਹਜ਼ਾਰ ਕਰੋੜ ਰੁਪਏ ਦੇ ਕੇ ਜਾਣੇ ਸਨ, ਇਹ ਸਾਰੀ ਰਾਸ਼ੀ ਪੰਜਾਬ ਦੇ ਵਿਕਾਸ ਲਈ ਹੀ ਤਾਂ ਖਰਚੀ ਜਾਣੀ ਸੀ ਪਰ ਕਾਂਗਰਸੀਆਂ ਨੇ ਉਨ੍ਹਾਂ ਦਾ ਕਾਫਲਾ ਰਸਤੇ ’ਚ ਰੁਕਵਾ ਦਿੱਤਾ, ਜਿਸ ਤੋਂ ਇਹ ਸਾਫ਼ ਹੈ ਕਿ ਕਾਂਗਰਸ ਪੰਜਾਬ ਦਾ ਵਿਕਾਸ ਨਹੀਂ ਚਾਹੁੰਦੀ, ਸਗੋਂ ਲੋਕਾਂ ਨੂੰ ਆਪਸ ’ਚ ਲੜਾ ਕੇ ਰਾਜ ਕਰਨਾ ਚਾਹੁੰਦੀ ਹੈ।

ਪਰਚਾ ਦਰਜ ਹੋਣ ਤੋਂ ਬਾਅਦ ਤੁਸੀਂ ਗਾਇਬ ਕਿਉਂ ਰਹੇ ?
ਬਿਕਰਮ ਮਜੀਠੀਆ ਨੇ ਕਿਹਾ ਕਿ ਪਰਚਾ ਦਰਜ ਹੋਣ ਤੋਂ ਬਾਅਦ ਕਾਂਗਰਸੀ ਮੇਰੇ ਬਾਰੇ ਦਾਅਵੇ ਕਰਦੇ ਰਹੇ ਕਿ ਮੈਂ ਭਗੌੜੇ ਹੋ ਗਿਆ ਪਰ ਕਾਂਗਰਸੀਆਂ ਨੂੰ ਪਹਿਲਾਂ ਆਪਣੇ ਨੇਤਾਵਾਂ ਵੱਲ ਵੀ ਵੇਖ ਲੈਣਾ ਚਾਹੀਦਾ ਸੀ, ਜੋ ਇਸ ਤਰ੍ਹਾਂ ਦੇ ਪਰਚਿਆਂ ਤੋਂ ਬਾਅਦ ਦਿਖਾਈ ਨਹੀਂ ਦਿੱਤੇ ਸਨ ਪਰ ਮੈਂ ਤਾਂ ਫਿਰ ਵੀ ਅਦਾਲਤ ’ਚ ਪਹੁੰਚ ਗਿਆ। ਜਦ ਸੂਬੇ ਭਰ ਦੀ ਪੁਲਸ ਸਰਕਾਰ ਦੇ ਇਸ਼ਾਰੇ ਉੱਤੇ ਤੁਹਾਡੇ ਖ਼ਿਲਾਫ਼ ਹੋਵੇ ਤਾਂ ਤੁਸੀਂ ਨਿਆਂ ਲੈਣ ਲਈ ਅਦਾਲਤ ਤਾਂ ਜਾਵੋਗੇ ਹੀ, ਮੈਂ ਵੀ ਅਜਿਹਾ ਹੀ ਕੀਤਾ। ਅਦਾਲਤ ਨੇ ਮੇਰੀ ਸੁਣਵਾਈ ਕੀਤੀ ਤੇ ਮੈਨੂੰ ਨਿਆਂ ਮਿਲਿਆ। ਸਰਕਾਰ ਦੀ ਪਲਾਨਿੰਗ ਮੇਰੇ ਉੱਤੇ ਪਰਚਾ ਦਰਜ ਕਰਕੇ ਮੈਨੂੰ ਚੋਣਾਂ ਲੜਨ ਤੋਂ ਰੋਕਣ ਦਾ ਸੀ ਪਰ ਸਰਕਾਰ ਅਜਿਹਾ ਕਰਨ ’ਚ ਸਫ਼ਲ ਨਹੀਂ ਹੋ ਸਕੀ।

