ਮਕਾਨ ਮਾਲਕਾਂ ਨੂੰ ਕਿਰਾਏਦਾਰਾਂ ਦੀ ਪੁਲਸ ਵੈਰੀਫ਼ਿਕੇਸ਼ਨ ਕਰਵਾਉਣ ਦੇ ਸਖ਼ਤ ਹੁਕਮ

Sunday, Nov 08, 2026 - 12:19 PM (IST)

ਮਕਾਨ ਮਾਲਕਾਂ ਨੂੰ ਕਿਰਾਏਦਾਰਾਂ ਦੀ ਪੁਲਸ ਵੈਰੀਫ਼ਿਕੇਸ਼ਨ ਕਰਵਾਉਣ ਦੇ ਸਖ਼ਤ ਹੁਕਮ

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ, ਸੋਨੂੰ) : ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਪੂਨਮਦੀਪ ਕੌਰ ਨੇ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੋਲਟਰੀ ਫ਼ਾਰਮਾਂ, ਰਾਈਸ ਸ਼ੈਲਰਾਂ, ਇੱਟਾਂ ਦੇ ਭੱਠਿਆਂ, ਲਘੂ ਉਦਯੋਗਾਂ (ਸਮਾਲ ਸਕੇਲ ਇੰਡਸਟਰੀਜ਼) ਅਤੇ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਮਕਾਨ ਮਾਲਕਾਂ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਸਮੂਹ ਮਾਲਕਾਂ ਨੂੰ ਆਪਣੀਆਂ ਇਕਾਈਆਂ ’ਚ ਕੰਮ ਕਰਦੇ ਕਾਮਿਆਂ, ਮਜ਼ਦੂਰਾਂ ਅਤੇ ਰਿਹਾਇਸ਼ੀ ਮਕਾਨਾਂ ’ਚ ਰਹਿੰਦੇ ਕਿਰਾਏਦਾਰਾਂ ਦਾ ਪੂਰਾ ਨਾਂ, ਪਤਾ ਅਤੇ ਫੋਟੋ ਸ਼ਨਾਖਤੀ ਕਾਰਡ ਸਬੰਧਤ ਇਲਾਕੇ ਦੇ ਥਾਣੇ ਜਾਂ ਪੁਲਸ ਚੌਂਕੀ ’ਚ ਤੁਰੰਤ ਦਰਜ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ।

ਇਸ ਤੋਂ ਇਲਾਵਾ ਮਜ਼ਦੂਰਾਂ ਪਾਸੋਂ ਇਹ ਵੀ ਲਿਖਤੀ ਰੂਪ ’ਚ ਲਿਆ ਜਾਵੇ ਕਿ ਉਹ ਆਪਣੀ ਮਰਜ਼ੀ ਨਾਲ ਕੰਮ ’ਤੇ ਲੱਗੇ ਹਨ। ਇਹ ਹੁਕਮ ਜ਼ਿਲੇ ਅੰਦਰ 21 ਦਸੰਬਰ 2026 ਤੱਕ ਲਾਗੂ ਰਹਿਣਗੇ। ਜਾਰੀ ਹੁਕਮਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਭੱਠਿਆਂ, ਸ਼ੈਲਰਾਂ, ਪੋਲਟਰੀ ਫ਼ਾਰਮਾਂ ਅਤੇ ਵੱਖ-ਵੱਖ ਫ਼ਰਮਾਂ ’ਚ ਜ਼ਿਆਦਾਤਰ ਮਜ਼ਦੂਰ ਦੂਜੇ ਸੂਬਿਆਂ ਤੋਂ ਜਾਂ ਵੱਖ-ਵੱਖ ਥਾਵਾਂ ਤੋਂ ਆ ਕੇ ਕੰਮ ਕਰਦੇ ਹਨ। ਪ੍ਰਬੰਧਕਾਂ ਵੱਲੋਂ ਅਜਿਹੀ ਲੇਬਰ ਦਾ ਕੋਈ ਪੁਖਤਾ ਰਿਕਾਰਡ ਜਾਂ ਪਤਾ ਨਾ ਰੱਖੇ ਜਾਣ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਜਾਂ ਜੁਰਮ ਵਾਪਰਨ ਦੀ ਸੂਰਤ ’ਚ ਦੋਸ਼ੀਆਂ ਦੀ ਸ਼ਨਾਖ਼ਤ ਕਰਨਾ ਅਤੇ ਉਨ੍ਹਾਂ ਤੱਕ ਪਹੁੰਚਣਾ ਪੁਲਸ ਲਈ ਬੇਹੱਦ ਔਖਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਬਾਹਰੋਂ ਆ ਕੇ ਕਿਰਾਏ ’ਤੇ ਰਹਿਣ ਵਾਲੇ ਵਿਅਕਤੀਆਂ ਬਾਰੇ ਸਬੰਧਿਤ ਥਾਣਾ ਮੁਖੀ ਨੂੰ ਸੂਚਿਤ ਕਰਨਾ ਮਕਾਨ ਮਾਲਕਾਂ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ।


author

Babita

Content Editor

Related News