...ਜਦੋਂ ਭੁੱਖੇ ਰਹਿਣ ਲੱਗ ਪਏ ਨਿਆਣੇ ਤਾਂ ਮਾਸਟਰ ਵੇਚਣ ਲੱਗ ਪਿਆ ਹਦਵਾਣੇ

Monday, Jun 12, 2017 - 12:59 PM (IST)

...ਜਦੋਂ ਭੁੱਖੇ ਰਹਿਣ ਲੱਗ ਪਏ ਨਿਆਣੇ ਤਾਂ ਮਾਸਟਰ ਵੇਚਣ ਲੱਗ ਪਿਆ ਹਦਵਾਣੇ

ਮੋਗਾ(ਪਵਨ ਗਰੋਵਰ, ਸੰਦੀਪ, ਗੋਪੀ ਰਾਊਕੇ)— ਇਕ ਪਾਸੇ ਜਿੱਥੇ ਗਰਮੀਆਂ ਦੀਆਂ ਛੁੱਟੀਆਂ ਕਰਕੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬਹੁਤੇ ਅਧਿਆਪਕ ਠੰਡੀਆਂ ਵਾਦੀਆਂ ਦਾ ਆਨੰਦ ਮਾਣਨ 'ਚ ਮਸ਼ਰੂਫ ਹਨ, ਉਥੇ ਹੀ ਦੂਜੇ ਪਾਸੇ ਸਰਕਾਰੀ ਸਕੂਲਾਂ 'ਚ ਬਹੁਤ ਹੀ ਘੱਟ ਤਨਖਾਹ 'ਤੇ ਕੰਮ ਕਰਨ ਵਾਲੇ ਸਿੱਖਿਆ ਪ੍ਰੋਵਾਈਡਰਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਇਸ ਕੈਟਾਗਰੀ ਅਧੀਨ ਆਉਂਦੇ ਅਧਿਆਪਕਾਂ ਦਾ ਹੁਣ ਆਪਣਾ ਘਰੇਲੂ 'ਤਾਣਾ-ਬਾਣਾ' ਵੀ ਉਲਝਣ ਲੱਗ ਪਿਆ ਹੈ। ਸਿਤਮ ਇਹ ਹੈ ਕਿ ਤਨਖਾਹ ਨਾ ਮਿਲਣ ਕਾਰਨ ਚਿੰਤਤ ਇਕ ਸਿੱਖਿਆ ਪ੍ਰੋਵਾਈਡਰ ਅਧਿਆਪਕ ਰਾਮ ਅਵਤਾਰ ਨੇ ਹੁਣ ਮੋਗਾ ਸ਼ਹਿਰ ਦੇ ਕੋਟਕਪੂਰਾ ਰੋਡ 'ਤੇ ਪੈਂਦੇ ਸਿੰਘਾਂਵਾਲਾ ਵਿਖੇ 'ਹਦਵਾਣੇ' ਵੇਚਣ ਲਈ ਆਖਿਰਕਾਰ ਰੇਹੜੀ ਲਗਾ ਲਈ ਹੈ ਤਾਂ ਜੋ ਪਰਿਵਾਰ ਨੂੰ ਪਾਲਣ ਲਈ ਜ਼ਰੂਰੀ ਪੈਸਿਆਂ ਦਾ ਰੋਜ਼ਾਨਾ ਦੀ ਕਮਾਈ ਨਾਲ ਜੁਗਾੜ ਹੋ ਸਕੇ। 'ਜਗ ਬਾਣੀ' ਵੱਲੋਂ ਇਸ ਸੰਬੰਧੀ ਇਕੱਤਰ ਕੀਤੀ ਗਈ ਵਿਸ਼ੇਸ਼ ਰਿਪੋਰਟ ਅਨੁਸਾਰ 2005-06 ਦੌਰਾਨ ਸਰਕਾਰ ਵੱਲੋਂ ਸਿੱਖਿਆ ਪ੍ਰੋਵਾਈਡਰ ਅਧਿਆਪਕ ਭਰਤੀ ਕੀਤੇ ਸਨ, ਜਿਨ੍ਹਾਂ 'ਚੋਂ ਬੀ. ਐੱਡ. ਅਧਿਆਪਕਾਂ ਨੂੰ 8500 ਅਤੇ ਐੱਮ. ਏ. ਬੀ. ਐੱਡ. ਅਧਿਆਪਕਾਂ ਨੂੰ ਉੱਕਾ-ਪੁੱਕਾ 10 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਂਦੀ ਹੈ। ਆਪਣੀ ਤਾਇਨਾਤੀ ਸਮੇਂ ਤੋਂ ਹੀ ਸੰਘਰਸ਼ ਦੇ ਮੈਦਾਨ ਮੱਲੀ ਬੈਠੇ ਇਨ੍ਹਾਂ ਅਧਿਆਪਕਾਂ ਨੇ ਪਹਿਲਾਂ ਹੀ ਆਪਣੀਆਂ ਸੇਵਾਵਾਂ ਪੱਕੀਆਂ ਕਰਵਾਉਣ ਲਈ ਵੱਡਾ ਸੰਘਰਸ਼ ਕੀਤਾ ਹੈ ਅਤੇ ਹੁਣ ਇਹ ਅਧਿਆਪਕ ਤਨਖਾਹ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਹਨ। 