ਗਾਇਬ ਰਹਿਣ ਦੌਰਾਨ ਰਹੇ ਕਿੱਥੇ ?
ਪਰਚਾ ਦਰਜ ਹੋਣ ਤੋਂ ਬਾਅਦ ਮਜੀਠੀਆ ਨੇ ਆਪਣੇ ਗਾਇਬ ਰਹਿਣ ਦੇ ਸਵਾਲ ਬਾਰੇ ਕਿਹਾ ਕਿ ਮੈਂ ਇਸ ਦੌਰਾਨ ਕਿੱਥੇ ਰਿਹਾ, ਇਹ ਤਾਂ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਰੰਧਾਵਾ ਦੋਵਾਂ ਨੂੰ ਹੀ ਪਤਾ ਹੈ ਕਿ ਮੈਂ ਕਿੱਥੇ ਰਿਹਾ ਪਰ ਜਿੱਥੇ ਵੀ ਰਿਹਾ ਮੈਂ ਰੱਬ ਦੇ ਰੰਗਾਂ ’ਚ ਰਾਜ਼ੀ ਰਿਹਾ, ਜਿਸ ਲਈ ਮੈਂ ਦੋਵਾਂ ਦਾ ਧੰਨਵਾਦੀ ਹਾਂ । ਮੇਰੇ ’ਤੇ ਝੂਠਾ ਕੇਸ ਦਰਜ ਕਰਨ ਲਈ ਸਰਕਾਰ ਨੂੰ 3 ਡੀ. ਜੀ. ਪੀ. ਤੇ ਬੀ. ਓ. ਆਈ. ਅਫ਼ਸਰ ਬਦਲਣੇ ਪਏ ਕਿਉਂਕਿ ਕੋਈ ਵੀ ਅਫ਼ਸਰ ਗ਼ਲਤ ਕੰਮ ਕਰਨ ਲਈ ਤਿਆਰ ਨਹੀਂ ਸੀ ਹੋਇਆ। ਫਿਰ ਸਰਕਾਰ ਨੇ ਚਟੋਪਾਧਿਆਏ ਨੂੰ ਡੀ. ਜੀ. ਪੀ. ਲਾਇਆ, ਜਿਸ ਨੇ ਇਹ ਪਰਚਾ ਦਰਜ ਕੀਤਾ ਪਰ ਰੱਬ ਦੇ ਰੰਗ ਨਿਆਰੇ, ਉਹ 18 ਦਿਨਾਂ ਬਾਅਦ ਹੀ ਇਸ ਅਹੁਦੇ ਤੋਂ ਲੱਥ ਗਿਆ।

ਇਹ ਵੀ ਪੜ੍ਹੋ : ਪੰਜਾਬ ਮਾਡਲ ’ਚ ਦਾਲ, ਤੇਲ-ਬੀਜ, ਮੱਕੀ ਦੀ ਫਸਲ ’ਤੇ ਮਿਲੇਗਾ ਘੱਟ ਤੋਂ ਘੱਟ ਸਮਰਥਨ ਮੁੱਲ : ਨਵਜੋਤ ਸਿੱਧੂ

