ਫਿਰੋਜ਼ਪੁਰ ਰੋਡ ''ਤੇ ਵਾਪਰਿਆ ਰੂਹ ਕੰਬਾਊ ਹਾਦਸਾ, ਤੇਜ਼ ਰਫਤਾਰ ਮਰਸਡੀਜ਼ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ (ਤਸਵੀਰਾਂ)

07/18/2017 11:39:43 AM

ਲੁਧਿਆਣਾ (ਸਲੂਜਾ)-ਬੀਤੀ ਦੇਰ ਰਾਤ 12.15 ਅਤੇ 12.30 ਵਜੇ ਦੇ ਵਿਚਕਾਰ ਫਿਰੋਜ਼ਪੁਰ ਰੋਡ ਉਤੇ ਵਾਪਰੇ ਸੜਕ ਹਾਦਸੇ ਦੌਰਾਨ ਸ਼ਾਹੂਕਾਰਾਂ ਦੀ ਤੇਜ਼ ਰਫਤਾਰ ਮਰਸਡੀਜ਼ ਨੇ ਤਿੰਨ ਘਰਾਂ ਦੇ ਚਿਰਾਗ ਬੁਝਾ ਦਿੱਤੇ । ਹਾਦਸਾ ਇੰਨਾ ਦਰਦਨਾਕ ਸੀ ਕਿ ਸਕੂਟਰ ਦੇ ਤਾਂ ਪਰਖੱਚੇ ਉੱਡ ਗਏ ਅਤੇ ਉਸ 'ਤੇ ਸਵਾਰ ਤਿੰਨਾਂ ਦੋਸਤਾਂ ਵਿਚੋਂ ਇਕ ਨੇ ਤਾਂ ਘਟਨਾ ਸਥਾਨ ਉਤੇ ਹੀ ਦਮ ਤੋੜ ਦਿੱਤਾ, ਜਦੋਂ ਕਿ ਦੋਵੇਂ ਗੰਭੀਰ ਰੂਪ ਵਿਚ ਜ਼ਖਮੀ ਨੌਜਵਾਨਾਂ ਵਿਚੋਂ ਇਕ ਨੂੰ ਦਯਾਨੰਦ ਹਸਪਤਾਲ ਅਤੇ ਦੂਜੇ ਨੂੰ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਦੋਵਾਂ ਨੇ ਹੀ ਦਮ ਤੋੜ ਦਿੱਤਾ ।  
PunjabKesari
ਸ਼ਰਾਬ ਦੇ ਨਸ਼ੇ ਵਿਚ ਪਕੌੜੇ ਖਾਣ ਨੂੰ ਘਰੋਂ ਨਿਕਲੇ
ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮਰਸਡੀਜ਼ ਸਵਾਰ ਨੌਜਵਾਨ ਪਹਿਲਾਂ ਇਨੋਵਾ ਗੱਡੀ ਵਿਚ ਸਵਾਰ ਸਨ । ਰਾਤ ਨੂੰ ਪਹਿਲਾਂ ਇਹ ਲੋਧੀ ਕਲੱਬ ਤੋਂ ਬੀ. ਆਰ. ਐੱਸ. ਨਗਰ ਆਪਣੇ ਘਰ ਗਏ ਅਤੇ ਉੱਥੇ ਇਨ੍ਹਾਂ ਨੇ ਮਰਸਡੀਜ਼ ਗੱਡੀ ਲਈ ਅਤੇ ਫਿਰੋਜ਼ਪੁਰ ਰੋਡ ਉੱਤੇ ਗੱਡੀ ਨੂੰ ਭਜਾਉਣ ਲੱਗੇ । ਇਹ ਵੀ ਪਤਾ ਲੱਗਾ ਹੈ ਕਿ ਇਹ ਨੌਜਵਾਨ ਸ਼ਰਾਬ ਦੇ ਨਸ਼ੇ ਵਿਚ ਸਨ ਤੇ ਗੱਡੀ ਦੀ ਸਪੀਡ ਲਗਭਗ 150 'ਤੇ ਸੀ । ਇਹ ਰੇਲਵੇ ਸਟੇਸ਼ਨ ਉੱਤੇ ਪਕੌੜੇ ਖਾਣ ਲਈ ਘਰੋਂ ਨਿਕਲੇ ਸਨ । ਇਨ੍ਹਾਂ ਦੇ ਅੱਗੇ ਜਾ ਰਹੇ ਸਕੂਟਰ ਨੂੰ ਪਿੱਛੋਂ ਇੰਨੀ ਜ਼ੋਰ ਦੀ ਟੱਕਰ ਮਾਰ ਦਿੱਤੀ ਕਿ ਸਕੂਟਰ ਦਾ ਇਕ ਹਿੱਸਾ ਮਰਸਡੀਜ਼ ਦੇ ਹੇਠਾਂ ਫਸ ਗਿਆ ਅਤੇ ਸਕੂਟਰ ਉੱਤੇ ਸਵਾਰ ਤਿੰਨੋਂ ਨੌਜਵਾਨ ਕਈ ਮੀਟਰ ਤੱਕ ਘੜੀਸਦੇ ਹੀ ਚਲੇ ਗਏ । ਹਾਦਸੇ ਤੋਂ ਬਾਅਦ ਜਦੋਂ ਮਰਸਡੀਜ਼ ਬੰਦ ਹੋਈ ਤਾਂ ਉਸ ਸਮੇਂ ਗੱਡੀ ਦੀ ਸਪੀਡੋ ਮੀਟਰ 130 'ਤੇ ਬੰਦ ਮਿਲਿਆ ।  

