ਟੈਕਨੀਕਲ ਕਾਲਜ ਦੇ ਵਿਦਿਆਰਥੀਆਂ ਨੇ ਦਿੱਤੀ ਖੁਦਕੁਸ਼ੀ ਦੀ ਧਮਕੀ, ਜਾਣੋ ਕੀ ਹੈ ਪੂਰਾ ਮਾਮਲਾ
Friday, Mar 06, 2020 - 01:52 PM (IST)
ਰੂਪਨਗਰ (ਸੱਜਣ ਸੈਣੀ) : ਜ਼ਿਲਾ ਰੂਪਨਗਰ 'ਚ ਚਲ ਰਹੇ ਟੈਕਨੀਕਲ ਕਾਲਜ ਆਈ. ਈ. ਟੀ. ਭੱਦਲ ਦੇ ਬਾਹਰ ਵਿਦਿਆਰਥੀਆਂ ਵਲੋਂ ਹੜਤਾਲ ਕਰਕੇ ਕਾਲਜ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਕਾਲਜ ਦਾ ਮੁੱਖ ਗੇਟ ਬੰਦ ਕਰ ਦਿੱਤਾ ਅਤੇ ਕਿਸੇ ਨੂੰ ਵੀ ਅੰਦਰ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਤੋਂ ਬਾਅਦ ਕਾਲਜ ਪ੍ਰਸ਼ਾਸਨ ਵਲੋਂ ਪੁਲਸ ਨੂੰ ਬੁਲਾਉਣਾ ਪਿਆ।
ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਲਜ ਪ੍ਰਸ਼ਾਸਨ ਵਲੋਂ ਉਨ੍ਹਾਂ ਤੋਂ 3 ਸਾਲ ਤੋਂ ਲਗਾਤਾਰ ਫੀਸ ਵਸੂਲੀ ਜਾ ਰਹੀ ਹੈ ਪਰ ਉਨ੍ਹਾਂ ਦੀ ਰਜਿਸਟ੍ਰੇਸ਼ਨ ਯੂਨੀਵਰਸਿਟੀ 'ਚ ਨਹੀਂ ਕਰਵਾਈ ਗਈ ਜਿਸ ਕਾਰਨ ਉਨ੍ਹਾਂ ਦੇ ਤਿੰਨ ਸਾਲ ਖਰਾਬ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਭਵਿੱਖ ਵੀ ਖਤਰੇ ਵਿਚ ਹੈ। ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥਈਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਕਾਲਜ ਸਾਹਮਣੇ ਖੁਦਕੁਸ਼ੀ ਕਰ ਲੈਣਗੇ। ਇਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਰਸਤਾ ਨਹੀਂ ਹੈ।
ਦੂਜੇ ਪਾਸੇ ਕਾਲਜ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਯੂਨੀਵਰਸਿਟੀ ਵਲੋਂ ਟੈਕਨੀਕਲ ਗਲਤੀ ਹੋਈ ਹੈ ਜਿਸ ਕਾਰਨ ਇਹ ਪ੍ਰੇਸ਼ਾਨੀ ਪੈਦਾ ਹੋਈ ਹੈ ਪਰ ਉਨ੍ਹਾਂ ਨੇ ਅਦਾਲਤ ਵਿਚ ਇਸ ਲਈ ਬਕਾਇਦਾ ਕੇਸ ਦਾਇਰ ਕੀਤਾ ਹੈ।
ਉਮੀਦ ਹੈ ਕਿ ਜਲਦ ਹੀ ਉਨ੍ਹਾਂ ਦੇ ਹੱਕ ਵਿਚ ਫੈਸਲਾ ਆਏਗਾ ਅਤੇ ਜਿਨ੍ਹਾਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਰੁਕੀ ਹੋਈ ਹੈ, ਉਨ੍ਹਾਂ ਦੀ ਰਜਿਸਟ੍ਰੇਸ਼ਨ ਵੀ ਹੋ ਜਾਵੇਗੀ। ਕਾਲਜ ਰਜਿਸਟਰਾਰ ਐੱਸ. ਐੱਸ. ਬਿੰਦਰਾ ਨੇ ਦੱਸਿਆ ਕਿ ਕਾਲਜ ਦੇ ਡਾਇਰੈਕਟਰ ਨਾਲ ਵਿਦਿਆਰਥੀਆਂ ਦੀ 11 ਤਾਰੀਕ ਨੂੰ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਸੁਭ ਕੁਝ ਕਲੀਅਰ ਕਰ ਦਿੱਤਾ ਜਾਵੇਗਾ।