ਪਿਤਾ ਨੂੰ ਕਤਲ ਕਰਨ ਦੇ ਪੁੱਤਰ ਨੇ ਲਾਏ ਦੋਸ਼

01/07/2018 6:46:33 AM

ਅਜਨਾਲਾ,  (ਰਮਨਦੀਪ)-  ਅੱਜ ਸ਼ਹਿਰ ਅਜਨਾਲਾ 'ਚ ਮਨਪ੍ਰੀਤ ਸਿੰਘ ਪੁੱਤਰ ਵਿਧਵਾ ਅਮਰਜੀਤ ਕੌਰ ਪਤਨੀ ਕੁਲਬੀਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਰਾ ਪਿਤਾ ਕਾਫੀ ਅਰਸੇ ਤੋਂ ਆਪਣੇ ਜੱਦੀ ਕਸਬਾ ਰਾਮਦਾਸ ਵਿਖੇ ਰਹਿ ਰਿਹਾ ਸੀ ਤੇ ਅਸੀਂ ਸਾਰਾ ਪਰਿਵਾਰ ਮੁਰਾਦਪੁਰਾ (ਅੰਮ੍ਰਿਤਸਰ) ਵਿਖੇ ਰਹਿੰਦੇ ਹਾਂ। 3 ਜਨਵਰੀ ਨੂੰ ਕਿਸੇ ਨੇ ਉਨ੍ਹਾਂ ਨੂੰ ਫੋਨ 'ਤੇ ਦੱਸਿਆ ਕਿ ਤੇਰੇ ਪਿਤਾ ਦੀ ਮੌਤ ਹੋ ਗਈ ਹੈ ਤੇ ਤੇਰੇ ਪਿਤਾ ਦਾ ਅੱਜ ਭੋਗ ਵੀ ਪੈ ਰਿਹਾ ਹੈ। ਇਹ ਗੱਲ ਸੁਣ ਕੇ ਜਦ ਮੈਂ ਆਪਣੀ ਮਾਤਾ ਤੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਮੌਕੇ 'ਤੇ ਰਮਦਾਸ ਪਹੁੰਚੇ ਤਾਂ ਪਤਾ ਲੱਗਾ ਕਿ ਮੇਰੇ ਪਿਤਾ ਦੀ ਮੌਤ ਨਹੀਂ ਹੋਈ ਬਲਕਿ ਕਤਲ ਕੀਤਾ ਗਿਆ ਹੈ। ਕਤਲ ਕਰਨ ਵਿਚ ਸਾਡੇ ਸ਼ਰੀਕ ਦੇ ਰਿਸ਼ਤੇਦਾਰ ਬਲਬੀਰ ਸਿੰਘ ਪੁੱਤਰ ਤਾਰਾ ਸਿੰਘ, ਸੁੱਖਾ ਸਿੰਘ ਪੁੱਤਰ ਦਰਸ਼ਨ ਸਿੰਘ, ਹਰਭਜਨ ਸਿੰਘ ਪੁੱਤਰ ਦਰਸ਼ਨ ਸਿੰਘ, ਬਲਵਿੰਦਰ ਕੌਰ ਪਤਨੀ ਅਜੈਬ ਸਿੰਘ ਤੇ ਕੁਲਦੀਪ ਕੌਰ ਪਤਨੀ ਸੁੱਚਾ ਸਿੰਘ (ਸਾਰੇ ਵਾਸੀ ਰਾਮਦਾਸ) ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮੇਰੇ ਬਾਪ ਨੂੰ ਜ਼ਮੀਨ ਬਦਲੇ 10 ਲੱਖ ਰੁਪਏ ਮਿਲੇ ਸਨ, ਜਿਸ ਨੂੰ ਪ੍ਰਾਪਤ ਕਰਨ ਲਈ ਉਕਤ ਵਿਅਕਤੀਆਂ  ਨੇ ਮੇਰੇ ਬਾਪ ਦਾ ਕਤਲ ਕਰ ਦਿੱਤਾ। ਅਸੀਂ ਇਸ ਸਬੰਧੀ ਡੀ. ਐੱਸ. ਪੀ. ਅਜਨਾਲਾ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਤੇ ਦੋਸ਼ੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ। ਇਸ ਮੌਕੇ ਮ੍ਰਿਤਕ ਦੀ ਲੜਕੀ ਮਨਜੀਤ ਕੌਰ, ਵਜ਼ੀਰ ਸਿੰਘ, ਕਸ਼ਮੀਰ ਕੌਰ, ਮਲਕੀਤ ਸਿੰਘ, ਸਵਰਨ ਸਿੰਘ ਆਦਿ ਹਾਜ਼ਰ ਸਨ।
ਜਦੋਂ ਕਿ ਦੂਜੀ ਧਿਰ ਕੁਲਦੀਪ ਕੌਰ ਪਤਨੀ ਸੁੱਚਾ ਸਿੰਘ ਤੇ ਹਰਭਜਨ ਸਿੰਘ ਸਮੇਤ ਉਕਤ ਵਿਅਕਤੀਆਂ ਕੋਲੋਂ ਲਾਏ ਗਏ ਦੋਸ਼ਾਂ ਪ੍ਰਤੀ ਜਾਣਕਾਰੀ ਹਾਸਲ ਕੀਤੀ ਤਾਂ ਉਨ੍ਹਾਂ ਲਾਏ ਗਏ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮ੍ਰਿਤਕ ਦੀ ਪਤਨੀ ਮਨਜੀਤ ਕੌਰ ਆਪਣੇ ਪਹਿਲੇ ਘਰ ਵਾਲੇ ਨੂੰ ਛੱਡ ਕੇ ਬੱਚਿਆਂ ਸਮੇਤ ਦੂਜਾ ਵਿਆਹ ਕਰਵਾ ਕੇ ਮੁਰਾਦਪੁਰਾ (ਅੰਮ੍ਰਿਤਸਰ) ਵਿਖੇ ਰਹਿ ਰਹੀ ਹੈ।
ਇਸ ਮਾਮਲੇ ਸਬੰਧੀ ਡੀ. ਐੱਸ. ਪੀ. ਅਜਨਾਲਾ ਰਵਿੰਦਰਪਾਲ ਸਿੰਘ ਢਿੱਲੋਂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਸ ਦੀ ਸਮੁੱਚੀ ਜਾਂਚ ਉਪਰੰਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇਗਾ। 


Related News