ਚੋਣਾਂ ਕਰਕੇ ਕੈਪਟਨ ਨੇ ਅਧਿਆਪਕਾਂ ਨੂੰ ਲਾਇਆ ਲਾਰਾ : ਖਹਿਰਾ
Wednesday, Mar 06, 2019 - 05:54 PM (IST)

ਭੁਲੱਥ (ਰਜਿੰਦਰ ਕੁਮਾਰ) : ਪੰਜਾਬ ਏਕਤਾ ਪਾਰਟੀ ਦੇ ਲੀਡਰ ਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਵਲੋਂ 5178 ਅਧਿਆਪਕਾਂ ਨੂੰ ਪਹਿਲੀ ਅਕਤੂਬਰ 2019 ਤੋਂ ਰੈਗੂਲਰ ਕਰਨ ਦੀ ਫੈਸਲਾ ਸਿਰਫ ਇਕ ਲਾਰਾ ਹੈ। ਖਹਿਰਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਜਿਸ ਕਰਕੇ ਕੈਪਟਨ ਸਰਕਾਰ ਨੇ ਅਧਿਆਪਕਾਂ ਨਾਲ ਇਹ ਲਾਰਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪੜ੍ਹੇ ਲਿਖੇ ਵਰਗ ਨੂੰ ਧਰਨੇ ਲਗਾਉਣੇ ਪੈ ਰਹੇ ਹਨ, ਸਰਕਾਰੀ ਹਸਪਤਾਲਾਂ ਦੀਆਂ ਛੱਤਾਂ ਅਤੇ ਟੈਂਕੀਆਂ ਤੋਂ ਛਾਲਾਂ ਮਾਰਨੀਆਂ ਪੈ ਰਹੀਆਂ ਹਨ। ਖਹਿਰਾ ਨੇ ਕਿਹਾ ਕਿ ਸਰਕਾਰ ਨੂੰ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰਨਾ ਚਾਹੀਦਾ ਹੈ।
ਖਹਿਰਾ ਨੇ ਕਿਹਾ ਕਿ ਅੱਜ ਉਨ੍ਹਾਂ ਹਲਕਾ ਭੁਲੱਥ ਦੇ ਕੇਡਰ ਨਾਲ ਮੀਟਿੰਗ ਕੀਤੀ ਹੈ ਕਿਉਂਕਿ ਭੁਲੱਥ ਹੁਸ਼ਿਆਰਪੁਰ ਲੋਕ ਸਭਾ ਹਲਕੇ ਅਧੀਨ ਆਉਂਦਾ ਹੈ ਤੇ ਬਸਪਾ ਨਾਲ ਸਾਡਾ ਗਠਜੋੜ ਹੋਣ ਜਾ ਰਿਹਾ ਹੈ। ਹੁਸ਼ਿਆਰਪੁਰ ਤੋਂ ਸਾਡੀ ਸਹਿਮਤੀ ਬਸਪਾ ਨਾਲ ਹੋਵੇਗੀ।