ਅਧਿਆਪਕ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਜੀਵਨ ਲੀਲਾ ਸਮਾਪਤ

Friday, Jul 27, 2018 - 03:38 AM (IST)

ਅਧਿਆਪਕ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਜੀਵਨ ਲੀਲਾ ਸਮਾਪਤ

ਮਲੋਟ, (ਜੁਨੇਜਾ, ਜੱਜ)- ਅੱਜ ਦੁਪਹਿਰ ਕਰੀਬ ਡੇਢ-ਦੋ ਵਜੇ ਮਲੋਟ ਹਲਕੇ ਦੇ ਪਿੰਡ ਘੱਗਾ ਨੇਡ਼ੇ ਇਕ ਅਧਿਆਪਕ ਵੱਲੋਂ ਆਪਣੇ ਹੀ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਪੁੱਤਰ ਰਘਬੀਰ ਸਿੰਘ ਆਪਣੇ ਹੀ ਪਿੰਡ ਝੌਰਡ਼ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਕਰੀਬ 8 ਸਾਲਾਂ ਤੋਂ ਈ. ਟੀ. ਟੀ. ਅਧਿਆਪਕ ਲੱਗਾ ਹੋਇਆ ਸੀ ਅਤੇ ਅੱਜਕਲ ਆਪਣੀ ਮਾਤਾ, ਪਤਨੀ ਅਤੇ ਇਕ ਬੇਟੇ ਨਾਲ  ਮਲੋਟ ਦੇ ਦਵਿੰਦਰਾ ਰੋਡ ’ਤੇ ਗੁਰੂ ਨਾਨਕ ਨਗਰੀ ਵਿਖੇ ਰਹਿ ਰਿਹਾ ਸੀ। ਅੱਜ ਉਹ ਸਕੂਲੋਂ ਛੁੱਟੀ ’ਤੇ ਸੀ। ਘਟਨਾ ਤੋਂ ਪਹਿਲਾਂ  ਰਾਹਗੀਰਾਂ ਨੇ ਉਸ ਦੀ ਕਾਲੇ ਰੰਗ ਦੀ ਕਾਰ (ਨੰਬਰ ਐੱਚ ਆਰ 26 ਏ ਪੀ 5570) ਮਲੋਟ ਤੋਂ ਪਿੰਡ ਘੱਗਾ ਜਾਣ ਵਾਲੀ ਸਡ਼ਕ ’ਤੇ ਵੇਖੀ, ਜਿਸ ਵਿਚ ਬੈਠਾ ਉਹ ਫੋਨ ’ਤੇ ਗੱਲ ਕਰ ਰਿਹਾ ਸੀ। ਥੋਡ਼੍ਹੀ ਦੇਰ ਬਾਅਦ ਕੁਝ ਸਕੂਲੀ ਵਿਦਿਆਰਥੀਆਂ ਨੇ ਵੇਖਿਆ ਕਿ ਕਾਰ ਵਿਚ ਉਸ ਦੀ ਲਾਸ਼ ਪਈ ਹੈ, ਜਿਸ ਦੀ ਸੂਚਨਾ ਪੁਲਸ ਨੂੰ ਦੇਣ ’ਤੇ ਐੱਸ. ਪੀ. ਡੀ. ਬਲਜੀਤ ਸਿੰਘ ਸਿੱਧੂ ਸਮੇਤ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਜਾਂਚ-ਪਡ਼ਤਾਲ ਸ਼ੁਰੂ ਕਰ ਦਿੱਤੀ।
ਪੁਲਸ ਨੇ ਵੇਖਿਆ ਕਿ ਡਰਾਈਵਿੰਗ ਸੀਟ ’ਤੇ ਉਸ ਦੀ ਲਾਸ਼ ਪਈ ਸੀ ਅਤੇ ਕੰਨਪੱਟੀ ’ਤੇ ਗੋਲੀ ਵੱਜੀ ਹੋਈ ਸੀ ਅਤੇ ਉਸ ਦਾ 32 ਬੋਰ ਦਾ ਲਾਇਸੈਂਸੀ ਰਿਵਾਲਵਰ ਕੋਲ ਸੀਟ ’ਤੇ ਪਿਆ ਸੀ। ਪੁਲਸ ਅਨੁਸਾਰ ਮਾਮਲਾ ਆਤਮ-ਹੱਤਿਆ ਦਾ ਹੈ ਅਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਮੌਕੇ ’ਤੇ ਪੁੱਜ ਗਈ ਹੈ ਅਤੇ ਗਿੱਦਡ਼ਬਾਹਾ ਪੁਲਸ ਜਾਂਚ ਕਰ ਰਹੀ ਹੈ। 


Related News