ਕੇਂਦਰੀ ਪੂਲ ''ਚ ਅੱਤਵਾਦ ਪੀੜਤ ਵਿਦਿਆਰਥੀਆਂ ਲਈ ਐੱਮ.ਬੀ.ਬੀ.ਐੱਸ. ਦੀਆਂ ਚਾਰ ਸੀਟਾਂ ਰਾਖਵੀਆਂ

Thursday, Sep 05, 2024 - 01:12 PM (IST)

ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰਾਲੇ ਨੇ ਅਕਾਦਮਿਕ ਸਾਲ 2024-25 ਲਈ ਕੇਂਦਰੀ ਪੂਲ ਵਿਚ ਚਾਰ ਐੱਮ.ਬੀ.ਬੀ.ਐੱਸ. ਸੀਟਾਂ ਉਨ੍ਹਾਂ ਉਮੀਦਵਾਰਾਂ ਦੀ ਨਾਮਜ਼ਦਗੀ ਲਈ ਨਿਰਧਾਰਿਤ ਕੀਤੀਆਂ ਹਨ, ਜੋ ਅੱਤਵਾਦ ਕਾਰਨ ਫ਼ੌਤ/ਦਿਵਿਆਂਗ ਹੋ ਚੁੱਕੇ ਨਾਗਰਿਕਾਂ ਦੇ ਜੀਵਨ ਸਾਥੀ ਜਾਂ ਬੱਚੇ ਹਨ। ਇਸ ਸਬੰਧੀ ਵਿਸਤਾਰ ਨਾਲ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਏ.ਐੱਨ. ਮਗਧ ਮੈਡੀਕਲ ਕਾਲਜ, ਗਯਾ (ਬਿਹਾਰ) ਅਤੇ ਗ੍ਰਾਂਟ ਮੈਡੀਕਲ ਕਾਲਜ, ਮੁੰਬਈ (ਮਹਾਰਾਸ਼ਟਰ) ਵਿਚ ਇਕ-ਇਕ ਸੀਟ ਜਦਕਿ ਪੰਡਤ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ, ਰਾਏਪੁਰ (ਛੱਤੀਸਗੜ੍ਹ) ਵਿਚ ਇਸ ਵਰਗ ਲਈ ਦੋ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਯੋਗ ਵਿਦਿਆਰਥੀ ਵੀ ਇਨ੍ਹਾਂ ਸੀਟਾਂ ਲਈ ਅਪਲਾਈ ਕਰਕੇ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੀਟਾਂ ਲਈ ਯੋਗਤਾ ਦੇ ਮਾਪਦੰਡਾਂ ਤਹਿਤ ਉਮੀਦਵਾਰ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ ਅਤੇ ਉਸ ਦੀ ਉਮਰ ਦਾਖ਼ਲੇ ਸਮੇਂ 17 ਸਾਲ ਹੋਵੇ ਜਾਂ ਉਹ ਅੰਡਰਗਰੈਜੂਏਟ ਮੈਡੀਕਲ ਕੋਰਸ ਵਿਚ ਦਾਖ਼ਲੇ ਦੇ ਪਹਿਲੇ ਸਾਲ ਵਿਚ 31 ਦਸੰਬਰ ਨੂੰ ਜਾਂ ਇਸ ਤੋਂ ਪਹਿਲਾਂ ਇਹ ਉਮਰ ਪੂਰੀ ਕਰਦਾ ਹੋਵੇ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਤੇ ਫਾਰਮ ਮੰਤਰਾਲੇ ਦੀ ਵੈੱਬਸਾਈਟ (https://mha.gov.in) ਤੋਂ ਡਾਊਨਲੋਡ ਕਰਕੇ ਹੋਰ ਜਾਣਕਾਰੀ ਅਤੇ ਸ਼ਰਤਾਂ ਵੇਖੀਆਂ ਜਾ ਸਕਦੀਆਂ ਹਨ।


Gurminder Singh

Content Editor

Related News