ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੀਆਂ ਟੀਮਾਂ ਨੇ ਦੁਕਾਨਦਾਰਾਂ ਨੂੰ ਪਾਈਆਂ ਭਾਜੜਾਂ
Thursday, Oct 17, 2024 - 05:01 AM (IST)
ਸੰਗਰੂਰ (ਸਿੰਗਲਾ) - ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਸਿਵਲ ਸਰਜਨ ਸੰਗਰੂਰ ਡਾ. ਕਿਰਪਾਲ ਸਿੰਘ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮਿਲਾਵਟਖੋਰੀ ਨੂੰ ਸੌ ਫੀਸਦੀ ਠੱਲ੍ਹ ਪਾਉਣ ਦੇ ਦਿੱਤੇ ਨਿਰਦੇਸ਼ਾਂ ਤਹਿਤ ਅੱਜ ਸਹਾਇਕ ਫੂਡ ਸੇਫਟੀ ਅਫਸਰ ਅਦਿਤੀ ਗੁਪਤਾ ਦੀ ਅਗਵਾਈ ਵਾਲੀ ਟੀਮ ਨੇ ਖਨੌਰੀ ਅਤੇ ਮੂਨਕ ਵਿਖੇ ਵੱਖ-ਵੱਖ ਮਠਿਆਈਆਂ ਅਤੇ ਖਾਧ ਸਮੱਗਰੀ ਦੀਆਂ ਦੁਕਾਨਾਂ ਦੀ ਚੈਕਿੰਗ ਅਤੇ ਸੈਂਪਲਿੰਗ ਕੀਤੀ।
ਸੇਫਟੀ ਅਫਸਰ ਚਰਨਜੀਤ ਸਿੰਘ ਸਹੋਤਾ ਨੇ ਖਨੌਰੀ ਵਿਖੇ 3 ਮਠਿਆਈ ਅਤੇ ਇਕ ਤੇਲ ਦਾ ਸੈਂਪਲ ਲਿਆ ਗਿਆ ਜਦਕਿ ਮੂਨਕ ਵਿਖੇ ਗੁਲਾਬ ਜਾਮਣ ਅਤੇ ਬਰਫੀ ਦੇ 2 ਨਮੂਨੇ ਲੈ ਕੇ ਜਾਂਚ ਲਈ ਲੈਬ ਭੇਜ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਮਿਲਾਵਟਖੋਰਾਂ ਨੂੰ ਕਿਸੇ ਕਿਸਮ ਦੀ ਕੋਈ ਰਿਆਤ ਨਹੀਂ ਦਿੱਤੀ ਜਾਵੇਗੀ ਤੇ ਵਿਭਾਗੀ ਹੁਕਮਾਂ ਤੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਅਮਲ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇਰੀ ਕਾਰਵਾਈ ਜਾਂਚ ਰਿਪੋਰਟ ਤੋਂ ਬਾਅਦ ਕੀਤੀ ਜਾਵੇਗੀ।
ਨਾਲ ਹੀ ਉਨ੍ਹਾਂ ਵੱਲੋਂ ਦੁਕਾਨਦਾਰਾਂ ਅਤੇ ਹੋਟਲ ਮਾਲਕਾਂ ਨੂੰ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਕਰਵਾਉਣ ਦੀ ਵੀ ਸਖਤ ਤਾੜਨਾ ਕੀਤੀ। ਤਿਉਹਾਰਾਂ ਦੇ ਮੱਦੇਨਜ਼ਰ ਮਿਲਾਵਟੀ ਮਠਿਆਈਆਂ ਤੇ ਹੋਰ ਖਾਧ ਸਮੱਗਰੀ ਨੂੰ ਲੈ ਕੇ ਸਿਹਤ ਵਿਭਾਗ ਦੀਆਂ ਚੌਕਸੀ ਟੀਮਾਂ ਪੂਰੀ ਤਰ੍ਹਾਂ ਮੁਸਤੈਦ ਹਨ ਅਤੇ ਅਚਨਚੇਤ ਛਾਪੇਮਾਰੀ ਵੀ ਕੀਤੀ ਜਾਵੇਗੀ।