ਐੱਸ. ਟੀ. ਐੱਫ. ਰਿਪੋਰਟ ਦਾ ਮਾਮਲਾ ਅਸਲ ’ਚ ਕੀ ਹੈ?
ਐੱਸ. ਟੀ. ਐੱਫ. ਦੀ ਰਿਪੋਰਟ ਬਾਰੇ ਦੱਸਦਿਆਂ ਮਜੀਠੀਆ ਨੇ ਕਿਹਾ ਕਿ ਇਹ ਨਵਜੋਤ ਸਿੰਘ ਸਿੱਧੂ ਐਂਡ ਸਿੱਧੂ ਬ੍ਰਦਰਜ਼ ਦੀ ਰਿਪੋਰਟ ਹੈ। ਇਹ ਵੀ ਕਮਾਲ ਦੀ ਗੱਲ ਹੋਈ ਤੁਸੀਂ ਤਾਂ ਕਾਨੂੰਨ ਜਾਣਦੇ ਹੋ, ਜਦੋਂ ਕਿਸੇ ਉੱਤੇ ਮਾਮਲਾ ਦਰਜ ਕਰਨਾ ਹੋਵੇ ਤਾਂ ਡੀ. ਜੀ. ਪੀ. ਸਿੱਧਾ ਨਹੀਂ ਕਹਿ ਸਕਦਾ ਕਿ ਪਰਚਾ ਦਰਜ ਕਰ ਦਿਓ ਪਰ ਮੇਰੇ ਮਾਮਲੇ ’ਚ ਸਿੱਧੇ ਹੀ ਆਰਡਰ ਕੀਤੇ ਗਏ। ਜਿਸ ਥਾਣੇ ’ਚ ਇਹ ਮਾਮਲਾ ਦਰਜ ਕੀਤਾ ਗਿਆ, ਉੱਥੇ ਇਹ ਸਿਰਫ ਦੂਜੀ ਐੱਫ. ਆਈ. ਆਰ. ਸੀ। ਪਰਚਾ ਦੇਣ ਤੋਂ ਪਹਿਲਾਂ ਇਸ ਮਾਮਲੇ ਦੀ ਜਾਂਚ ਹੀ ਨਹੀਂ ਕੀਤੀ ਕਿ ਜਿਹੜਾ ਰਿਪੋਰਟ ’ਤੇ ਮਾਮਲਾ ਦਰਜ ਕਰ ਰਹੇ ਹੋ, ਉਹ ਮਾਮਲਾ ਤਾਂ ਅਦਾਲਤ ’ਚ ਪਹਿਲਾਂ ਹੀ ਨਿੱਬੜ ਚੁੱਕਿਆ ਹੈ ਤੇ ਇਸ ਮਾਮਲੇ ’ਚ ਸ਼ਾਮਲ ਵਿਅਕਤੀਆਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਹਨ ਪਰ ਸਰਕਾਰ ਕੇਸ ਦਰਜ ਕਰਨ ਲਈ ਬਜ਼ਿੱਦ ਸੀ, ਉਸ ਨੇ ਕਰ ਦਿੱਤਾ।

ਮਜੀਠੀਆ ਸਾਹਿਬ ਵਿਰੋਧੀਆਂ ਦੇ ਨਿਸ਼ਾਨੇ ’ਤੇ ਤੁਸੀਂ ਇਕੱਲੇ ਹੀ ਕਿਉਂ ?
ਮਜੀਠੀਆ ਨੇ ਕਿਹਾ ਕਿ ਵਿਰੋਧੀਆਂ ਦੇ ਨਿਸ਼ਾਨੇ ’ਤੇ ਰਹਿਣਾ ਕੋਈ ਮਾੜੀ ਗੱਲ ਨਹੀਂ। ਲੋਕਾਂ ਨੇ ਮਾਣ ਬਖਸ਼ਿਆ ਹੈ। ਮਜੀਠੀਆ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਰਿਸ਼ਤੇਦਾਰ ਹਨੀ ਤੇ ਉਨ੍ਹਾਂ ਦਾ ਭਰਾ ਮਨਮੋਹਨ ਸਿੰਘ ਹੀ ਮਾਈਨਿੰਗ ਮਾਫੀਆ ਦਾ ਧੰਦਾ ਚਲਾਉਂਦੇ ਰਹੇ ਹਨ। ਚੰਨੀ ਨੇ 3 ਮਹੀਨੇ ਸਿਰਫ ਡਰਾਮੇ ਹੀ ਕੀਤੇ ਹਨ। ਖ਼ੁਦ ਨੂੰ ਗਰੀਬ ਘਰ ਦਾ ਦੱਸਣ ਵਾਲੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਹਨੀ ਕੋਲੋਂ ਕਰੋੜਾਂ ਰੁਪਏ ਮਿਲਣਾ ਕੋਈ ਮਾਮੂਲੀ ਗੱਲ ਨਹੀਂ। ਇਸ ਦੇ ਨਾਲ ਹੀ ਮਜੀਠੀਆ ਨੇ ਦਾਅਵਾ ਕੀਤਾ ਕਿ ਹਨੀ ਪੁਲਸ ਅਫਸਰਾਂ ਦੀਆਂ ਬਦਲੀਆਂ, ਪੁੱਡਾ ਦੀਆਂ ਕਾਲੋਨੀਆਂ ਤੇ ਮਾਈਨਿੰਗ ਦਾ ਕੰਮ ਕਰਦਾ ਸੀ। ਉਸ ਦੀ ਪਿੱਠ ਉੱਤੇ ਖੁਦ ਮੁੱਖ ਮੰਤਰੀ ਚੰਨੀ ਸਨ।