PunjabKesari

ਮ੍ਰਿਤਕ ਨੌਜਵਾਨ 20 ਤੋਂ 24 ਸਾਲ ਦੇ ਸਨ
ਇਸ ਹਾਦਸੇ ਵਿਚ ਮੌਤ ਦੇ ਮੂੰਹ ਵਿਚ ਚਲੇ ਗਏ ਨੌਜਵਾਨਾਂ ਦੇ ਨਾਂ ਭਗਵੰਤ ਸਿੰਘ ਉਰਫ ਸਿੱਪੀ ਸਪੁੱਤਰ ਬੱਗਾ ਸਿੰਘ ਨਿਵਾਸੀ ਰਾਧਾ ਕਾਲੋਨੀ ਮੇਹਰਬਾਨ, ਮਧੂ ਸ਼ਰਮਾ ਸਪੁੱਤਰ ਚੰਦਰਪਾਲ ਨਿਵਾਸੀ ਹਰਕ੍ਰਿਸ਼ਨ ਵਿਹਾਰ ਮੇਹਰਬਾਨ, ਅਜੀਮ ਖਾਨ ਸਪੁੱਤਰ ਯਾਸਿਨ ਨਿਵਾਸੀ ਇਕਬਾਲਪੁਰ ਜ਼ਿਲਾ ਮੁਰਾਦਾਬਾਦ ਯੂ. ਪੀ., ਮੌਜੂਦਾ ਨਿਵਾਸੀ ਫੌਜੀ ਮੁਹੱਲਾ ਲੁਧਿਆਣਾ ਹੈ। ਇਨ੍ਹਾਂ ਤਿੰਨਾਂ ਦੀ ਉਮਰ 20 ਤੋਂ 24 ਸਾਲ ਦੇ ਵਿਚਕਾਰ ਹੈ।   

PunjabKesari
ਤਿੰਨੇ ਨੌਜਵਾਨ ਪ੍ਰਾਈਵੇਟ ਕੰਪਨੀਆਂ ਦੇ ਮੁਲਾਜ਼ਮ ਸਨ
ਸੜਕ ਹਾਦਸੇ ਦਾ ਸ਼ਿਕਾਰ ਹੋਏ ਤਿੰਨੇ ਹੀ ਨੌਜਵਾਨ ਫਿਰੋਜ਼ਪੁਰ ਰੋਡ ਸਥਿਤ ਇਕ ਮਾਲਸ ਵਿਚ ਪ੍ਰਾਈਵੇਟ ਕੰਪਨੀਆਂ ਵਿਚ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਆ ਰਹੇ ਸਨ । 

