ਵਿਭਾਗ ਨੇ ਭਿਆਨਕ ਕੈਮੀਕਲਾਂ ਨਾਲ ਕੱਚੇ ਫਲ ਤਿਆਰ ਕਰਨ ਵਾਲਿਆਂ ਖਿਲਾਫ ਖੋਲ੍ਹਿਆ ਮੋਰਚਾ

Sunday, Jun 10, 2018 - 06:21 AM (IST)

ਅੰਮ੍ਰਿਤਸਰ,  (ਦਲਜੀਤ)-  ਸਿਹਤ ਵਿਭਾਗ ਲੋਕਾਂ ਦੀ ਸਿਹਤ ਸਬੰਧੀ ਗੰਭੀਰ ਹੋ ਗਿਆ ਹੈ। ਵਿਭਾਗ ਨੇ ਭਿਆਨਕ ਕੈਮੀਕਲਾਂ ਨਾਲ ਕੱਚੇ ਫਲਾਂ ਨੂੰ ਪਕਾਉਣ ਵਾਲੇ ਦੁਕਾਨਦਾਰਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਵਿਭਾਗ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸੋਮਵਾਰ 11 ਜੂਨ ਤੋਂ ਜ਼ਿਲੇ ਭਰ ਵਿਚ ਫਲਾਂ ਦੀਆਂ ਦੁਕਾਨਾਂ, ਰੇਹਡ਼ੀਆਂ ਅਤੇ ਗੋਦਾਮਾਂ ਵਿਚ ਛਾਪੇ ਮਾਰਨ ਦਾ ਐਲਾਨ ਕਰ ਦਿੱਤਾ ਹੈ। ਜ਼ਿਲਾ ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਇਸ ਸਬੰਧੀ ਅੱਜ ਜ਼ਿਲੇ ਦੀ ਵੱਲਾ ਸਥਿਤ ਸਬਜ਼ੀ ਅਤੇ ਫਰੂਟ ਮੰਡੀ ਦੇ ਦੁਕਾਨਦਾਰਾਂ ਨਾਲ ਮੀਟਿੰਗ ਕਰ ਕੇ ਵਿਭਾਗ ਦੀ ਕਾਰਵਾਈ ਤੋਂ ਵੀ ਜਾਣੂ ਕਰਵਾ ਦਿੱਤਾ ਹੈ। 
ਡਾ. ਭਾਗੋਵਾਲੀਆ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਮੁਹਿੰਮ ਨੂੰ ਜ਼ਿਲੇ ਵਿਚ ਸਫਲ ਕਰਨ ਲਈ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਕਾਫੀ ਗੰਭੀਰ ਹਨ, ਜਿਨ੍ਹਾਂ ਵੱਲੋਂ ਸਪੱਸ਼ਟ ਹੁਕਮ ਦਿੱਤੇ ਗਏ ਹਨ ਕਿ ਕਿਸੇ ਵੀ ਹਾਲਤ ਵਿਚ ਲੋਕਾਂ ਦੀ ਨਾ ਤਾਂ ਸਿਹਤ ਨਾਲ ਖਿਲਵਾਡ਼ ਤੇ ਨਾ ਹੀ ਮਾਡ਼ੇ ਖਾਧ ਪਦਾਰਥ ਵੇਚਣ ਦੀ ਇਜਾਜ਼ਤ ਦਿੱਤੀ ਜਾਵੇਗੀ। ਡਾ. ਭਾਗੋਵਾਲੀਆ ਨੇ ਕਿਹਾ ਕਿ ਜ਼ਿਲੇ ਵਿਚ ਕੁਝ ਲੋਕ ਆਪਣੇ ਨਿੱਜੀ ਸਵਾਰਥਾਂ ਕਾਰਨ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤੋਂ ਗੈਰ-ਮਾਨਤਾ ਪ੍ਰਾਪਤ ਕੈਲਸ਼ੀਅਮ ਕਾਰਬਾਈਟ ਅਤੇ ਐਥੀਫੋਨ ਜਿਹੇ ਕੈਮੀਕਲਾਂ ਦੀ ਵਰਤੋਂ ਕਰ ਕੇ ਕੱਚੇ ਫਲਾਂ ਨੂੰ ਪਕਾ ਰਹੇ ਹਨ। ਅਜਿਹੇ ਫਲ ਖਾਣ ਨਾਲ ਲੋਕ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ। ਵਿਭਾਗ ਨੇ ਵੱਲਾ ਮੰਡੀ ਦੇ ਦੁਕਾਨਦਾਰਾਂ ਨੂੰ ਸੁਚੇਤ ਕੀਤਾ ਹੈ ਕਿ ਐਕਟ ਵੱਲੋਂ ਮਨਜ਼ੂਰਸ਼ੁਦਾ ਇੰਥੀਲੀਮ ਗੈਸ ਦੀ ਕੱਚੇ ਫਲ ਬਣਾਉਣ ਲਈ ਵਰਤੋਂ ਕੀਤੀ ਜਾਵੇ ਅਤੇ ਇਸ ਦੇ ਲਈ ਚੈਂਬਰ ਲਾਉਣੇ ਵੀ ਲਾਜ਼ਮੀ ਕੀਤੇ ਜਾਣ। 
ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੀ ਯੋਗ ਅਗਵਾਈ ਵਿਚ ਵਿਸ਼ੇਸ਼ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਟੀਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਘਟੀਆ ਕੁਆਲਟੀ ਦੇ ਫਲ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਕਿਸੇ ਥਾਂ ’ਤੇ ਵੀ ਜੇਕਰ ਕੋਈ ਮਾਡ਼ਾ ਖਾਧ ਪਦਾਰਥ ਵਿਕਦਾ ਹੈ ਜਾਂ ਭਿਆਨਕ ਗੈਸਾਂ ਨਾਲ ਫਲ ਤਿਆਰ ਕੀਤੇ ਜਾ ਰਹੇ ਹਨ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।
 


Related News