ਮਾਈਨਿੰਗ ਘਪਲੇ ਦੀ ਜਾਂਚ ਹੋਵੇ ਤਾਂ ਪਵੇਗਾ ਵੱਡਾ ਖਿਲਾਰਾ
ਮਜੀਠੀਆ ਨੇ ਕਿਹਾ ਕਿ ਉਹ ਪੰਜਾਬ ’ਚ ਹੋ ਰਹੀ ਨਾਜ਼ਾਇਜ਼ ਮਾਈਨਿੰਗ ਖ਼ਿਲਾਫ਼ ਚੁੱਪ ਨਹੀਂ ਬੈਠਣਗੇ। ਚਮਕੌਰ ਸਾਹਿਬ ਤੇ ਆਨੰਦਪੁਰ ਸਾਹਿਬ ’ਚ ਹੁੰਦੀ ਨਾਜਾਇਜ਼ ਮਾਈਨਿੰਗ ਦਾ ਸੂਤਰਧਾਰ ਹੀ ਹਨੀ ਤੇ ਚੰਨੀ ਹਨ। ਹੁਣ ਮੈਂ ਇਸ ਮਾਮਲੇ ਵਿਚ ਪਿੱਛੇ ਨਹੀਂ ਹਟਦਾ। ਮਾਈਨਿੰਗ ਦਾ ਕੰਮ ਜੰਮੂ-ਕਸ਼ਮੀਰ ਦਾ ਅਸ਼ੋਕ ਚੌਧਰੀ, ਹਰੀਸ਼ ਚੌਧਰੀ, ਕਾਂਗਰਸੀ ਆਗੂ ਚਾਂਡਕ ਤੇ ਮੁੱਖ ਮੰਤਰੀ ਚੰਨੀ ਤੇ ਹਨੀ ਮਿਲ ਕੇ ਚਲਾਉਂਦੇ ਹਨ। ਮਜੀਠੀਆ ਨੇ ਦੋਸ਼ ਲਗਾਇਆ ਕਿ ਮਾਈਨਿੰਗ ਦਾ ਪੈਸਾ ਆਲ ਇੰਡੀਆਂ ਕਾਂਗਰਸ ਦੇ ਦਫ਼ਤਰ ਵੀ ਜਾਂਦਾ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਨ੍ਹਾਂ ਦਾ ਰੌਲਾ ਵੀ ਇਸੇ ਮੁੱਦੇ ’ਤੇ ਪਿਆ ਸੀ। ਇਸ ਮਾਮਲੇ ਦੀ ਜਾਂਚ ਹੋਣ ਉੱਤੇ ਵੱਡੇ ਖੁਲਾਸੇ ਹੋਣਗੇ।