ਹੁਣ ਮੇਰਾ ਘਰ ਕਿਵੇਂ ਚੱਲੇਗਾ
ਪਹਿਲਾ ਡਰਾਈਵਰੀ ਦਾ ਕੰਮ ਕਰਨ ਵਾਲੇ ਮ੍ਰਿਤਕ ਭਗਵੰਤ ਸਿੰਘ ਦੇ ਪਿਤਾ ਬੱਗਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਂ ਦੇਰ ਰਾਤ ਆਏ ਫੋਨ ਤੋਂ ਪਤਾ ਲੱਗਿਆ ਕਿ ਸਿੱਪੀ ਦਾ ਐਕਸੀਡੈਂਟ ਹੋ ਗਿਆ ਹੈ ਪਰ ਜਦ ਉਹ ਘਟਨਾ ਸਥਾਨ 'ਤੇ ਪਹੁੰਚੇ ਤਾਂ ਬੇਟੇ ਦੀ ਲਾਸ਼ ਦੇਖ ਕੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਭਰੇ ਮਨ ਨਾਲ ਬੱਗਾ ਸਿੰਘ ਨੇ ਦੱਸਿਆ ਕਿ ਉਹ ਉਸ ਦਾ ਛੋਟਾ ਬੇਟਾ ਸੀ। ਇਸ ਦੀ ਕਮਾਈ ਨਾਲ ਹੀ ਘਰ ਚੱਲਦਾ ਸੀ। ਹੁਣ ਉਹ ਕਿਸ ਤਰ੍ਹਾਂ ਆਪਣਾ ਗੁਜ਼ਾਰਾ ਚਲਾਉਣਗੇ। ਅਜੇ ਤਾਂ ਉਨ੍ਹਾਂ ਨੇ ਆਪਣੀ ਬੇਟੀ ਦਾ ਵਿਆਹ ਵੀ ਕਰਨਾ ਹੈ।

PunjabKesari
ਅਜੀਮ ਮਿਹਨਤੀ ਨੌਜਵਾਨ ਸੀ
ਚਚੇਰੇ ਭਰਾ ਅਜ਼ਹਰ ਨੇ ਦੱਸਿਆ ਕਿ ਅਜੀਮ ਬਹੁਤ ਮਿਹਨਤੀ ਸੀ ਅਤੇ ਕੰਮ ਦੇ ਪ੍ਰਤੀ ਹਮੇਸ਼ਾ ਹੀ ਗੰਭੀਰ ਰਹਿੰਦਾ ਸੀ। ਅਜੀਮ ਦੇ ਵਾਲਦ ਸਾਹਿਬ ਦਾ ਦਿਹਾਂਤ ਹੋ ਚੁੱਕਾ ਹੈ। ਉਸ ਦਾ ਇਕ ਛੋਟਾ ਭਰਾ ਹੈ। ਇਸ ਹਾਦਸੇ ਨੇ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਡਰ ਦੇ ਮਾਰੇ ਮਰਸਡੀਜ਼ ਦੀ ਨੰਬਰ ਪਲੇਟ ਉਤਾਰੀ
ਹਾਦਸੇ ਤੋਂ ਬਾਅਦ ਮਰਸਡੀਜ਼ ਕਬਜ਼ੇ 'ਚ ਲੈ ਕੇ ਪੁਲਸ ਰਘੂਨਾਥ ਚੌਕੀ ਲੈ ਗਈ ਤਾਂ ਗੱਡੀ ਤੋਂ ਉਤਾਰੀ ਹੋਈ ਨੰਬਰ ਪਲੇਟ ਵੀ ਮਿਲੀ। ਸ਼ੱਕ ਜਤਾਇਆ ਜਾ ਰਿਹਾ ਸੀ ਕਿ ਪੁਲਸ ਤੋਂ ਬਚਣ ਦੇ ਲਈ ਗੱਡੀ ਦੀ ਨੰਬਰ ਪਲੇਟ ਉਤਾਰਨ ਤੋਂ ਬਾਅਦ ਘਟਨਾ ਸਥਾਨ ਤੋਂ ਭੱਜਣ ਦਾ ਯਤਨ ਕੀਤਾ ਗਿਆ।