ਦੁਕਾਨਦਾਰਾਂ ਨੇ ਘਰੇਲੂ ਰਾਸ਼ਨ ਦੇਣ ਤੋਂ ਕੀਤਾ ਇਨਕਾਰ
ਅਧਿਆਪਕ ਰਾਮ ਅਵਤਾਰ ਨੇ ਦੱਸਿਆ ਕਿ ਉਹ ਪਿੰਡ ਦੱਦਾਹੂਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬਤੌਰ ਸਿੱਖਿਆ ਪ੍ਰੋਵਾਈਡਰ ਅਧਿਆਪਕ ਦੇ ਤੌਰ 'ਤੇ ਤਾਇਨਾਤ ਹੈ ਅਤੇ ਹੁਣ ਪਿਛਲੇ 6 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਦੁਕਾਨਦਾਰ ਉਸ ਨੂੰ ਘਰੇਲੂ ਰਾਸ਼ਨ ਦੇਣ ਤੋਂ ਵੀ ਇਨਕਾਰ ਕਰਨ ਲੱਗੇ ਹਨ, ਜਿਸ ਕਰ ਕੇ ਉਸ ਦੀ ਪਤਨੀ, ਦੋ ਬੱਚਿਆਂ ਅਤੇ ਮਾਤਾ ਦਾ ਪੇਟ ਭਰਨ ਲਈ ਕੋਈ ਰਾਸ਼ਨ ਘਰ 'ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਤਨਖਾਹ ਮਿਲਣ ਦਾ ਅਜੇ ਤੱਕ ਕੋਈ ਪੱਕਾ ਪਤਾ ਨਾ ਲੱਗਣ ਕਾਰਨ ਉਸ ਨੇ ਉਧਾਰ ਪੈਸੇ ਲੈ ਕੇ ਰੇਹੜੀ ਲਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ ਯੂਨੀਅਨ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਹੁਣ ਮੌਜੂਦਾ ਕੈਪਟਨ ਸਰਕਾਰ ਨੇ ਤਾਂ ਅਧਿਆਪਕਾਂ ਦੀਆਂ ਤਨਖਾਹਾਂ ਹੀ ਰੋਕ ਲਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਪ੍ਰੋਵਾਈਡਰਾਂ ਨੂੰ ਤਨਖਾਹ ਜਲਦ ਜਾਰੀ ਕੀਤੀ ਜਾਵੇ। 
ਕੀ ਕਹਿਣਾ ਹੈ ਜ਼ਿਲਾ ਸਿੱਖਿਆ ਅਫਸਰ ਦਾ
ਇਸ ਸੰਬੰਧੀ ਜਦੋਂ ਡੀ. ਈ. ਓ. ਗੁਰਦਰਸ਼ਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਖਜ਼ਾਨੇ ਦੀ ਤੰਗੀ ਕਾਰਨ ਤਿੰਨ-ਤਿੰਨ ਮਹੀਨੇ ਤਾਂ ਰੈਗੂਲਰ ਅਧਿਆਪਕਾਂ ਨੂੰ ਤਨਖਾਹ ਨਹੀਂ ਮਿਲਦੀ। ਉਨ੍ਹਾਂ ਮੰਨਿਆ ਕਿ ਸਿੱਖਿਆ ਪ੍ਰੋਵਾਈਡਰਾਂ ਨੂੰ ਕਾਫੀ ਸਮੇਂ ਤੋਂ ਤਨਖਾਹ ਮਿਲੀ ਨੂੰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਤਨਖਾਹ ਸਰਕਾਰ ਅਤੇ ਸੈਂਟਰ ਵੱਲੋਂ ਮਿਲਣੀ ਹੈ ਅਤੇ ਜ਼ਿਲਾ ਸਿੱਖਿਆ ਦਫਤਰ ਦਾ ਇਸ ਮਾਮਲੇ 'ਚ ਕੋਈ ਸਾਰੋਕਾਰ ਨਹੀਂ ਹੈ।


Related News