ਪੰਚਾਇਤੀ ਚੋਣਾਂ ਦੌਰਾਨ ਆਬਕਾਰੀ ਤੇ ਪੁਲਸ ਵਿਭਾਗ ਦੀ ਵੱਡੀ ਕਾਰਵਾਈ

Monday, Oct 14, 2024 - 05:26 AM (IST)

ਪੰਚਾਇਤੀ ਚੋਣਾਂ ਦੌਰਾਨ ਆਬਕਾਰੀ ਤੇ ਪੁਲਸ ਵਿਭਾਗ ਦੀ ਵੱਡੀ ਕਾਰਵਾਈ

ਮਲੋਟ (ਜੁਨੇਜਾ) : ਪੰਜਾਬ ਅੰਦਰ ਪੰਚਾਇਤੀ ਚੋਣਾਂ ਕਰ ਕੇ ਨਾਜਾਇਜ਼ ਸ਼ਰਾਬ ਸਮੱਗਲਰਾਂ ਨੇ ਨਾਜਾਇਜ਼ ਸ਼ਰਾਬ ਤਿਆਰ ਕਰ ਕੇ ਵੇਚਣ ਦੀ ਸਰਗਰਮੀ ਵਧਾ ਦਿੱਤੀ ਹੈ ਜਿਸ ਨੂੰ ਲੈ ਕੇ ਆਬਕਾਰੀ ਵਿਭਾਗ ਵਲੋਂ ਪੁਲਸ ਦੀ ਮਦਦ ਨਾਲ ਇਨ੍ਹਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਮਲੋਟ ਉਪ ਮੰਡਲ ਅੰਦਰ ਐਕਸਾਈਜ਼ ਵਿਭਾਗ ਨੇ ਪੁਲਸ ਦੀ ਮਦਦ ਨਾਲ ਵੱਡੀ ਕਾਰਵਾਈ ਦਰਜਨਾਂ ਤ੍ਰਿਪਾਲਾਂ ਵਿਚ ਪਾਈ ਹਜ਼ਾਰਾਂ ਲਿਟਰ ਲਾਵਾਰਿਸ ਲਾਹਣ ਨੂੰ ਬਰਾਮਦ ਕਰ ਕੇ ਨਸ਼ਟ ਕੀਤਾ ਹੈ। ਇਸ ਮੌਕੇ ਪੁਲਸ ਨੇ ਡਰੰਮ, ਕੈਨੀਆਂ ਤੇ ਸ਼ਰਾਬ ਤਿਆਰ ਕਰਨ ਦਾ ਹੋਰ ਸਾਮਾਨ ਵੀ ਬਰਾਮਦ ਕੀਤਾ। ਸਹਾਇਕ ਕਮਿਸ਼ਨਰ ਆਬਕਾਰੀ ਫਰੀਦਕੋਟ ਰੇਜ਼ ਫਰੀਦਕੋਟ ਦੀਆਂ ਹਦਾਇਤਾਂ ਤੇ ਆਬਕਾਰੀ ਤੇ ਪੁਲਸ ਵਿਭਾਗ ਵਲੋਂ ਕੱਟਿਆਂਵਾਲੀ ਨਹਿਰੀ ਖੇਤਰ ਤਲਾਸ਼ੀ ਅਭਿਆਨ ਚਲਾਇਆ ਗਿਆ।

ਇਸ ਤਹਿਤ ਆਬਾਕਾਰੀ ਨਿਰੀਖਕ ਸੁਖਵਿੰਦਰ ਸਿੰਘ ਸਮੇਤ ਐਕਸਾਈਜ਼ ਪੁਲਸ ਸਟਾਫ ਅਤੇ ਸਥਾਨਕ ਪੁਲਸ ਦੀ ਟੀਮ ਵਲੋਂ ਨਹਿਰ ਤੇ ਸਰਕੰਡਿਆਂ ’ਚ 27 ਤ੍ਰਿਪਾਲਾਂ ਵਿਚ ਪਾਈ ਗਈ ਤਕਰੀਬਨ 11600 ਲੀਟਰ ਲਾਵਾਰਿਸ ਲਾਹਣ ਬਰਾਮਦ ਕੀਤਾ। ਲਾਹਣ ਲਾਵਾਰਿਸ ਹੋਣ ਕਰ ਕੇ ਟੀਮ ਨੇ ਮੌਕੇ ’ਤੇ ਸਾਰੀ ਲਾਹਣ ਨੂੰ ਨਸ਼ਟ ਕਰ ਦਿੱਤਾ। ਇਸ ਮੌਕੇ ਸ਼ਰਾਬ ਤਿਆਰ ਕਰਨ ਲਈ ਵਰਤੇ ਜਾਣ ਵਾਲੇ 6 ਡਰੰਮ, ਪਾਈਪਾਂ, ਦਰਜਨਾਂ ਪਲਾਸਟਿਕ ਦੀਆਂ ਕੇਨੀਆਂ ਆਦਿ ਨੂੰ ਆਪਣੇ ਕਬਜ਼ੇ ਵਿਚ ਲਿਆ ਹੈ।

ਸਹਾਇਕ ਕਮਿਸ਼ਨਰ ਵਿਕਰਮ ਠਾਕੁਰ ਤੇ ਈ. ਟੀ. ਓ. ਨਰਿੰਦਰ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਨਾਜਾਇਜ਼ ਤੌਰ ’ਤੇ ਸ਼ਰਾਬ ਦਾ ਕੋਈ ਧੰਦਾ ਕਰਦਾ ਹੈ ਤਾਂ ਇਸ ਦੀ ਗੁਪਤ ਸੂਚਨਾ ਆਬਕਾਰੀ ਜਾਂ ਪੁਲਸ ਵਿਭਾਗ ਨੂੰ ਜ਼ਰੂਰ ਦੇਣ, ਤਾਂ ਜੋ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੱਚੀ ਤਿਆਰ ਕੀਤੀ ਨਾਜਾਇਜ਼ ਸ਼ਰਾਬ ਮਨੁੱਖੀ ਸਿਹਤ ਤੇ ਸਮਾਜ ਲਈ ਘਾਤਕ ਹੈ, ਇਸ ਲਈ ਆਮ ਨਾਗਰਿਕਾਂ ਨੂੰ ਐਕਸਾਈਜ ਤੇ ਪੁਲਸ ਦਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮਾਮਲੇ ਵਿਚ ਪੁਲਸ ਵਲੋਂ ਵੀ ਨਾਜਾਇਜ਼ ਸ਼ਰਾਬ ਦੇ ਸਮੱਗਲਰਾਂ ਦੀ ਸ਼ਨਾਖਤ ਕਰ ਕੇ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News