ਅਧਿਆਪਕ ਵੱਲੋਂ ਵਿਦਿਆਰਥੀ ਦੀ ਕੁੱਟ-ਮਾਰ
Wednesday, Jul 25, 2018 - 12:53 AM (IST)

ਕਾਹਨੂੰਵਾਨ/ਗੁਰਦਾਸਪੁਰ, (ਵਿਨੋਦ)- ਤੁਗਲਵਾਲ ’ਚ ਰਿਆਡ਼ਕੀ ਕਾਲਜ ਅਧੀਨ ਚੱਲਦੇ ਸਕੂਲ ’ਚ ਇਕ ਅਧਿਆਪਕ ਵੱਲੋਂ 9ਵੀਂ ਜਮਾਤ ਦੇ ਵਿਦਿਆਰਥੀ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ®ਜ਼ੇਰੇ ਇਲਾਜ ਪੀਡ਼ਤ ਵਿਦਿਆਰਥੀ ਹਰਪ੍ਰੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਦਤਾਰਪੁਰ ਨੇ ਦੱਸਿਆ ਕਿ ਬੀਤੇ ਵੀਰਵਾਰ ਵਾਲੇ ਦਿਨ ਜਦੋਂ ਉਹ ਆਪਣੇ ਸਾਥੀ ਵਿਦਿਆਰਥੀ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦਾ ਵਿਰੋਧ ਕਰ ਰਿਹਾ ਸੀ ਤਾਂ ਜਮਾਤ ਵਿਚ ਹਾਜ਼ਰ ਅਧਿਆਪਕ ਨੇ ਬਿਨਾਂ ਕੋਈ ਉਸ ਦਾ ਪੱਖ ਜਾਣੇ ਉਸ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਮੁਆਫ਼ੀ ਮੰਗਣ ਉੱਤੇ ਵੀ ਉਸ ਦੀ ਮਾਰਕੁਟਾਈ ਜਾਰੀ ਰੱਖੀ। ਆਖ਼ਿਰ ਉਹ ਮਾਰ ਦੀ ਪੀਡ਼ ਨਾਲ ਜ਼ਮੀਨ ਉੱਤੇ ਡਿੱਗ ਗਿਆ। ਘਰ ਪਹੁੰਚਣ ਤੋਂ ਬਾਅਦ ਉਸ ਨੇ ਆਪਣੇ ਮਾਪਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਪੀਡ਼ਤ ਵਿਦਿਆਰਥੀ ਦੇ ਪਿਤਾ ਮੁਖ਼ਤਿਆਰ ਸਿੰਘ ਤੇ ਮਾਤਾ ਸੁਖਵਿੰਦਰ ਕੌਰ ਵੱਲੋਂ ਬੱਚੇ ਦੀ ਅਜਿਹੀ ਹਾਲਤ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੂੰ ਮਿਲਣਾ ਚਾਹਿਆ ਤਾਂ ਕਾਲਜ ਦੇ ਮੁੱਖ ਗੇਟ ਉੱਤੇ ਬੈਠੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਉਪਰੰਤ ਪ੍ਰਿੰਸੀਪਲ ਨੇ ਵੀ ਉਨ੍ਹਾਂ ਨਾਲ ਬਹੁਤ ਘਟੀਆ ਸਲੂਕ ਕੀਤਾ ਅਤੇ ਇਸ ਘਟਨਾ ਨੂੰ ਰਫਾ-ਦਫ਼ਾ ਕਰਨ ਲਈ ਉਨ੍ਹਾਂ ’ਤੇ ਦਬਾਅ ਬਣਾਇਆ।
ਪੀਡ਼ਤ ਪਰਿਵਾਰ ਨੇ ਸਿਹਤ ਵਿਭਾਗ ’ਤੇ ਵੀ ਦੋਸ਼ ਲਾਇਆ ਕਿ ਉਨ੍ਹਾਂ ਨੂੰ ਆਪਣੇ ਬੱਚੇ ਦੇ ਇਲਾਜ ਲਈ ਵੱਖ-ਵੱਖ ਸਿਹਤ ਕੇਂਦਰਾਂ ਵਿਚ ਖੱਜਲ-ਖ਼ੁਆਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਬੱਚੇ ਦੇ ਗੋਡੇ ’ਤੇ ਲੱਗੀ ਸੱਟ ਗੰਭੀਰ ਹੋਣ ਕਾਰਨ ਡਾਕਟਰਾਂ ਵੱਲੋਂ ਅੰਡਰ ਐਕਸਰੇ ਰੱਖਿਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਬੱਚੇ ਦੇ ਇਲਾਜ ਦੌਰਾਨ ਕੁੱਟ-ਮਾਰ ਕਰਨ ਵਾਲਾ ਅਧਿਆਪਕ ਜਾਂ ਸਕੂਲ ਪ੍ਰਿੰਸੀਪਲ ਸਮੇਤ ਕੋਈ ਵੀ ਪ੍ਰਬੰਧਕ ਬੱਚੇ ਦਾ ਹਾਲ ਜਾਣਨ ਲਈ ਨਹੀਂ ਪਹੁੰਚਿਆ। ਪੀਡ਼ਤ ਪਰਿਵਾਰ ਨੇ ਮੰਗ ਕੀਤੀ ਕਿ ਬੱਚੇ ਦੀ ਕੁੱਟ-ਮਾਰ ਕਰਨ ਵਾਲੇ ਅਧਿਆਪਕ ਅਤੇ ਪ੍ਰਿੰਸੀਪਲ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਅਧਿਆਪਕ ਨੂੰ ਸਕੂਲ ਵਿਚੋਂ ਕੱਢ ਦਿੱਤਾ ਗਿਐ : ਪ੍ਰਿੰਸੀਪਲ
ਇਸ ਸਬੰਧੀ ਜਦੋਂ ਕਾਲਜ ਦੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇੰਨਾ ਕਹਿੰਦੇ ਹੋਏ ਪੱਲਾ ਝਾਡ਼ ਲਿਆ ਕਿ ਉਨ੍ਹਾਂ ਵੱਲੋਂ ਦੋਸ਼ੀ ਅਧਿਆਪਕ ਨੂੰ ਸਕੂਲ ਵਿਚੋਂ ਕੱਢ ਦਿੱਤਾ ਗਿਆ ਹੈ।
ਮਸਲਾ ਹੱਲ ਨਾ ਹੋਇਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ : ਚੌਕੀ ਇੰਚਾਰਜ
ਚੌਕੀ ਇੰਚਾਰਜ ਮੇਜਰ ਸਿੰਘ ਨੇ ਕਿਹਾ ਕਿ ਬੱਚੇ ਦੀ ਕੁੱਟ-ਮਾਰ ਦੇ ਸਬੰਧ ਵਿਚ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਮਿਲੀ ਹੈ ਅਤੇ ਦੋਵਾਂ ਧਿਰਾਂ ਨੂੰ ਮਸਲੇ ਦੇ ਹੱਲ ਲਈ ਬੁਲਾਇਆ ਗਿਆ ਹੈ। ਜੇਕਰ ਮਿਲ ਬੈਠ ਕੇ ਮਸਲਾ ਹੱਲ ਨਾ ਹੋਇਆ ਤਾਂ ਬੱਚੇ ਦੇ ਬਿਆਨਾਂ ਦੇ ਆਧਾਰ ਉੱਤੇ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।