ਰਜਿਸਟਰੀਆਂ ਕਰਾਉਣ ਵਾਲਿਆਂ ਨੂੰ ਪਿਆ ਨਵਾਂ ਪੰਗਾ, ਖਰੜ ਤਹਿਸੀਲ ਦਫ਼ਤਰ ''ਚ...
Saturday, Apr 11, 2026 - 12:44 PM (IST)
ਖਰੜ (ਅਮਰਦੀਪ) : ਖਰੜ ਤਹਿਸੀਲ ਦਫ਼ਤਰ ਵਿਖੇ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਖਰੜ ਤਹਿਸੀਲ ਦਫ਼ਤਰ ਵੱਡੀ ਅਤੇ ਸੁਵਿਧਾਜਨਕ ਇਮਾਰਤ ਵਜੋਂ ਬਣਿਆ ਹੋਇਆ ਹੈ ਪਰ ਇਸ ਵੇਲੇ ਇੱਥੇ ਰਜਿਸਟਰੀਆਂ ਦਾ ਕੰਮਕਾਜ ਨਹੀਂ ਹੋ ਰਿਹਾ। ਇਸ ਦੀ ਬਜਾਏ ਐੱਸ. ਡੀ. ਐੱਮ. ਦਫਤਰ ਦੇ ਨਾਲ ਬਣੇ ਦੋ ਛੋਟੇ ਕਮਰਿਆਂ 'ਚ ਹੀ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਜਗ੍ਹਾ ਦੀ ਘਾਟ ਹੋਣ ਨਾਲ ਲੋਕਾਂ ਨੂੰ ਭਾਰੀ ਭੀੜ-ਭੜੱਕੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਕੇ 'ਤੇ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਥੋੜ੍ਹੀ ਜਗ੍ਹਾ ਹੋਣ ਕਰਕੇ ਪਬਲਿਕ ਦੇ ਮੋਢੇ ਨਾਲ ਮੋਢੇ ਵੱਜ ਰਹੇ ਹਨ। ਖ਼ਾਸ ਕਰਕੇ ਔਰਤਾਂ ਨੂੰ ਵੱਡੀ ਮੁਸ਼ਕਲ ਪੇਸ਼ ਆ ਰਹੀ ਹੈ। ਲੋਕਾਂ ਨੇ ਦੱਸਿਆ ਕਿ ਪਹਿਲਾਂ ਤਹਿਸੀਲ ਦਫ਼ਤਰ 'ਚ ਹੀ ਰਜਿਸਟਰੀਆਂ ਹੁੰਦੀਆਂ ਸਨ, ਜਿੱਥੇ ਬੈਠਣ ਲਈ ਪੂਰੇ ਪ੍ਰਬੰਧ ਅਤੇ ਖੁੱਲ੍ਹੀ ਜਗ੍ਹਾ ਹੋਣ ਕਾਰਨ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਸੀ ਆਉਂਦੀ।
ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਾਰੇ ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਹੈਰਾਨੀ ਦੀ ਗੱਲ ਇਹ ਹੈ ਕਿ ਤਹਿਸੀਲ ਦਫ਼ਤਰ ਦੇ ਕਮਰੇ ਇਸ ਵੇਲੇ ਵੀ ਖ਼ਾਲੀ ਪਏ ਹਨ, ਪਰ ਫਿਰ ਵੀ ਉੱਥੇ ਰਜਿਸਟਰੀਆਂ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ। ਪ੍ਰਸ਼ਾਸਨ ਵੱਲੋਂ ਇਸ ਮਾਮਲੇ 'ਤੇ ਧਿਆਨ ਨਾ ਦੇਣ ਕਾਰਨ ਲੋਕਾਂ 'ਚ ਨਾਰਾਜ਼ਗੀ ਵੱਧ ਰਹੀ ਹੈ। ਇਸ ਸਬੰਧੀ ਭਾਜਪਾ ਆਗੂ ਅਮਰੀਕ ਸਿੰਘ ਹੈਪੀ ਅਤੇ ਸਮਾਜਸੇਵੀ ਆਗੂ ਮਨੀਸ਼ ਟਾਂਕ ਨੇ ਮੰਗ ਕੀਤੀ ਹੈ ਕਿ ਲੋਕਾਂ ਦੀ ਸਮੱਸਿਆ ਨੂੰ ਧਿਆਨ 'ਚ ਰੱਖਦਿਆਂ ਤੁਰੰਤ ਤਹਿਸੀਲ ਦਫ਼ਤਰ 'ਚ ਮੁੜ ਰਜਿਸਟਰੀਆਂ ਦਾ ਕੰਮਕਾਜ ਸ਼ੁਰੂ ਕੀਤਾ ਜਾਵੇ।
ਇਹ ਵੀ ਪੜ੍ਹੋ : ਸਰਕਾਰੀ ਛੁੱਟੀ ਦਾ ਹੋਇਆ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ, ਚੰਡੀਗੜ੍ਹ ਪ੍ਰਸ਼ਾਸਨ ਵਲੋਂ...
ਉਨ੍ਹਾਂ ਕਿਹਾ ਕਿ ਇਸ ਨਾਲ ਭੀੜ ਘੱਟ ਹੋਵੇਗੀ ਅਤੇ ਖ਼ਾਸ ਕਰਕੇ ਔਰਤਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲੇਗੀ। ਐੱਸ. ਡੀ. ਐੱਮ. ਦਫਤਰ ਦਾ ਅੱਧਾ ਹਿੱਸਾ ਬੰਦ ਹੋਣ ਕਾਰਨ ਦਫ਼ਤਰ ਅੰਦਰ ਭੀੜ-ਭੜੱਕਾ ਲਗਾਤਾਰ ਵੱਧ ਰਿਹਾ ਹੈ, ਜਿਸ ਨਾਲ ਆਮ ਲੋਕਾਂ ਦੇ ਨਾਲ ਨਾਲ ਦਫ਼ਤਰੀ ਮੁਲਾਜ਼ਮਾਂ ਨੂੰ ਵੀ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਲੋਕਾਂ ਦੀਆਂ ਐੱਸ. ਡੀ. ਐੱਮ. ਦੀ ਅਦਾਲਤ 'ਚ ਪੇਸ਼ੀਆਂ ਹੁੰਦੀਆਂ ਹਨ, ਉਨ੍ਹਾਂ ਦੀ ਵੱਡੀ ਗਿਣਤੀ ਹਰ ਰੋਜ਼ ਦਫ਼ਤਰ ਪਹੁੰਚਦੀ ਹੈ ਪਰ ਦਫ਼ਤਰ ਦਾ ਅੱਧਾ ਹਿੱਸਾ ਬੰਦ ਹੋਣ ਕਾਰਨ ਉਪਲੱਬਧ ਜਗ੍ਹਾ ਘੱਟ ਰਹਿ ਗਈ ਹੈ। ਇਸ ਸਥਿਤੀ ਕਾਰਨ ਨਾ ਸਿਰਫ਼ ਪਬਲਿਕ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ, ਸਗੋਂ ਦਫ਼ਤਰ ਦੇ ਕਰਮਚਾਰੀਆਂ ਨੂੰ ਵੀ ਕੰਮਕਾਜ ਕਰਨ ਵਿੱਚ ਦਿੱਕਤਾਂ ਆ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
