ਨੌਜਵਾਨ ਸ਼ੱਕੀ ਹਾਲਾਤ ''ਚ ਲਾਪਤਾ, ਆਡੀਓ ਮੈਸੇਜ ''ਚ ਕਹੀ ਸੀ ਇਹ ਗੱਲ
Saturday, Jul 18, 2020 - 05:39 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ) : ਮੰਦਿਰ ਸ੍ਰੀ ਨੈਣਾਂ ਦੇਵੀ ਸੜਕ 'ਤੇ ਸਥਿਤ ਮਾਰੂਤੀ ਏਜੰਸੀ ਸੀ. ਐੱਮ. ਆਟੋ ਵਿਖੇ ਬਤੌਰ ਗਾਰਡ ਕੰਮ ਕਰਦੇ ਨੌਜਵਾਨ ਦੇ ਬੀਤੀ ਦੇਰ ਸ਼ਾਮ ਤੋਂ ਅਚਾਨਕ ਲਾਪਤਾ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਲਾਪਤਾ ਨੌਜਵਾਨ ਦਾ ਮੋਟਰ ਸਾਇਕਲ ਅਤੇ ਹੋਰ ਸਮਾਨ ਅੱਜ ਲਮਲੈਹੜੀ ਨਹਿਰ ਦੇ ਪੁੱਲ ਕੋਲ ਮਿਲਿਆ ਹੈ। ਮਾਮਲੇ ਦੀ ਤਫਤੀਸ਼ ਕਰ ਰਹੇ ਅਧਿਕਾਰੀ ਐੱਸ. ਆਈ. ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਅੱਜ ਸਵੇਰੇ ਸੂਚਨਾ ਪ੍ਰਾਪਤ ਹੋਈ ਸੀ ਕਿ ਸਥਾਨਕ ਸੀ. ਐੱਮ. ਆਟੋ ਦੇ ਗਾਰਡ ਰਾਮ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਨੀਲਾਂ, ਜ਼ਿਲ੍ਹਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਹਾਲ ਵਾਸੀ ਮਹੱਲਾ ਕੁਰਾਲੀਵਾਲਾ, ਵਾਰਡ ਨੰ:4, ਸ੍ਰੀ ਅਨੰਦਪੁਰ ਸਾਹਿਬ ਬੀਤੀ ਦੇਰ ਸ਼ਾਮ ਤੋਂ ਲਾਪਤਾ ਹੈ, ਜਿਸਦੀ ਪਰਿਵਾਰ ਵੱਲੋਂ ਭਾਲ ਦੌਰਾਨ ਉਕਤ ਨੌਜਵਾਨ ਦਾ ਮੋਟਰਸਾਇਕਲ ਅਤੇ ਹੋਰ ਸਮਾਨ ਲਮਲੈਹੜੀ ਵਿਖੇ ਸਥਿਤ ਨਹਿਰ ਦੇ ਪੁੱਲ ਤੋਂ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਲਾਪਤਾ ਨੌਜਵਾਨ ਨੇ ਬੀਤੇ ਦਿਨ ਪਰਿਵਾਰ ਅਤੇ ਹੋਰ ਰਿਸ਼ਤੇਦਾਰਾਂ ਨੂੰ ਆਪਣੇ ਮੋਬਾਇਲ ਤੋਂ ਭੇਜੇ ਇਕ ਵਾਇਸ ਮੈਸੇਜ ਵਿਚ ਕੁਝ ਵਿਅਕਤੀਆਂ ਦੇ ਨਾਂ ਲੈ ਕੇ ਆਨਲਾਈਨ ਸੱਟਾ ਲਗਾਉਣ ਦੇ ਚੱਕਰ ਵਿਚ ਫਸਾ ਕੇ ਕਰਜ਼ਈ ਕਰਨ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਦੱਸਿਆਂ ਕਿ ਮੈਸੇਜ ਵਿਚ ਦੱਸੇ ਨਾਂਵਾਂ ਵਾਲੇ ਲੋਕ ਲਾਪਤਾ ਨੌਜਵਾਨ ਦੇ ਪਿੰਡਾਂ ਨਾਲ ਹੀ ਸਬੰਧਤ ਹਨ, ਜਿਨ੍ਹਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਘਟਨਾ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।