ਭਿਆਨਕ ਹਾਦਸੇ ਨੇ ਪਰਿਵਾਰ ''ਚ ਪਵਾਏ ਵੈਣ, ਮੋਟਰਸਾਈਕਲ ਸਵਾਰ ਦੀ ਮੌਤ

Wednesday, Oct 16, 2024 - 04:03 PM (IST)

ਭਿਆਨਕ ਹਾਦਸੇ ਨੇ ਪਰਿਵਾਰ ''ਚ ਪਵਾਏ ਵੈਣ, ਮੋਟਰਸਾਈਕਲ ਸਵਾਰ ਦੀ ਮੌਤ

ਜ਼ੀਰਾ (ਰਾਜੇਸ਼ ਢੰਡ, ਗੁਰਮੇਲ ਸੇਖਵਾਂ) : ਜ਼ੀਰਾ ਵਿਖੇ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਥਾਣਾ ਸਿਟੀ ਜ਼ੀਰਾ ਪੁਲਸ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਜਸਪਾਲ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਬਸਤੀਆਂ ਮਲਸੀਆਂ ਜ਼ੀਰਾ ਨੇ ਦੱਸਿਆ ਕਿ ਉਸ ਦਾ ਭਰਾ ਗੁਰਪ੍ਰੀਤ ਸਿੰਘ (29) ਤੇ ਕਾਲਾ ਵਾਸੀ ਮੱਖੂ ਜੋ ਆਲੂ ਸਟੋਰ ਸੋਢੀਵਾਲਾ ’ਤੇ ਕੰਮ ਕਰਦਾ ਸੀ, ਜੋ ਸੋਢੀਵਾਲਾ ਤੋਂ ਜ਼ੀਰਾ ਆਏ ਅਤੇ ਹਨੇਰਾ ਹੋਣ ਕਰਕੇ ਕਾਲਾ ਵਾਸੀ ਮੱਖੂ ਨੂੰ ਮੱਖੂ ਛੱਡਣ ਤੋਂ ਬਾਅਦ ਆਪਣੇ ਮੋਟਰਸਾਈਕਲ ’ਤੇ ਵਾਪਸ ਆ ਰਿਹਾ ਸੀ, ਜਦ ਉਹ ਮੰਨੇ ਦਾ ਪੰਪ ਕੋਲ ਆਇਆ ਤਾਂ ਸਾਹਮਣੇ ਤੋਂ ਇਕ ਟਰੱਕ ਆ ਰਿਹਾ ਸੀ, ਜਿਸ ਦੇ ਡਰਾਈਵਰ ਨੇ ਟਰੱਕ ਗਲਤ ਸਾਈਡ ਲਿਆ ਕੇ ਮੋੜ ਦਿੱਤਾ ਅਤੇ ਟਰੱਕ ਗੁਰਪ੍ਰੀਤ ਸਿੰਘ ਦੇ ਮੋਟਰਸਾਈਕਲ ਨਾਲ ਟਕਰਾ ਗਿਆ। ਜਿਸ ਨਾਲ ਉਸ ਦੇ ਸਿਰ ’ਚ ਕਾਫੀ ਸੱਟਾਂ ਲੱਗੀਆਂ।

ਜਸਪਾਲ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾਖਲ ਕਰਾਇਆ ਗਿਆ, ਜਿਥੇ ਦੌਰਾਨੇ ਇਲਾਜ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News