ਚੂਰਾ-ਪੋਸਤ ਪਾਏ ਜਾਣ ''ਤੇ ਦੋਸ਼ੀ ਨੂੰ 10 ਸਾਲ ਦੀ ਕੈਦ
Thursday, Mar 01, 2018 - 03:39 AM (IST)

ਲੁਧਿਆਣਾ, (ਮਹਿਰਾ)- ਵਧੀਕ ਸੈਸ਼ਨ ਜੱਜ ਬਲਵਿੰਦਰ ਕੁਮਾਰ ਦੀ ਅਦਾਲਤ ਨੇ ਵੱਡੀ ਮਾਤਰਾ 'ਚ ਚੂਰਾ-ਪੋਸਤ ਪਾਏ ਜਾਣ ਦੇ ਦੋਸ਼ 'ਚ ਦੋਸ਼ੀ ਸਵਰਣ ਸਿੰਘ ਉਰਫ ਸੋਨਾ ਨਿਵਾਸੀ ਬੱਲੋਵਾਲ, ਮੋਗਾ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਪੁਲਸ ਥਾਣਾ ਜੋਧਾਂ ਵੱਲੋਂ 5 ਦਸੰਬਰ 2012 ਨੂੰ ਦੋਸ਼ੀ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਪੁਲਸ ਮੁਤਾਬਕ ਜਦੋਂ ਪੁਲਸ ਪਾਰਟੀ ਬੱਲੋਵਾਲ, ਚੌਕ ਜੋਧਾਂ ਵਿਚ ਮੌਜੂਦ ਸੀ ਅਤੇ ਜਾਂਚ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਪਿੰਡ ਬੱਲੋਵਾਲ ਵੱਲੋਂ ਦੋਸ਼ੀ ਕਾਰ 'ਚ ਆਉਂਦੇ ਦਿਖਾਈ ਦਿੱਤਾ। ਦੋਸ਼ੀ 'ਤੇ ਸ਼ੱਕ ਪੈਣ 'ਤੇ ਜਦੋਂ ਪੁਲਸ ਨੇ ਦੋਸ਼ੀ ਨੂੰ ਰੋਕ ਕੇ ਉਸ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਦੋਸ਼ੀ ਕੋਲੋਂ ਵੱਡੀ ਮਾਤਰਾ 'ਚ ਚੂਰਾ-ਪੋਸਤ ਬਰਾਮਦ ਹੋਇਆ, ਜਿਸ 'ਤੇ ਪੁਲਸ ਨੇ ਦੋਸ਼ੀ ਨੂੰ ਉਪਰੋਕਤ ਕੇਸ ਵਿਚ ਨਾਮਜ਼ਦ ਕਰਦੇ ਹੋਏ ਗ੍ਰਿਫਤਾਰ ਕਰ ਲਿਆ। ਨਾਲ ਹੀ ਅਦਾਲਤ 'ਚ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਪੁਲਸ ਨੇ ਉਸ ਨੂੰ ਕੇਸ 'ਚ ਝੂਠਾ ਫਸਾਇਆ ਹੈ ਅਤੇ ਉਸ ਦਾ ਇਸ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਦਾਲਤ 'ਚ ਦੋਸ਼ੀ ਆਪਣੇ ਪੱਖ ਵਿਚ ਕੋਈ ਠੋਸ ਗਵਾਹ ਜਾਂ ਸਬੂਤ ਪੇਸ਼ ਨਹੀਂ ਕਰ ਸਕਿਆ, ਜਿਸ ਦੇ ਚਲਦੇ ਅਦਾਲਤ ਨੇ ਦੋਸ਼ੀ ਨੂੰ ਉਪਰੋਕਤ ਸਜ਼ਾ ਸੁਣਾਈ।
ਵਧੀਕ ਸੈਸ਼ਨ ਜੱਜ ਜੇ. ਐੱਸ. ਕੰਗ ਦੀ ਅਦਾਲਤ ਨੇ 500 ਗ੍ਰਾਮ ਚਰਸ ਪਾਏ ਜਾਣ ਦੇ ਦੋਸ਼ ਵਿਚ ਦੋਸ਼ੀ ਸੋਮਨਾਥ ਨੂੰ 1 ਸਾਲ 8 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਵਿਰੁੱਧ ਪੁਲਸ ਥਾਣਾ ਜੀ. ਆਰ. ਪੀ. ਵੱਲੋਂ 1 ਅਕਤੂਬਰ 2009 ਨੂੰ ਕੇਸ ਦਰਜ ਕੀਤਾ ਗਿਆ ਸੀ। ਉਪਰੋਕਤ ਅਦਾਲਤ ਨੇ ਹੀ ਦੋਸ਼ੀ ਅਮਰਜੀਤ ਸਿੰਘ ਨੂੰ ਵੀ ਇਕ ਹੋਰ ਕੇਸ 'ਚ 2 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਵਿਰੁੱਧ ਸਿੱਧਵਾਂ ਬੇਟ ਪੁਲਸ ਵੱਲੋਂ 5 ਮਈ 2015 ਨੂੰ ਕੇਸ ਦਰਜ ਕੀਤਾ ਗਿਆ ਸੀ। ਦੋਸ਼ੀ ਕੋਲੋਂ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ ਸੀ।