ਹਾਦਸੇ ਦੌਰਾਨ ਮਰਸਡੀਜ਼ ਕੌਣ ਚਲਾ ਰਿਹਾ ਸੀ
ਥਾਣਾ ਇੰਚਾਰਜ ਇੰਸ. ਬ੍ਰਿਜ ਮੋਹਨ ਨੇ ਦੱਸਿਆ ਕਿ ਇਸ ਮਾਮਲੇ ਵਿਚ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਦ ਕਿ ਉਸ ਦੇ ਰਿਸ਼ਤੇਦਾਰ ਨੂੰ ਦਿੱਲੀ ਤੋਂ ਲਿਆਂਦਾ ਜਾ ਰਿਹਾ ਹੈ, ਜੋ ਕਿ ਘਟਨਾ ਦੇ ਬਾਅਦ ਡਰ ਦੇ ਮਾਰੇ ਭੱਜ ਗਿਆ ਸੀ। ਪੁਲਸ ਨੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸੇ ਸਮੇਂ ਗੱਡੀ ਕੌਣ ਚਲਾ ਰਿਹਾ ਸੀ, ਕਿਉਂਕਿ ਹਿਰਾਸਤ ਵਿਚ ਲਏ ਗਏ ਨੌਜਵਾਨ ਦੇ ਬਾਰੇ ਘਟਨਾ ਸਥਾਨ 'ਤੇ ਮੌਜੂਦ ਪੀ. ਸੀ. ਆਰ. ਦੇ ਜਵਾਨਾਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਗੱਡੀ ਨਹੀਂ ਚਲਾ ਰਿਹਾ ਸੀ। ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਨਾਲ ਇਨਸਾਫ ਹੋਵੇਗਾ, ਜੋ ਵੀ ਇਸ ਮਾਮਲੇ ਵਿਚ ਦੋਸ਼ੀ ਹੋਵੇਗਾ, ਉਸ ਦੇ ਖਿਲਾਫ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
PunjabKesari
ਜਦ ਤੱਕ ਇਨਸਾਫ ਨਹੀਂ ਮਿਲੇਗਾ ਤਦ ਤੱਕ ਨਹੀਂ ਕਰਨਗੇ ਸਸਕਾਰ
ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜ਼ਿੰਮੇਵਾਰ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤਹਿਤ ਮਾਮਲਾ ਦਰਜ ਕਰ ਕੇ ਜੇਲ ਦੀਆਂ ਸਲਾਖਾਂ ਦੇ ਪਿੱਛੇ ਪਹੁੰਚਾ ਕੇ ਇਨਸਾਫ ਨਹੀਂ ਦਿੱਤਾ ਜਾਂਦਾ ਤਦ ਤੱਕ ਆਪਣੇ ਬੱਚਿਆਂ ਦਾ ਸਸਕਾਰ ਨਹੀਂ ਕਰਨਗੇ। ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਮਜ਼ਦੁਰ ਯੂਨੀਅਨਾਂ ਦੇ ਨੇਤਾ ਹਰੀ ਸਿੰਘ ਸਾਹਨੀ ਸਮੇਤ ਕਈ ਇਨਸਾਫ ਪਸੰਦ ਸੰਗਠਨਾਂ ਦੇ ਪ੍ਰਤੀਨਿਧੀ ਵੀ ਰਘੂਨਾਥ ਪੁਲਸ ਚੌਕੀ ਪਹੁੰਚੇ ਹੋਏ ਸਨ।


Related News