ਵੈਂਟੀਲੇਟਰਾਂ ’ਚ ਤਕਨੀਕੀ ਖਾਮੀਆਂ ਦੇ ਮੁੱਦੇ 'ਤੇ ਤਰੁਣ ਚੁਘ ਨੇ ਘੇਰੀ ਕੈਪਟਨ ਸਰਕਾਰ, ਲਾਏ ਗੰਭੀਰ ਇਲਜ਼ਾਮ
Saturday, May 15, 2021 - 12:42 PM (IST)

ਚੰਡੀਗੜ੍ਹ (ਸ਼ਰਮਾ) : ਕੇਂਦਰ ਸਰਕਾਰ ਵੱਲੋਂ ਭੇਜੇ ਗਏ ਵੈਂਟੀਲੇਟਰਾਂ 'ਚ ਤਕਨੀਕੀ ਖ਼ਰਾਬੀਆਂ ਦੇ ਮੁੱਦੇ 'ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਕੈਪਟਨ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਤਰੁਣ ਚੁਘ ਨੇ ਕਿਹਾ ਕਿ ਇਨ੍ਹਾਂ ਵੈਂਟੀਲੇਟਰਾਂ ਦੀ ਸਹੀ ਸਮੇਂ 'ਤੇ ਵਰਤੋਂ ਨਹੀਂ ਕੀਤੀ ਗਈ ਜਿਸ ਕਾਰਨ ਪੰਜਾਬ 'ਚ ਕੋਰੋਨਾ ਪੀੜਤਾਂ ਦੀਆਂ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉਨ੍ਹਾਂ ਕੈਪਟਨ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਲਈ ਭੇਜੇ ਗਏ 800 ਤੋਂ ਜ਼ਿਆਦਾ ਵੈਂਟੀਲੇਟਰਾਂ ਦੀ ਸਹੀ ਵਰਤੋਂ ਨਾ ਕਰਨ ਕਰਕੇ ਕੋਰੋਨਾ ਲਾਗ ਦੀ ਬੀਮਾਰੀ ਨਾਲ ਜੂਝ ਰਹੇ ਪੰਜਾਬ ਦੇ ਲੋਕਾਂ ਦਾ ਜੀਵਨ ਬਚਾਉਣ ਵਿਚ ਅਸਫ਼ਲ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਲਾਗ ਦੀ ਬੀਮਾਰੀ ਨਾਲ ਪੂਰੇ ਦੇਸ਼ ਵਿਚ ਮੌਤ ਦਰ ਸਭ ਤੋਂ ਜ਼ਿਆਦਾ ਪੰਜਾਬ ’ਚ ਹੈ ।
ਇਹ ਵੀ ਪੜ੍ਹੋ :ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!
ਤਰੁਣ ਚੁਘ ਨੇ ਕੈਪਟਨ ਅਮਰਿੰਦਰ ਸਰਕਾਰ ’ਤੇ ਪੀ.ਐੱਮ. ਕੇਅਰ ਫੰਡ ਵਿਚੋਂ ਭੇਜੇ ਗਏ ਵੈਂਟੀਲੇਟਰਾਂ ਦੀ ਸਮੇਂ ’ਤੇ ਵਰਤੋਂ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੋਰੋਨਾ ਮਰੀਜ਼ਾਂ ਪ੍ਰਤੀ ਸੂਬਾ ਸਰਕਾਰ ਦਾ ਗੈਰ-ਸੰਵੇਦਨਸ਼ੀਲ ਰਵੱਈਆ ਤਦ ਪ੍ਰਗਟ ਹੋਇਆ ਜਦੋਂ ਤਕਨੀਕੀ ਅਤੇ ਟਰੇਂਡ ਕਾਮਿਆਂ ਦੀ ਘਾਟ ਕਾਰਨ ਵੱਡੀ ਗਿਣਤੀ ਵਿਚ ਵੈਂਟੀਲੇਟਰ ਨਿੱਜੀ ਹਸਪਤਾਲਾਂ ਨੂੰ ਸੌਂਪੇ ਗਏ ਅਤੇ ਉਨ੍ਹਾਂ ਵਿਚੋਂ 250 ਨੂੰ ਬਿਲਕੁਲ ਵੀ ਚਾਲੂ ਨਹੀਂ ਕੀਤਾ ਗਿਆ। ਚੁਘ ਨੇ ਕਿਹਾ ਦੀ ਤਿੰਨ ਮੈਡੀਕਲ ਕਾਲਜਾਂ ਨੂੰ ਭੇਜੇ ਗਏ 300 ਵੈਂਟੀਲੇਟਰ ਸਥਾਨਕ ਪ੍ਰਸ਼ਾਸਨ ਦੀ ਲਾਪ੍ਰਵਾਹੀ ਦਾ ਜ਼ਿੰਦਾ ਸਬੂਤ ਹੈ। ਕੇਂਦਰ ਵਲੋਂ ਭੇਜੇ ਗਏ ਵੈਂਟੀਲੇਟਰਾਂ ’ਚ ਤਕਨੀਕੀ ਖਾਮੀਆਂ ਕੱਢ ਕੇ ਕੈਪਟਨ ਸਰਕਾਰ, ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਪਣਾ ਪੱਲਾ ਝਾੜ ਕੇ ਪੰਜਾਬ ਵਿਚ ਕੋਰੋਨਾ ਲਾਗ ਦੀ ਬੀਮਾਰੀ ਦੇ ਮਰੀਜ਼ਾਂ ਨਾਲ ਅਣਮਨੁੱਖੀ ਵਿਵਹਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੇ ਫਰੀਦਕੋਟ ਵਿਚ ਜੀ.ਜੀ.ਐੱਸ. ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਸਪਲਾਈ ਕੀਤੇ ਗਏ ਵੈਂਟੀਲੇਟਰਾਂ ਵਿਚ ਕੋਈ ਖ਼ਰਾਬੀ ਨਹੀਂ ਸੀ ਅਤੇ ਵੈਂਟੀਲੇਟਰ ਚਾਲੂ ਕਰਨ ਸਬੰਧੀ ਮੁੱਦਿਆਂ ਕਾਰਨ ਅਣਵਰਤੇ ਪਏ ਸਨ।
ਨੋਟ : ਕੀ ਕੋਰੋਨਾ ਕਾਲ 'ਚ ਮਾੜੇ ਸਿਹਤ ਪ੍ਰਬੰਧਾਂ ਕਾਰਨ ਵਧ ਰਹੀ ਹੈ ਮੌਤਾਂ ਦੀ ਗਿਣਤੀ? ਕੁਮੈਂਟ ਕਰਕੇ ਦਿਓ ਆਪਣੀ ਰਾਏ