ਭਿਆਨਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ, ਪਰਿਵਾਰਾਂ ''ਚ ਪਏ ਵੈਣ
Saturday, Oct 05, 2024 - 04:53 PM (IST)
ਅਬੋਹਰ (ਸੁਨੀਲ) : ਲਾਪ੍ਰਵਾਹੀ ਨਾਲ ਕੈਂਟਰ ਚਲਾਉਂਦੇ ਸਮੇਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਥਾਣਾ ਸਿਟੀ ਪੁਲਸ ਨੇ ਅਣਪਛਾਤੇ ਕੈਂਟਰ ਚਾਲਕ ਖ਼ਿਲਾਫ ਕੇਸ ਦਰਜ ਕੀਤਾ ਹੈ। ਹੌਲਦਾਰ ਸੁਨੀਲ ਕੁਮਾਰ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਸ ਨੂੰ ਦਿੱਤੇ ਬਿਆਨਾਂ ’ਚ ਲਕਸ਼ਮਣ ਸਿੰਘ ਪੁੱਤਰ ਪ੍ਰਭੂਦਿਆਲ ਵਾਸੀ ਪਿੰਡ ਖਟਵਾਂ ਨੇ ਦੱਸਿਆ ਕਿ 3 ਅਕਤੂਬਰ ਨੂੰ ਸ਼ਾਮ 6:30 ਵਜੇ ਦੇ ਕਰੀਬ ਉਹ ਅਤੇ ਮਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨਵਾਂ ਹਸਤਾ ਮੋਟਰਸਾਈਕਲ ’ਤੇ ਆ ਰਹੇ ਸੀ ਅਤੇ ਦੂਜੇ ਮੋਟਰਸਾਈਕਲ ’ਤੇ ਉਸ ਦੇ ਪਿਤਾ ਪ੍ਰਭੂਦਿਆਲ ਅਤੇ ਜੋਗਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਨਵਾਂ ਹਸਤਾ ਆ ਰਹੇ ਸੀ।
ਇਸ ਦੌਰਾਨ ਜਦੋਂ ਉਹ ਕਿੱਲਿਆਂਵਾਲੀ ਬਾਈਪਾਸ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਕੈਂਟਰ 407 ਨੇ ਲਾਪ੍ਰਵਾਹੀ ਨਾਲ ਕੈਂਟਰ ਚਲਾ ਕੇ ਉਸ ਦੇ ਪਿਤਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਸ ਦੇ ਪਿਤਾ ਪ੍ਰਭੂਦਿਆਲ ਅਤੇ ਜੋਗਿੰਦਰ ਸਿੰਘ ਦੀ ਮੌਤ ਹੋ ਗਈ। ਲਕਸ਼ਮਣ ਦੇ ਬਿਆਨਾਂ ’ਤੇ ਪੁਲਸ ਨੇ ਅਣਪਛਾਤੇ ਕੈਂਟਰ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।