‘ਆਪ’ ਨੇ ਭਗਵੰਤ ਮਾਨ ’ਤੇ ਦਾਅ ਖੇਡਿਆ
ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 2017 ’ਚ ਆਮ ਆਦਮੀ ਪਾਰਟੀ ਦਾਅਵਾ ਕਰਦੀ ਸੀ ਕਿ 100 ਸੀਟਾਂ ਉੱਤੇ ਜਿੱਤੇਗੀ ਪਰ ਜਿੱਤ ਮਿਲੀ ਸਿਰਫ 20 ਸੀਟਾਂ ਉੱਤੇ ਅਤੇ ਇਸ ਵਾਰ ‘ਆਪ’ ਦਾਅਵਾ 50 ਸੀਟਾਂ ਦਾ ਕਰ ਰਹੀ ਹੈ, ਮੈਂ ਮੰਨਦਾ ਜੇਕਰ 10 ਵੀ ਮਿਲ ਜਾਣ ਤਾਂ ਵੱਡੀ ਗੱਲ ਹੈ। ਪਿਛਲੀ ਸਰਕਾਰ ਦੌਰਾਨ ‘ਆਪ’ ਦੇ 20 ਵਿਧਾਇਕਾਂ ’ਚੋਂ 12 ਤਾਂ ਕਾਂਗਰਸ ’ਚ ਚਲੇ ਗਏ, ਦੋਵਾਂ ਪਾਰਟੀਆਂ ਦਾ ਅੰਦਰਖਾਤੇ ਗੱਠਜੋੜ ਹੈ। ਮੁੱਖ ਮੰਤਰੀ ਦੇ ਚਿਹਰੇ ਬਾਰੇ ਕਰਵਾਈ ਵੋਟਿੰਗ ਉੱਤੇ ਸਵਾਲ ਚੁੱਕਦੇ ਹੋਏ ਮਜੀਠੀਆ ਨੇ ਕਿਹਾ ਕਿ ਜਿੰਨੇ ਫੋਨ ਇਕ ਦਿਨ ’ਚ ਆਉਣ ਦਾ ਦਾਅਵਾ ਕੇਜਰੀਵਾਲ ਵੱਲੋਂ ਕੀਤਾ ਗਿਆ ਹੈ, ਓਨੇ ਤਾਂ ਇਕ ਦਿਨ ’ਚ ਸੈਕੰਡ ਵੀ ਨਹੀਂ ਹੁੰਦੇ। ਅਜਿਹੀਆਂ ਗੋਲ-ਮੋਲ ਗੱਲਾਂ ਤੋਂ ਬਾਅਦ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਵੀ ਉਸ ਵਿਅਕਤੀ ਨੂੰ, ਜਿਸ ਉੱਤੇ ਉਸ ਦਾ ਆਪਣਾ ਪਰਿਵਾਰ ਸਵਾਲ ਖੜ੍ਹੇ ਕਰਦਾ ਹੈ।

ਕਿਸਾਨਾਂ ਵੱਲੋਂ ਮੋਰਚਾ ਬਣਾ ਕੇ ਚੋਣ ਦੰਗਲ ’ਚ ਨਿੱਤਰਣ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਕਿਸਾਨਾਂ ਦੀ ਪਾਰਟੀ ਬਾਰੇ ਮਜੀਠੀਆ ਨੇ ਕਿਹਾ ਕਿ ਇਹ ਹਰੇਕ ਦਾ ਸੰਵਿਧਾਨਕ ਹੱਕ ਹੈ ਕਿ ਉਸ ਨੇ ਚੋਣ ਲੜਨੀ ਹੈ ਜਾਂ ਨਹੀਂ। ਹਾਂ, ਇਹ ਫ਼ੈਸਲਾ ਲੋਕਾਂ ਨੇ ਕਰਨਾ ਕਿ ਤਹਾਨੂੰ ਵੋਟ ਪਾਉਣੀ ਹੈ ਜਾਂ ਨਹੀਂ। ਫ਼ੈਸਲਾ ਸਵਾਗਤਯੋਗ ਹੈ ਪਰ ਜੋ ਮੂਵਮੈਂਟ ਹੀ ਗੈਰ-ਸਿਆਸੀ ਸੀ, ਉਸ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਸੀ। ਅਜਿਹਾ ਕਰਨ ਨਾਲ ਉਨ੍ਹਾਂ ਕਿਸਾਨ ਮੁੱਦਿਆ ਦਾ ਹੱਲ ਕਢਵਾਉਣਾ ਥੋੜ੍ਹਾ ਪੇਸ਼ਾਨੀ ਵਾਲਾ ਹੋ ਜਾਵੇਗਾ, ਜਿਨ੍ਹਾਂ ਉੱਤੇ ਹਾਲੇ ਫ਼ੇਸਲੇ ਆਉਣੇ ਬਾਕੀ ਸਨ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 
 


author

Anuradha

Content Editor

Related News