ਮਾਂ ਦੀਆਂ ਅੱਖਾਂ ਸਾਹਮਣੇ ਤੇਜ਼ ਰਫਤਾਰ ਟਰੱਕ ਨੇ 25 ਸਾਲਾ ਬੇਟੇ ਨੂੰ ਕੁਚਲਿਆ

Saturday, May 26, 2018 - 06:38 AM (IST)

ਜਲੰਧਰ, (ਮਹੇਸ਼)— ਰਾਮਾਮੰਡੀ ਚੌਕ ਵਿਚ ਸ਼ੁੱਕਰਵਾਰ ਸਵੇਰੇ 7 ਵਜੇ ਮਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਉਸਦੇ 25 ਸਾਲ ਦੇ ਜਵਾਨ ਬੇਟੇ ਨੂੰ ਇਕ ਤੇਜ਼ ਰਫਤਾਰ ਟਰੱਕ ਨੇ ਕੁਚਲ ਦਿੱਤਾ। ਹਾਦਸਾ ਇੰਨਾ ਦਰਦਨਾਕ ਸੀ ਕਿ ਟਰੱਕ ਦਾ ਅਗਲਾ ਟਾਇਰ ਅਜੇ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਮਦਾਰਾਂ, ਥਾਣਾ ਆਦਮਪੁਰ ਦੇ ਸਿਰ ਉਪਰੋਂ ਨਿਕਲ ਗਿਆ। ਮ੍ਰਿਤਕ ਦੀ ਮਾਂ ਸ਼ਕੁੰਤਲਾ ਦੇਵੀ ਹਾਦਸਾ ਵੇਖ ਬੇਸੁੱਧ ਹੋ ਕੇ ਸੜਕ 'ਤੇ ਹੀ ਡਿਗ ਪਈ। ਹਾਦਸੇ ਨੂੰ ਅੰਜਾਮ ਦੇਣ ਵਾਲਾ ਟਰੱਕ ਪੀ. ਏ. ਪੀ. ਚੌਕ ਵਲੋਂ ਆ ਰਿਹਾ ਸੀ, ਜਿਸ ਨੇ ਕੈਂਟ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਪੈਟਰੋਲ ਪੰਪ ਵਿਚੋਂ ਤੇਲ ਪੁਆ ਕੇ ਅੱਗੇ ਜਾਣਾ ਸੀ। ਮੌਕੇ 'ਤੇ ਪਹੁੰਚੇ ਥਾਣਾ ਕੈਂਟ ਦੇ ਇੰਚਾਰਜ ਇੰਸ. ਗਗਨਦੀਪ ਸਿੰਘ ਘੁੰਮਣ ਤੇ ਰਾਤ ਦੀ ਡਿਊਟੀ ਕਰ ਰਹੇ ਏ. ਐੱਸ. ਆਈ. ਜਗਦੀਸ਼ ਲਾਲ ਨੇ ਸੜਕ 'ਤੇ ਪਈ ਅਜੇ ਦੀ ਲਾਸ਼ ਨੂੰ ਚੁੱਕ ਕੇ ਸਾਈਡ 'ਤੇ ਕੀਤਾ ਅਤੇ ਸਿਵਲ ਹਸਪਤਾਲ ਭੇਜ ਦਿੱਤਾ।
ਪਿਤਾ ਖੇਤ ਮਜ਼ਦੂਰ, ਅਜੇ ਕਰਦਾ ਸੀ ਡੀ. ਜੇ. ਦਾ ਕੰਮ
ਅਜੇ ਕੁਮਾਰ ਨੇ ਘਰ ਦੀ ਹਾਲਤ ਚੰਗੀ ਨਾ ਹੋਣ ਕਾਰਨ ਅੱਠਵੀਂ ਕਲਾਸ ਤੋਂ ਬਾਅਦ ਹੀ ਪੜ੍ਹਾਈ ਛੱਡ ਦਿੱਤੀ ਸੀ ਅਤੇ ਕੰਮ ਕਰਨ ਲੱਗ ਪਿਆ ਸੀ ਤਾਂ ਜੋ ਉਸਦੀਆਂ ਦੋਵੇਂ ਭੈਣਾਂ ਪੜ੍ਹ ਸਕਣ। ਪਿਤਾ ਰਾਜ ਕੁਮਾਰ ਖੇਤ ਮਜ਼ਦੂਰ ਹਨ ਜੋ ਪਿੰਡ ਦੇ ਕਿਸਾਨਾਂ ਦੇ ਖੇਤਾਂ ਵਿਚ ਹੀ ਕੰਮ ਕਰਦੇ ਹਨ। ਉਨ੍ਹਾਂ ਦੀ ਤਨਖਾਹ ਨਾਲ ਘਰ ਚਲਾਉਣਾ ਮੁਸ਼ਕਲ ਹੋ ਗਿਆ ਸੀ, ਜਿਸ ਕਾਰਨ ਉਸਨੂੰ ਪੜ੍ਹਾਈ ਛੱਡ ਕੇ ਕੰਮ ਕਰਨਾ ਪਿਆ। ਅਜੇ ਡੀ. ਜੇ. ਦਾ ਕੰਮ ਕਰਦਾ ਸੀ। ਉਸਦੀ ਕੋਸ਼ਿਸ਼ ਸੀ ਕਿ ਉਸ ਦੀਆਂ ਦੋਵੇਂ ਭੈਣਾਂ ਦਾ ਵਿਆਹ ਚੰਗੇ ਘਰਾਂ ਵਿਚ ਹੋਵੇ ਤੇ ਉਸ ਤੋਂ ਬਾਅਦ ਹੀ ਉਹ ਆਪਣੇ ਵਿਆਹ ਬਾਰੇ ਸੋਚੇਗਾ।PunjabKesari
ਅਧੂਰਾ ਫਲਾਈਓਵਰ ਲੈ ਰਿਹਾ ਕੀਮਤੀ ਜਾਨਾਂ
ਰਾਮਾਮੰਡੀ ਫਲਾਈਓਵਰ ਦਾ ਨਿਰਮਾਣ ਕਾਰਜ ਪਿਛਲੇ ਕਈ ਸਾਲਾਂ ਤੋਂ ਲਟਕ ਰਿਹਾ ਹੈ, ਜਿਸ ਕਾਰਨ ਇਥੇ ਹਾਦਸੇ ਹੁੰਦੇ ਹੀ ਰਹਿੰਦੇ ਹਨ ਅਤੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਰਾਮਾਮੰਡੀ ਤੋਂ ਕੈਂਟ ਜਾਂ ਪੀ. ਏ. ਪੀ. ਚੌਕ ਵਲ ਜਾਣ ਲਈ ਕੱਟ ਬਹੁਤ ਦੂਰ ਤੋਂ ਦਿੱਤਾ ਗਿਆ ਹੈ ਜੋ ਕਿਸੇ ਖਤਰੇ ਤੋਂ ਖਾਲੀ ਨਹੀਂ। ਇਸਦਾ ਚੌਕ ਵਿਚ ਖਾਸ ਕਰ ਫਗਵਾੜਾ, ਲੁਧਿਆਣਾ, ਚੰਡੀਗੜ੍ਹ, ਪਟਿਆਲਾ ਜਾਣ ਵਾਲੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੀ ਲਾਈਨ ਲੱਗੀ ਰਹਿੰਦੀ ਹੈ।
ਸੜਕ 'ਤੇ ਖੜ੍ਹੀਆਂ ਰਹਿੰਦੀਆਂ ਬੱਸਾਂ ਕਾਰਨ ਵੀ ਖਾਸ ਕਰ ਦੋਪਹੀਆ ਵਾਹਨ ਚਾਲਕਾਂ ਨੂੰ ਮੇਨ ਰੋਡ ਦਾ ਰਸਤਾ ਪੂਰੀ ਤਰ੍ਹਾਂ ਨਜ਼ਰ ਨਹੀਂ ਆਉਂਦਾ ਅਤੇ ਪਿੱਛਿਓਂ ਆਉਂਦੇ ਤੇਜ਼ ਰਫਤਾਰ ਵੱਡੇ ਵਾਹਨ ਕਿਸੇ ਨੂੰ ਕਦੋਂ ਆਪਣੀ ਲਪੇਟ ਵਿਚ ਲੈ ਲੈਣ, ਕੁਝ ਕਿਹਾ ਨਹੀਂ ਜਾ ਸਕਦਾ।

ਜੰਮੂ ਵਾਸੀ ਮੁਲਜ਼ਮ ਟਰੱਕ ਚਾਲਕ ਕਾਬੂ
ਥਾਣਾ ਕੈਂਟ ਦੇ ਇੰਚਾਰਜ ਇੰਸ. ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਮੁਲਜ਼ਮ ਟਰੱਕ ਚਾਲਕ ਪ੍ਰਵੀਨ ਕੁਮਾਰ ਪੁੱਤਰ ਚਮਨ ਲਾਲ ਵਾਸੀ ਕਠੂਆ ਜੰਮੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ ਹਾਦਸੇ ਤੋਂ ਬਾਅਦ ਫਰਾਰ ਹੋਣ ਦੀ ਤਾਕ ਵਿਚ ਸੀ। ਟਰੱਕ ਵੀ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ। ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕ ਅਜੇ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਹਾਦਸੇ ਸਮੇਂ ਨਹੀਂ ਪਾਇਆ ਸੀ ਹੈਲਮੇਟ
ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਅਜੇ ਕੁਮਾਰ ਨੇ ਹੈਲਮੇਟ ਨਹੀਂ ਪਾਇਆ ਸੀ। ਜੇਕਰ ਉਸਨੇ ਹੈਲਮੇਟ ਪਾਇਆ ਹੁੰਦਾ ਤਾਂ ਉਸਦੀ ਜਾਨ ਬਚ ਜਾਂਦੀ। ਮ੍ਰਿਤਕ ਦੀ ਭੈਣ ਪੂਨਮ ਨੇ ਕਿਹਾ ਕਿ ਉਸਦੀ ਮਾਂ ਤੇ ਭਰਾ ਜਦੋਂ ਘਰੋਂ ਨਿਕਲੇ ਸਨ ਤਾਂ ਹੈਲਮੇਟ ਉਨ੍ਹਾਂ ਕੋਲ ਸੀ। ਏ. ਐੱਸ.ਆਈ. ਜਗਦੀਸ਼ ਕੁਮਾਰ ਨੇ ਕਿਹਾ ਕਿ ਪੁਲਸ ਨੂੰ ਹਾਦਸੇ ਵਾਲੀ ਥਾਂ ਤੋਂ ਕੋਈ ਹੈਲਮੇਟ ਬਰਾਮਦ ਨਹੀਂ ਹੋਇਆ।PunjabKesari
ਇਕ ਘੰਟੇ ਬਾਅਦ ਘਰ ਪਹੁੰਚੀ ਇਕਲੌਤੇ ਭਰਾ ਦੀ ਮੌਤ ਦੀ ਖਬਰ
ਮ੍ਰਿਤਕ ਅਜੇ ਕੁਮਾਰ 2 ਭੈਣਾਂ ਮਮਤਾ (28) ਤੇ ਪੂਨਮ (22) ਦਾ ਇਕਲੌਤਾ ਭਰਾ ਸੀ। ਮ੍ਰਿਤਕ ਦੀ ਛੋਟੀ ਭੈਣ ਪੂਨਮ ਨੇ ਦੱਸਿਆ ਕਿ ਸਵੇਰੇ 6.15 ਵਜੇ ਉਸਦਾ ਭਰਾ ਅਤੇ ਮਾਂ ਆਪਣੇ ਸਪਲੈਂਡਰ ਮੋਟਰਸਾਈਕਲ 'ਤੇ ਜਮਸ਼ੇਰ ਲਈ ਨਿਕਲੇ ਸਨ। ਉਥੋਂ ਮਾਂ ਦੀ ਗਠੀਏ ਦੀ ਦਵਾਈ ਲੈਣੀ ਸੀ। 7.15 ਵਜੇ ਭਰਾ ਦੇ ਮੋਬਾਇਲ 'ਤੇ ਹੀ ਉਸਦੀ ਮੌਤ ਬਾਰੇ ਚਾਚੀ ਨੂੰ ਕਾਲ ਆਈ, ਜਿਸ ਨੇ ਘਰ ਆ ਕੇ ਦੱਸਿਆ। ਜਿਸ ਤੋਂ ਬਾਅਦ ਘਰ ਦਾ ਮਾਹੌਲ ਗਮਗੀਨ ਹੋ ਗਿਆ ਪਰ ਉਨ੍ਹਾਂ ਨੂੰ ਹਾਦਸੇ 'ਤੇ ਯਕੀਨ ਨਹੀਂ ਆ ਰਿਹਾ ਸੀ। ਫਿਰ ਮਾਂ ਸ਼ਕੁੰਤਲਾ ਨੇ ਵੀ ਫੋਨ ਕਰ ਕੇ ਕਿਹਾ ਕਿ ਅਜੇ ਸਾਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ ਹੈ। ਹਾਦਸੇ ਵਿਚ ਮਾਂ ਦੇ ਝਰੀਟ ਤੱਕ ਨਹੀਂ ਲੱਗੀ, ਜਦੋਂਕਿ ਉਹ ਬੇਟੇ ਦੀ ਬਾਈਕ ਦੇ ਪਿੱਛੇ ਬੈਠੀ ਸੀ।


Related News